ਡੇਰਾ ਜਗਮਾਲਵਾਲੀ ਦੀ ਗੱਦੀ ਨੂੰ ਲੈ ਕੇ ਵਿਵਾਦ ਜਾਰੀ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 5 ਅਗਸਤ
ਇੱਥੋਂ ਨੇੜਲੇ ਪਿੰਡ ਜਗਮਾਲਵਾਲੀ ਦੇ ਡੇਰਾ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਦੇ ਮੁਖੀ ਸੰਤ ਬਹਾਦਰ ਚੰਦ ਦੇ ਦੇਹਾਂਤ ਤੋਂ ਬਾਅਦ ਡੇਰੇ ਦੀ ਗੱਦੀ ਬਾਰੇ ਵਿਵਾਦ ਜਾਰੀ ਹੈ। ਡੇਰਾ ਮੁਖੀ ਦੀ ਵਸੀਅਤ ਅਨੁਸਾਰ ਡੇਰੇ ਦਾ ਮੁਖੀ ਵਰਿੰਦਰ ਢਿੱਲੋਂ ਨੂੰ ਨਿਯੁਕਤ ਕੀਤਾ ਗਿਆ ਹੈ ਪਰ ਦੂਜੀ ਧਿਰ ਵੱਲੋਂ ਡੇਰੇ ਦੇ ਬਾਨੀ ਸੰਤ ਗੁਰਬਖਸ਼ ਸਿੰਘ ਦੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਡੇਰਾ ਮੁਖੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੰਤ ਬਹਾਦਰ ਚੰਦ ਦੇ 8 ਅਗਸਤ ਨੂੰ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਇਹ ਵਿਵਾਦ ਹੋਰ ਵਧ ਸਕਦਾ ਹੈ। ਇਸ ਦੌਰਾਨ ਸੰਤ ਬਹਾਦਰ ਚੰਦ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ। ਸੰਤ ਬਹਾਦਰ ਚੰਦ ਦੇ ਭਰਾ ਸ਼ੰਕਰ ਲਾਲ, ਬੇਟੇ ਓਮ ਪ੍ਰਕਾਸ਼ ਅਤੇ ਭਤੀਜੇ ਵਿਸ਼ਨੂੰ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਮਾਹੌਲ ਖ਼ਰਾਬ ਕਰ ਰਹੇ ਹਨ। ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਸੰਤ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਉਹ ਝੂਠ ਬੋਲ ਰਹੇ ਹਨ ਅਤੇ ਡੇਰੇ ਦੇ ਸ਼ਾਂਤਮਈ ਮਾਹੌਲ ਅਤੇ ਸਾਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਵਿਸ਼ਨੂੰ ਨੇ ਕਿਹਾ ਕਿ ਸੰਤ ਬਹਾਦਰ ਚੰਦ ਨੇ ਵਰਿੰਦਰ ਨੂੰ ਆਪਣਾ ਵਾਰਸ ਬਣਾਇਆ ਹੈ। ਵਰਿੰਦਰ 25 ਸਾਲਾਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਨਾਲ ਰਹੇ ਸਨ। ਦੂਜੇ ਪਾਸੇ ਵਰਿੰਦਰ ਢਿੱਲੋਂ ਦੇ ਵਿਰੋਧੀ ਧਿਰ ਦੇ ਲੋਕਾਂ ਨੇ ਡੇਰੇ ਵਿੱਚ ਹੀ ਮੀਟਿੰਗ ਕੀਤੀ ਜਿਸ ਵਿੱਚ 71 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਵਿੱਚ ਪਿੰਡਾਂ ਅਤੇ ਡੇਰੇ ਦੇ ਪੈਰੋਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਡੇਰੇ ਦੀ ਗੱਦੀ ਗੁਰਪ੍ਰੀਤ ਸਿੰਘ ਨੂੰ ਸੌਂਪਣ ਦਾ ਫ਼ੈਸਲਾ ਲਿਆ ਗਿਆ, ਜਿਸ ’ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਗੁਰਪ੍ਰੀਤ ਸਿੰਘ ਮੌਕੇ ’ਤੇ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਮੇਟੀ 8 ਅਗਸਤ ਨੂੰ ਸ਼ਰਧਾਂਜਲੀ ਸਮਾਗਮ ਤੱਕ ਡੇਰਾ ਚਲਾਏਗੀ ਅਤੇ ਉਸ ਤੋਂ ਬਾਅਦ ਡੇਰੇ ਦੇ ਮੁਖੀ ਗੁਰਪ੍ਰੀਤ ਸਿੰਘ ਹੋਣਗੇ।
ਇਸ ਸਬੰਧੀ ਅੱਜ ਕਈ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਉਨ੍ਹਾਂ ਦਾ ਇਸ ਫ਼ੈਸਲੇ ਨਾਲ ਕੋਈ ਸਬੰਧ ਨਹੀਂ। ਜੋ ਵੀ ਸਹੀ ਵਸੀਅਤ ਦਿਖਾਵੇਗਾ, ਉਹੀ ਡੇਰੇ ਦੀ ਗੱਦੀ ਸੰਭਾਲੇਗਾ।