ਪਟਿਆਲਾ ਵਿੱਚ ‘ਜ਼ਰੂਰੀ ਸੇਵਾਵਾਂ’ ਲਈ ਠੇਕੇ ਵੀ ਖੁੱਲ੍ਹੇ ਰਹੇ
ਰਵੇਲ ਸਿੰਘ ਭਿੰਡਰ
ਪਟਿਆਲਾ, 23 ਅਗਸਤ
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਅੱਜ ਹਫ਼ਤਾਵਰੀ ਤਾਲਾਬੰਦੀ ਦੇ ਦੂਜੇ ਦਿਨ ਸਿਰਫ਼ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਹੀ ਖੁੱਲ੍ਹ ਸਕਦੀਆਂ ਸਨ ਪਰ ਸ਼ਰਾਬ ਦੇ ਠੇਕੇ ਵੀ ਖੁੱਲ੍ਹਣ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ।
ਇਸ ਸਬੰਧੀ ਚਿੰਤਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ‘ਪੰਜ ਆਬਾਂ’ ਦੀ ਧਰਤੀ ’ਤੇ ਸ਼ਰਾਬ ਦੇ ਠੇਕੇ ਵੀ ਜ਼ਰੂਰੀ ਵਸਤਾਂ ’ਚ ਸ਼ਾਮਲ ਕਰ ਲਏ ਗਏ ਹਨ, ਜੋ ਬਰਦਾਸ਼ਤ ਤੋਂ ਬਾਹਰ ਹਨ। ਉਨ੍ਹਾਂ ਆਖਿਆ ਕਿ ਪੰਜਾਬ ਪ੍ਰਤੀ ਸਰਕਾਰ ਦੀ ਨੀਤ ਸਾਫ਼ ਨਹੀਂ। ਚਿੰਤਕ ਗੁਰਧਿਆਨ ਸਿੰਘ ਭਾਨਰੀ ਮੁਤਾਬਕ ਪੰਜਾਬ ਦੀ ਧਰਤੀ ’ਤੇ ਕਦੇ ਦੁੱਧ ਦੀਆਂ ਨਦੀਆਂ ਵਗਣ ਦੀ ਗੱਲ ਹੁੰਦੀ ਸੀ, ਪਰ ਕੈਪਟਨ ਸਰਕਾਰ ਨੇ ਹਫ਼ਤਾਵਾਰੀ ਤਾਲਾਬੰਦੀ ’ਚ ਸ਼ਰਾਬ ਦੀ ਵਿਕਰੀ ਨੂੰ ਇਜਾਜ਼ਤ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਇਸ ਸਰਕਾਰ ਅਨੁਸਾਰ ਜ਼ਰੂਰੀ ਸੇਵਾਵਾਂ ’ਚ ਹੁਣ ਸ਼ਰਾਬ ਵੀ ਸ਼ਾਮਲ ਹੈ।
ਦੁਕਾਨਦਾਰਾਂ ਅਤੇ ਵਪਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ-ਕਾਜ ਠੱਪ ਕਰਕੇ ਸਰਕਾਰ ਆਪਣਾ ਖਜ਼ਾਨਾ ਭਰਨ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਵਪਾਰ ਠੱਪ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ, ਦੂਜੇ ਪਾਸੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖ ਕੇ ਸਰਕਾਰ ਰੈਵੇਨਿਊ ਇਕੱਠਾ ਕਰਨ ’ਤੇ ਲੱਗੀ ਹੋਈ ਹੈ। ਵੱਖ ਵੱਖ ਹੋਰ ਧਿਰਾਂ ਨੇ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਲੈ ਕੇ ਕਾਫੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕਰੋਨਾ ਸਬੰਧੀ ਸਰਕਾਰ ਦੀਆਂ ਸੁਰੱਖਿਆ ਨੀਤੀਆਂ ਲੋਕ ਮਨਾਂ ’ਤੇ ਖਰੀਆਂ ਨਹੀਂ ਉੱਤਰ ਰਹੀਆਂ।
ਸੂਬਾ ਸਰਕਾਰ ਦੀ ਨੀਅਤ ਤੇ ਨੀਤੀ ਦੋਹੇਂ ਖੋਟੀਆਂ: ਭਾਜਪਾ
ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਤੇ ਸਕੱਤਰ ਮਨਪ੍ਰੀਤ ਸਿੰਘ ਚੱਢਾ ਨੇ ਆਖਿਆ ਕਿ ਤਾਲਾਬੰਦੀ ਅਤੇ ਕਰਫਿਊ ਕਾਰਨ ਜਿੱਥੇ ਦੁਕਾਨਦਾਰ, ਵਪਾਰੀਆਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ, ਉਥੇ ਹੀ ਸਰਕਾਰ ਪ੍ਰਤੀ ਵੱਡਾ ਰੋਸ ਇਹ ਵੀ ਹੈ ਕਿ ਸਰਕਾਰ ਦੀ ਨੀਅਤ ਤੇ ਨੀਤੀ ਦੋਹੇਂ ਖੋਟੀਆਂ ਹੋ ਚੁੱਕੀਆਂ ਹਨ। ਸਰਕਾਰ ਇੱਕ ਪਾਸੇ ਤਾਂ ਬਾਜ਼ਾਰਾਂ ਨੂੰ ਬੰਦ ਰੱਖਣ ਲਈ ਹੁਕਮ ਚਾੜ੍ਹਦੀ ਹੈ ਤੇ ਦੂਜੇ ਪਾਸੇ ਅਜਿਹੇ ਹੁਕਮਾਂ ’ਚ ਬਾਜ਼ਾਰਾਂ ਵਿਚਲੇ ਠੇਕਿਆਂ ਨੂੰ ਖੋਲ੍ਹਣ ਦੇ ਫੁਰਮਾਨ ਵੀ ਜਾਰੀ ਕਰ ਰਹੀ ਹੈ।