For the best experience, open
https://m.punjabitribuneonline.com
on your mobile browser.
Advertisement

ਵਿਵਾਦਤ ਭਾਜਪਾ ਆਗੂ ਪਾਰਟੀ ’ਚੋਂ ਕੱਢਿਆ

06:46 AM Nov 06, 2023 IST
ਵਿਵਾਦਤ ਭਾਜਪਾ ਆਗੂ ਪਾਰਟੀ ’ਚੋਂ ਕੱਢਿਆ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 5 ਨਵੰਬਰ
ਰਾਜਸਥਾਨ ਦੇ ਤਜਿਾਰਾ ’ਚ ਭਾਜਪਾ ਦੀ ਚੋਣ ਰੈਲੀ ਦੌਰਾਨ ਸੰਦੀਪ ਦਾਇਮਾ ਵੱਲੋਂ ਗੁਰਦੁਆਰਿਆਂ ਨੂੰ ਲੈ ਕੇ ਕੀਤੀ ਗਈ ਭੜਕਾਊ ਟਿੱਪਣੀ ’ਤੇ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਇਹ ਕਾਰਵਾਈ ਉਦੋਂ ਹੋਈ ਹੈ ਜਦੋਂ ਪੰਜਾਬ ਭਾਜਪਾ ਦੇ ਆਗੂ ਉਸ ਖ਼ਿਲਾਫ਼ ਨਿੱਤਰ ਆਏ। ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਅੱਜ ਵਫ਼ਦ ਨੇ ਸੰਦੀਪ ਦਾਇਮਾ ਖ਼ਿਲਾਫ਼ ਚੰਡੀਗੜ੍ਹ ਦੇ ਥਾਣਾ ਸੈਕਟਰ-39 ਵਿੱਚ ਸ਼ਿਕਾਇਤ ਦਿੱਤੀ। ਇਸ ਮੌਕੇ ਪੰਜਾਬ ਭਾਜਪਾ ਓਬੀਸੀ ਮੋਰਚਾ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ, ਸਕੱਤਰ ਕੰਵਰ ਸਿੰਘ ਟੌਹੜਾ, ਬੁਲਾਰਾ ਪ੍ਰਤਿਪਾਲ ਸਿੰਘ ਬਲੀਏਵਾਲ ਅਤੇ ਐਡਵੋਕੇਟ ਹਰਨੀਤ ਸਿੰਘ ਵੀ ਹਾਜ਼ਰ ਸਨ। ਰਾਜਸਥਾਨ ਪ੍ਰਦੇਸ਼ ਅਨੁਸ਼ਾਸਨ ਕਮੇਟੀ ਦੇ ਪ੍ਰਧਾਨ ਓਂਕਾਰ ਸਿੰਘ ਲਖਾਵਤ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਸੰਦੀਪ ਦਾਇਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾਇਆ ਜਾਂਦਾ ਹੈ। ਜੈ ਇੰਦਰ ਕੌਰ ਨੇ ਪਾਰਟੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਦਾਇਮਾ ਦੀ ਟਿੱਪਣੀ ਸਵੀਕਾਰ ਨਹੀਂ ਕੀਤੀ ਜਾ ਸਕਦੀ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਇਮਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

Advertisement

ਚੰਡੀਗੜ੍ਹ ਦੇ ਥਾਣਾ ਸੈਕਟਰ-39 ਵਿੱਚ ਪੁਲੀਸ ਨੂੰ ਸ਼ਿਕਾਇਤ ਦਿੰਦੇ ਹੋਏ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਤੇ ਹੋਰ ਭਾਜਪਾ ਆਗੂ।

ਇਸ ਤੋਂ ਪਹਿਲਾਂ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਸੰਦੀਪ ਦਾਇਮਾ ਵੱਲੋਂ ਗੁਰਦੁਆਰਿਆਂ ਅਤੇ ਮਸਜਿਦਾਂ ਵਿਰੁੱਧ ਕੀਤੀ ਗਈ ਨਫ਼ਰਤ ਭਰੀ ਟਿੱਪਣੀ ਨੇ ਸਾਰਿਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਿਰਫ਼ ਮੁਆਫ਼ੀ ਮੰਗਣ ਨਾਲ ਹੀ ਉਸ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ ਹੈ।’’ ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਅਜਿਹੀ ਟਿੱਪਣੀ ਕਰਨ ਵਾਲੇ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਉਹ ਪਹਿਲਾਂ ਹੀ ਸੰਦੀਪ ਦਾਇਮਾ ਖ਼ਿਲਾਫ਼ ਕੇਂਦਰੀ ਲੀਡਰਸ਼ਿਪ ਨੂੰ ਸ਼ਿਕਾਇਤ ਦੇ ਚੁੱਕੇ ਹਨ। ਜੈ ਇੰਦਰ ਕੌਰ ਨੇ ਕਿਹਾ ਕਿ ਸੰਦੀਪ ਦਾਇਮਾ ਨੇ ਜਾਣਬੁੱਝ ਕੇ ਦੇਸ਼ ਦੇ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਲਈ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਭਾਜਪਾ ਦੇ ਬੁਲਾਰੇ ਪ੍ਰਤਿਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੇ ਇਸ ਬਿਆਨ ਦਾ ਨੋਟਿਸ ਲਿਆ ਹੈ। ਬਾਅਦ ’ਚ ਜੈ ਇੰਦਰ ਕੌਰ ਨੇ ਸੰਦੀਪ ਦਾਇਮਾ ਨੂੰ ਪਾਰਟੀ ਵਿੱਚੋਂ ਕੱਢਣ ਲਈ ਭਾਜਪਾ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ। ਦੱਸਣਯੋਗ ਹੈ ਕਿ ਸੰਦੀਪ ਦਾਇਮਾ ਨੇ ਰਾਜਸਥਾਨ ਦੇ ਤਜਿਾਰਾ ’ਚ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਰੇਗਿਸਤਾਨੀ ਸੂਬੇ ਵਿੱਚ ਜੋ ਗੁਰਦੁਆਰੇ ਖੁੱਲ੍ਹੇ ਹਨ, ਉਹ ‘ਖੁੱਲ੍ਹੇ ਜ਼ਖ਼ਮ ਹੋਣਗੇ ਤੇ ਉਨ੍ਹਾਂ ਨੂੰ ਉਖਾੜ ਦੇਣਾ ਚਾਹੀਦਾ ਹੈ।’ ਉਂਜ ਮਾਮਲਾ ਭਖਣ ’ਤੇ ਦਾਇਮਾ ਨੇ ਇਸ ਟਿੱਪਣੀ ਲਈ ਮੁਆਫ਼ੀ ਮੰਗ ਲਈ ਸੀ।

Advertisement
Author Image

Advertisement
Advertisement
×