ਹਰਿਆਣਾ ਵਿਧਾਨ ਸਭਾ ’ਚ ਠੇਕਾ ਕਾਮਿਆਂ ਵਾਲਾ ਬਿੱਲ ਹੰਗਾਮੇ ’ਚ ਪਾਸ
ਆਤਿਸ਼ ਗੁਪਤਾ
ਚੰਡੀਗੜ੍ਹ, 18 ਨਵੰਬਰ
ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਤੀਜੇ ਦਿਨ ਅੱਜ ਸੱਤਾਧਾਰੀ ਤੇ ਵਿਰੋਧੀ ਧਿਰ ਵਿੱਚ ਖਾਸਾ ਹੰਗਾਮਾ ਹੋਇਆ। ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਨੇ ਸੈਸ਼ਨ ਦੀ ਕਾਰਵਾਈ ਇਕ ਦਿਨ ਵਧਾ ਲਈ ਦਿੱਤੀ। ਹੁਣ ਸੈਸ਼ਨ 19 ਨਵੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਅੱਜ ਤੀਜੇ ਦਿਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸੂਬੇ ਦੇ ਠੇਕਾ ਕਰਮਚਾਰਿਆਂ ਦੀ ਨੌਕਰੀ ਨੂੰ ਸੁਰੱਖਿਅਤ ਕਰਨ ਵਾਲਾ ਬਿੱਲ ਪੇਸ਼ ਕੀਤਾ ਗਿਆ, ਜਿਸ ਦਾ ਵਿਰੋਧੀ ਧਿਰ ਨੇ ਵਿਰੋਧ ਕੀਤਾ। ਇਸ ਦੌਰਾਨ ਹੰਗਾਮੇ ਵਿਚਕਾਰ ਇਹ ਬਿੱਲ ਪਾਸ ਹੋ ਗਿਆ।
ਸ੍ਰੀ ਸੈਣੀ ਨੇ ਕਿਹਾ ਕਿ ਠੇਕਾ ਕਰਮਚਾਰਿਆਂ ਦੀ ਨੌਕਰੀ ਨੂੰ ਸੁਰੱਖਿਅਤ ਕਰਨ ਵਾਲੇ ਬਿੱਲ ਨਾਲ ਸੂਬੇ ਦੇ 1.20 ਲੱਖ ਕੱਚੇ ਕਾਮਿਆਂ ਦੀ ਨੌਕਰੀ ਸੁਰੱਖਿਅਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਬਿੱਲ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਵਿੱਚ ਪ੍ਰਵਾਨ ਕੀਤਾ ਗਿਆ ਸੀ।
ਅੱਜ ਖੱਟਰ ਸਰਕਾਰ ਵੱਲੋਂ 2023 ਵਿੱਚ ਪਾਸ ਕੀਤੇ ਦੋ ਬਿਲਾਂ ਨੂੰ ਵਾਪਸ ਲੈ ਲਿਆ ਗਿਆ ਹੈ। ਇਸ ਵਿੱਚ ਮ੍ਰਿਤਕ ਦੇਹਾਂ ਦਾ ਨਿਪਟਾਰਾ ਤੇ ਸੂਬੇ ਵਿੱਚ ਅਪਰਾਧ ’ਤੇ ਕਾਬੂ ਪਾਉਣ ਸਬੰਧੀ ਬਿੱਲ ਸ਼ਾਮਲ ਹਨ। ਸੈਣੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਬਿੱਲਾਂ ਨੂੰ ਨਵੇਂ ਸਿਰੇ ਤੋਂ ਸਦਨ ਵਿੱਚ ਪੇਸ਼ ਕੀਤਾ ਜਾਵੇਗਾ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਲਦੀ ਕਰਵਾਈ ਜਾਵੇਗੀ: ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਲਦੀ ਕਰਵਾਈ ਜਾਵੇਗੀ। ਇਸ ਸਬੰਧੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕਮੇਟੀ ਦੀ ਚੋਣ ’ਤੇ ਕੋਈ ਰੋਕ ਨਹੀਂ ਲਗਾਈ। ਚੋਣਾਂ ਲਈ ਇਕ ਵੱਖਰੀ ਕਮੇਟੀ ਬਣੀ ਹੋਈ ਹੈ, ਜੋ ਚੋਣ ਪ੍ਰਕਿਰਿਆ ਨੂੰ ਦੇਖ ਰਹੀ ਹੈ।