ਪਿੰਡ ਕਲੇਰਾਂ ’ਚ ਜਾਅਲੀ ਵੋਟਾਂ ਪਾਉਣ ਦੇ ਦੋਸ਼ਾਂ ਤੋਂ ਵਿਵਾਦ ਭਖਿਆ
ਬੀਰਬਲ ਰਿਸ਼ੀ
ਸ਼ੇਰਪੁਰ, 15 ਅਕਤੂਬਰ
ਅੱਜ ਪਿੰਡ ਕਲੇਰਾਂ ਵਿੱਚ ਸਰਪੰਚੀ ਦੇ ਇੱਕ ਹੁਕਮਰਾਨ ਧਿਰ ਨਾਲ ਸਬੰਧਤ ਉਮੀਦਵਾਰ ਵੱਲੋਂ ਹੀ ਦੂਜੀ ਧਿਰ ’ਤੇ ਜਾਅਲੀ ਵੋਟਾਂ ਭੁਗਤਾਏ ਜਾਣ ਦੇ ਦੋਸ਼ ਲਗਾਉਣ ਮਗਰੋਂ ਉਕਤ ਚੋਣ ਵਿਵਾਦਾਂ ਵਿੱਚ ਘਿਰ ਗਈ।
ਇਸ ਘਟਨਾਕ੍ਰਮ ਦੌਰਾਨ ਜਿੱਥੇ ਪਿੰਡ ਦੋ ਧੜਿਆਂ ਵਿੱਚ ਵੰਡਿਆਂ ਨਜ਼ਰ ਆਇਆ, ਉੱਥੇ ਚੋਣ ਅਮਲਾ ਪ੍ਰੇਸ਼ਾਨੀ ਦੇ ਆਲਮ ਵਿੱਚ ਸੀ। ਪਿੰਡ ਕਲੇਰਾਂ ’ਚ ‘ਆਪ’ ਦੇ ਮੀਡੀਆ ਵਿੰਗ ਇੰਚਾਰਜ ਤੇ ਸਰਪੰਚੀ ਦੇ ਉਮੀਦਵਾਰ ਭਲਿੰਦਰ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਬਾਬਾ ਜਗਜੀਤ ਸਿੰਘ ਕਲੇਰਾਂ ਤੇ ਜਾਅਲੀ ਵੋਟਾਂ ਭੁਗਤਾਉਣ ਦੇ ਗੰਭੀਰ ਦੋਸ਼ ਲਗਾਏ। ਭਲਿੰਦਰ ਸਿੰਘ ਨੇ ਵੀਡੀਓਗ੍ਰਫੀ ਸਮੇਤ ਹੋਰ ਸਬੂਤਾਂ ਦਾ ਦਾਅਵਾ ਕਰਦਿਆਂ ਕਿਹਾ ਕਿ ਬਾਅਦ ਦੁਪਹਿਰ 3 ਵਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁਝ ਨਾਬਾਲਗਾਂ ਤੋਂ ਕਥਿਤ ਤੌਰ ’ਤੇ ਜਾਅਲੀ ਵੋਟਾਂ ਪਵਾਈਆਂ, ਜਿਨ੍ਹਾਂ ਵਿੱਚੋਂ ਦੋ ਦੀ ਸ਼ਨਾਖਤ ਕਰ ਲਈ ਗਈ ਹੈ ਜਦੋਂ ਕਿ ਇੱਕ ਭੱਜਣ ਦੇ ਵਿੱਚ ਸਫਲ ਹੋ ਗਿਆ।
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਓਐੱਸਡੀ ਰਹੇ ਓਂਕਾਰ ਸਿੰਘ ਦੇ ਧੜੇ ਵਿੱਚ ਹੋਣ ਕਾਰਨ ਕੁੱਝ ‘ਆਪ’ ਆਗੂ ਹੀ ਉਸਦਾ ਵਿਰੋਧ ਕਰਦਿਆਂ ਕਾਗਜ਼ ਭਰੇ ਜਾਣ ਮੌਕੇ ਬਾਬਾ ਜੀ ਨੂੰ ਸਿਆਸੀ ਥਾਪੜਾ ਦੇ ਕੇ ਗਏ ਸਨ। ਉਧਰ ਬਾਬਾ ਜਗਜੀਤ ਸਿੰਘ ਕਲੇਰਾਂ ਅਤੇ ਉਸਦੇ ਸਮਰਥਕਾਂ ਨੇ ਕਿਹਾ ਕਿ ਵਿਰੋਧੀ ਉਮੀਦਵਾਰ ਵੱਲੋਂ ਸਾਹਮਣੇ ਹਾਰ ਵੇਖਦਿਆਂ ਸਾਰੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਕਿਉਂਕਿ ਜਿਹੜੇ ਛੋਟੇ ਬੱਚਿਆਂ ਦਾ ਝੂਠਾ ਨਾਮ ਰੱਖ ਰਿਹਾ ਹੈ ਉਨ੍ਹਾਂ ’ਚੋਂ ਇੱਕ ਉਸਦੇ ਆਪਣੇ ਪੋਲਿੰਗ ਏਜੰਟ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕ ਫਤਵਾ ਕਬੂਲ ਕਰਦਿਆਂ ਵੋਟਾਂ ਦੀ ਗਿਣਤੀ ਕਰਵਾਉਣ ਤੋਂ ਪਹਿਲਾਂ ਹੀ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ। ਮੌਕੇ ’ਤੇ ਮੌਜੂਦ ਡੀਐੱਸਪੀ ਸੰਜੀਵ ਸਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੋਟਾਂ ਦੀ ਗਿਣਤੀ ਕਰਵਾਉਣ ਲਈ ਉਹ ਭਲਿੰਦਰ ਸਿੰਘ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਗਿਣਤੀ ਸ਼ੁਰੂ ਨਹੀਂ ਹੋਈ ਸੀ। ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਦੋਸ਼ ਨਕਾਰਦਿਆਂ ਦੱਸਿਆ ਕਿ ਚਾਰ ਵਜੇ ਤੱਕ ਸਬੰਧਤ ਉਮੀਦਵਾਰ ਦੇ ਸਾਰੇ ਪੋਲਿੰਗ ਏਜੰਟ ਮੌਕੇ ’ਤੇ ਹਾਜ਼ਰ ਸਨ ਪਰ ਬਾਅਦ ਵਿੱਚ ਉਸ ਨੇ ਜਾਅਲੀ ਵੋਟਾਂ ਪੈਣ ਦਾ ਦਾਅਵਾ ਕਰਨਾ ਸ਼ੁਰੂ ਕੀਤਾ। ਉਨ੍ਹਾਂ ਗਿਣਤੀ ਰੋਕਣ ਦੇ ਦਾਅਵੇ ਨੂੰ ਝੁਠਲਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਚੋਣ ਅਮਲੇ ਵੱਲੋਂ ਕੁਝ ਲਿਖਤੀ ਆਉਣ ’ਤੇ ਹੀ ਅਗਲਾ ਫੈਸਲਾ ਲਿਆ ਜਾਵੇਗਾ।