ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਫੰਡਾਂ ਵਿੱਚ ਗਬਨ ਦੇ ਦੋਸ਼ ਹੇਠ ਠੇਕੇਦਾਰ ਗ੍ਰਿਫ਼ਤਾਰ

06:42 AM Nov 12, 2024 IST
ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ।

ਸੁਰਜੀਤ ਮਜਾਰੀ
ਨਵਾਂ ਸ਼ਹਿਰ, 11 ਨਵੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਐੱਸਬੀਐੱਸ ਨਗਰ ਵਿੱਚ ਜ਼ਿਲ੍ਹਾ ਨਿਆਂਇਕ ਕੰਪਲੈਕਸ ਦੀ ਉਸਾਰੀ ਲਈ ਅਲਾਟ ਕੀਤੇ ਗਏ ਸਰਕਾਰੀ ਫੰਡਾਂ ਵਿੱਚ ਗਬਨ ਦੇ ਦੋਸ਼ ਹੇਠ ਮੈਸਰਜ਼ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਦੇ ਮੈਨੇਜਿੰਗ ਡਾਇਰੈਕਟਰ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮੁਲਜ਼ਮ ਪਿਛਲੇ ਤਕਰੀਬਨ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਫ਼ਰਾਰ ਸੀ। ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਵੱਲੋਂ ਐੱਸ.ਬੀ.ਐੱਸ. ਨਗਰ ਵਿੱਚ ਨਿਆਂਇਕ ਅਦਾਲਤੀ ਕੰਪਲੈਕਸ ਦੀ ਉਸਾਰੀ ਲਈ ਸਾਲ 2017 ਵਿੱਚ ਟੈਂਡਰ ਜਾਰੀ ਕੀਤੇ ਗਏ ਸਨ ਅਤੇ ਇਹ ਟੈਂਡਰ ਮਿਤੀ 03.08.2017 ਨੂੰ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਨੂੰ ਅਲਾਟ ਕੀਤਾ ਗਿਆ ਸੀ। ਇਹ ਪ੍ਰਾਜੈਕਟ 35,19,18,620 ਰੁਪਏ ਦੀ ਲਾਗਤ ਨਾਲ 18 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਣਾ ਸੀ। ਬਾਅਦ ਵਿੱਚ ਪੀ.ਡਬਲਿਊ.ਡੀ. ਨੇ ਕੰਪਲੈਕਸ ਦੇ ਅੰਦਰ ਜੱਜਾਂ ਲਈ ਪਾਰਕਿੰਗ ਅਤੇ ਰਿਹਾਇਸ਼ੀ ਕੁਆਟਰਾਂ ਦੀ ਉਸਾਰੀ ਨੂੰ ਸ਼ਾਮਲ ਕਰਦਿਆਂ ਇਸ ਪ੍ਰਾਜੈਕਟ ਦਾ ਦਾਇਰਾ ਵਧਾ ਦਿੱਤਾ, ਜਿਸ ਨਾਲ ਇਸਦੀ ਕੁੱਲ ਲਾਗਤ ਵਧ ਕੇ 65,91,47,000 ਰੁਪਏ ਹੋ ਗਈ। ਦੱਸਣਯੋਗ ਹੈ ਕਿ ਤੁੰਗ ਬਿਲਡਰਜ਼ ਦਾ ਠੇਕੇਦਾਰ ਮਿੱਥੇ ਸਮੇਂ ਅੰਦਰ ਕੰਮ ਪੂਰਾ ਨਹੀਂ ਕਰ ਸਕਿਆ। ਇਸ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਨਵਾਂ ਸ਼ਹਿਰ ਦੇ ਕਰਮਚਾਰੀਆਂ ਨੇ ਤੁੰਗ ਬਿਲਡਰਜ਼ ਦੇ ਐੱਮ.ਡੀ. ਨਾਲ ਮਿਲੀਭੁਗਤ ਕਰ ਕੇ ਮਾਰਚ 2023 ਤੱਕ ਲਗਭਗ 53,00,00,000 ਰੁਪਏ ਦੀ ਅਦਾਇਗੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਨਾ ਕਰਨ ਕਰਕੇ ਵਿਭਾਗ ਵੱਲੋਂ ਮਈ 2023 ਵਿੱਚ ਅਲਾਟਮੈਂਟ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਸੀ ਅਤੇ ਅਲਾਟ ਕੀਤੇ ਫੰਡਾਂ ’ਚ ਹੇਰਾਫੇਰੀ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਬੁਲਾਰੇ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਠੇਕੇਦਾਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਅੱਠ ਕਰਮਚਾਰੀਆਂ ਖ਼ਿਲਾਫ਼ ਥਾਣਾ ਸਦਰ, ਨਵਾਂ ਸ਼ਹਿਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਸ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਬਾਕੀ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ।

Advertisement

Advertisement