ਯੂਕੇ ਦੀ ਸੰਸਦ ਵੱਲੋਂ ਵਿਵਾਦਤ ਪਰਵਾਸੀ ਬਿੱਲ ਪਾਸ
ਲੰਡਨ, 18 ਜੁਲਾਈ
ਇੰਗਲੈਂਡ ਦੀ ਸੰਸਦ ਵੱਲੋਂ ਗੈਰ-ਕਾਨੂੰਨੀ ਪਰਵਾਸ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਤਿਆਰ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਇੱਥੇ ਇੱਕ ਵੱਡਾ ਬੇੜਾ ਪੁੱਜ ਗਿਆ, ਜਿਸ ਵਿੱਚ ਲਗਪਗ ਪੰਜ ਸੌ ਸ਼ਰਨਾਰਥੀ ਰੱਖਣ ਦੀ ਸਮਰੱਥਾ ਹੈ। ‘ਹਾਊਸ ਆਫ਼ ਲਾਰਡਜ਼’ ਵਿੱਚ ਸਾਰੇ ਅੜਿੱਕੇ ਪਾਰ ਕਰਦਿਆਂ ਸਰਕਾਰ ਦਾ ਇਹ ਵਿਵਾਦਤ ਕਾਨੂੰਨ ਪਾਸ ਹੋ ਗਿਆ ਜਿਸ ਮਗਰੋਂ ‘ਬਬਿੀ ਸਟੌਕਹੌਮ’ ਨਾਮੀਂ ਇਸ ਵੱਡੇ ਬੇੜੇ ਨੂੰ ਪੋਰਟਲੈਂਡ ਵਿੱਚ ਰੋਕ ਲਿਆ ਗਿਆ। ਦਰਅਸਲ, ਛੋਟੇ-ਛੋਟੇ ਬੇੜਿਆਂ ਰਾਹੀਂ ਜੋਖ਼ਮ ਭਰੇ ਇੰਗਲਿਸ਼ ਚੈਨਲ ਨੂੰ ਪਾਰ ਕਰ ਕੇ ਆਉਣ ਵਾਲੇ ਪਰਵਾਸੀਆਂ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਰਣਨੀਤੀ ’ਚ ਬੇੜਾ ਅਤੇ ਬਿੱਲ ਦੋਵੇਂ ਅਹਿਮ ਹਿੱਸਾ ਹਨ। ਇਸ ਬਿੱਲ ਦਾ ਮਕਸਦ ਪਰਵਾਸੀਆਂ ਵੱਲੋਂ ਕੀਤੇ ਜਾ ਰਹੇ ਜ਼ੋਖ਼ਮ ਭਰੇ ਸਫ਼ਰ ਰੋਕਣ ਤੇ ਉਨ੍ਹਾਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਯੂਕੇ ਆਉਣ ਮਗਰੋਂ ਸ਼ਰਨ ਦੀ ਮੰਗ ਰੋਕਣ ’ਚ ਸਹਾਈ ਹੋਵੇਗਾ। ਇਸ ਕਾਨੂੰਨ ਤਹਿਤ ਫੜੇ ਜਾਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਮੁਲਕ ਜਾਂ ਕਿਸੇ ਹੋਰ ਸੁਰੱਖਿਅਤ ਮੁਲਕ ਭੇਜ ਦਿੱਤਾ ਜਾਵੇਗਾ ਤੇ ਯੂਕੇ ਵਿੱਚ ਮੁੜ ਕਦੇ ਵੀ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿੱਤੀ ਜਾਵੇਗੀ। -ਏਪੀ