ਨਾਜਾਇਜ਼ ਖਣਨ ਦੇ ਦੋਸ਼ ਹੇਠ ਰਾਜਸਥਾਨ ਤੋਂ ਠੇਕੇਦਾਰ ਕਾਬੂ
ਆਤਿਸ਼ ਗੁਪਤਾ
ਚੰਡੀਗੜ੍ਹ, 9 ਨਵੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਸਾਲ 2018-2019 ਦੌਰਾਨ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਾਜਾਇਜ਼ ਖਣਨ ਕਰਨ ਵਾਲੇ ਪ੍ਰਾਈਮਵਿਜ਼ਨ ਕੰਪਨੀ ਦੇ ਠੇਕੇਦਾਰ ਮਹਾਵੀਰ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਖਣਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਅਧੀਨ ਪੈਂਦੇ ਪਿੰਡ ਟਿੰਡਵਾਂ, ਪਿੰਡ ਰੋਸ਼ਨਸ਼ਾਹ ਵਾਲਾ ਅਤੇ ਪਿੰਡ ਬਹਿਕ ਗੁੱਜਰਾਂ ਦੇ ਲਗਪਗ 217 ਕਨਾਲ ਰਕਬੇ ’ਚ ਠੇਕੇਦਾਰ ਮਹਾਵੀਰ ਸਿੰਘ ਵੱਲੋਂ ਖਣਨ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਰਾਹੀਂ ਜ਼ਮੀਨ ਮਾਲਕਾਂ ਨੂੰ ਪੰਜਾਬ ਸਰਕਾਰ ਪਾਸੋਂ ਫਰਮ ਨੂੰ ਮਾਈਨਿੰਗ ਕਰਨ ਦਾ ਠੇਕਾ ਮਿਲਿਆ ਹੋਣ ਦਾ ਦੱਸ ਕੇ ਨਾਜਾਇਜ਼ ਮਾਈਨਿੰਗ ਕੀਤੀ ਗਈ ਸੀ। ਇਸ ਨਾਲ ਸਰਕਾਰ ਨੂੰ ਕਰੀਬ ਚਾਰ ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਨੁਕਸਾਨ ਹੋਇਆ। ਵਿਜੀਲੈਂਸ ਅਨੁਸਾਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸਾਲ 2020 ’ਚ ਠੇਕੇਦਾਰ ਮਹਾਵੀਰ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਵਾਇਆ ਤੇ ਜ਼ਮੀਨ ਮਾਲਕਾਂ ਨੂੰ ਰਿਕਵਰੀ ਨੋਟਿਸ ਜਾਰੀ ਕੀਤੇ ਗਏ। ਇਸੇ ਤਰ੍ਹਾਂ ਪਿੰਡਾਂ ਗਿੱਲਾਂਵਾਲਾ, ਆਂਸਲ, ਖਾਨੇ ਕੇ ਅਹਿਲ ਅਤੇ ਖੁਸ਼ਹਾਲ ਸਿੰਘ ਵਾਲਾ ’ਚ ਮਨਜ਼ੂਰਸ਼ੁਦਾ ਖੱਡਾਂ ਦੇ ਬਰਾਬਰ ਹੀ 244 ਕਨਾਲ ਅਤੇ 446 ਕਨਾਲ 13 ਮਰਲੇ ਰਕਬੇ ’ਚ ਨਾਜਾਇਜ਼ ਮਾਈਨਿੰਗ ਕੀਤੀ।