ਦਹਿਸ਼ਤ ਤੇ ਵਹਿਸ਼ਤ ਵਿਚ ਲਗਾਤਾਰ ਇਜ਼ਾਫ਼ਾ...
ਪਾਕਿਸਤਾਨ ਸਰਕਾਰ ਵੱਲੋਂ ਦਹਿਸ਼ਤਗਰਦਾਂ ਦਾ ਸਫਾਇਆ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਰੱਖਣ ਦੇ ਬਾਵਜੂਦ ਦਹਿਸ਼ਤਗਰਦਾਨਾ ਹਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਨਿਚਰਵਾਰ ਨੂੰ ਦਹਿਸ਼ਤਗਰਦਾਂ ਦੇ ਇਕ ਟੋਲੇ ਨੇ ਮੀਆਂਵਾਲੀ ਏਅਰਫੋਰਸ ਸਟੇਸ਼ਨ ਉੱਤੇ ਹਮਲਾ ਕੀਤਾ ਅਤੇ ਇਕ ਹੈਂਗਰ ਅੰਦਰ ਖੜ੍ਹੇ ਤਿੰਨ ਲੜਾਕੂ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ। ਪਾਕਿਸਤਾਨ ਸਰਕਾਰ ਦਾ ਦਾਅਵਾ ਹੈ ਕਿ ਇਹ ਤਿੰਨੋਂ ਜਹਾਜ਼ ਪਹਿਲਾਂ ਹੀ ਨਾਕਾਰਾ ਕਰਾਰ ਦਿੱਤੇ ਜਾ ਚੁੱਕੇ ਹਨ। ਬਾਅਦ ਵਿਚ ਇਹ ਸਰਕਾਰੀ ਤੌਰ ’ਤੇ ਦੱਸਿਆ ਗਿਆ ਕਿ ਹਮਲੇ ਵਿਚ ਸ਼ਾਮਲ ਸਾਰੇ 9 ਦਹਿਸ਼ਤਗਰਦ ਸ਼ਾਮ ਤੱਕ ਚੱਲੇ ਅਪਰੇਸ਼ਨ ਦੌਰਾਨ ਮਾਰੇ ਗਏ ਅਤੇ ਫ਼ੌਜੀ ਹਵਾਈ ਅੱਡੇ ਨੂੰ ਬਹੁਤ ਮਾਮੂਲੀ ਨੁਕਸਾਨ ਪਹੁੰਚਿਆ। ਉਂਜ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਵੱਲੋਂ ਜਾਰੀ ਪ੍ਰੈਸ ਰਿਲੀਜ਼ਾਂ ਵਿਚ ਇਹ ਨਹੀਂ ਦੱਸਿਆ ਗਿਆ ਕਿ ਸਮੁੱਚੇ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਦਾ ਵੀ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ। ਪਾਕਿਸਤਾਨੀ ਮੀਡੀਆ ਵੱਲੋਂ ਵੀ ਫ਼ੌਜੀ ਅਧਿਕਾਰੀਆਂ ਅੱਗੇ ਇਸ ਸਬੰਧ ਵਿਚ ਸਵਾਲ ਨਹੀਂ ਖੜ੍ਹੇ ਕੀਤੇ ਗਏ।
ਫ਼ੌਜ ਵੱਲੋਂ ਕੀਤੇ ਗਏ ਦਾਅਵਿਆਂ ਉੱਤੇ ਕਿੰਤੂ ਨਾ ਕਰਨਾ ਪਾਕਿਸਤਾਨ ਵਿਚ ਇਕ ਦਸਤੂਰ ਬਣ ਗਿਆ ਹੈ। ਇਸੇ ਤਰ੍ਹਾਂ ਦਹਿਸ਼ਤਗਰਦਾਨਾ ਹਮਲਿਆਂ ਨੂੰ ਉਭਾਰ ਕੇ ਪੇਸ਼ ਕਰਨ ਤੋਂ ਵੀ ਮੀਡੀਆ ਵੱਲੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਮੀਆਂਵਾਲੀ ਏਅਰਫੋਰਸ ਸਟੇਸ਼ਨ ਉਹ ਫ਼ੌਜੀ ਅੱਡਾ ਹੈ ਜਿਸ ਉੱਤੇ ਇਸੇ ਸਾਲ 9 ਮਈ ਨੂੰ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੇ ਹਮਾਇਤੀਆਂ ਦੇ ਹਜੂਮ ਨੇ ਹਮਲਾ ਕੀਤਾ ਸੀ ਅਤੇ ਕੁਝ ਦਫ਼ਤਰਾਂ ਨੂੰ ਅੱਗ ਲਾਉਣ ਤੋਂ ਇਲਾਵਾ ਅਫਸਰਾਂ ਦੀ ਮੈੱਸ ਵਿਚ ਸਾਮਾਨ ਦੀ ਭੰਨ-ਤੋੜ ਕੀਤੀ ਸੀ।
ਮੀਆਂਵਾਲੀ ਦਹਿਸ਼ਤੀ ਹਮਲੇ ਤੋਂ ਇਕ ਦਿਨ ਪਹਿਲਾਂ ਬਲੋਚਿਸਤਾਨ ਤੇ ਖ਼ੈਬਰ-ਪਖ਼ਤੂਨਖ਼ਵਾ ਸੂਬਿਆਂ ਵਿਚ ਚਾਰ ਦਹਿਸ਼ਤੀ ਹਮਲਿਆਂ ਦੌਰਾਨ 17 ਫ਼ੌਜੀਆਂ ਤੇ ਤਿੰਨ ਪੁਲੀਸ ਮੁਲਾਜ਼ਮਾਂ ਸਮੇਤ 25 ਲੋਕ ਮਾਰੇ ਗਏ ਸਨ ਅਤੇ 53 ਹੋਰ ਜ਼ਖ਼ਮੀ ਹੋ ਗਏ ਸਨ। ਸਭ ਤੋਂ ਘਾਤਕ ਹਮਲਾ ਬਲੋਚਿਸਤਾਨ ਦੀ ਗਵਾਦਰ ਬੰਦਰਗਾਹ ਤੋਂ 14 ਕਿਲੋਮੀਟਰ ਦੀ ਦੂਰੀ ’ਤੇ ਹੋਇਆ ਸੀ। ਇੱਥੇ ਫ਼ੌਜੀਆਂ ਦੇ ਇਕ ਕਾਫ਼ਲੇ ਦੀਆਂ ਦੋ ਗੱਡੀਆਂ ਰਿਮੋਟ ਕੰਟਰੋਲ ਵਾਲੇ ਬੰਬ ਧਮਾਕਿਆਂ ਨਾਲ ਉਡਾ ਦਿੱਤੀਆਂ ਗਈਆਂ ਸਨ ਜਿਸ ਕਾਰਨ 14 ਫ਼ੌਜੀ ਹਲਾਕ ਹੋ ਗਏ ਸਨ ਤੇ 21 ਜ਼ਖ਼ਮੀ। ਇਸ ਹਮਲੇ ਤੋਂ ਦੋ ਘੰਟੇ ਪਹਿਲਾਂ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੀ ਕੁਲਾਚੀ ਤਹਿਸੀਲ ਵਿਚ ਪੁਲੀਸ ਦੇ ਇਕ ਕਾਫ਼ਲੇ ਨੂੰ ਬੰਬ ਹਮਲੇ ਦਾ ਨਿਸ਼ਾਨਾ ਬਣਾਏ ਜਾਣ ਕਾਰਨ 5 ਸਿਵਲੀਅਨ ਮਾਰੇ ਗਏ ਸਨ ਅਤੇ 23 ਲੋਕ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿਚ ਅੱਠ ਪੁਲੀਸ ਕਰਮੀ ਸ਼ਾਮਲ ਸਨ। ਇਸ ਬੰਬ ਹਮਲੇ ਵਾਲੇ ਸਮੇਂ ਦੇ ਨੇੜੇ-ਤੇੜੇ ਹੀ ਟਾਂਕ ਤੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹਿਆਂ ਦੀ ਸਰਹੱਦ ਨੇੜੇ ਪੁਲੀਸ ਤੇ ਫ਼ੌਜ ਦੀ ਸਾਂਝੀ ਗਸ਼ਤੀ ਟੋਲੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਦੌਰਾਨ ਇਕ ਫ਼ੌਜੀ ਹਲਾਕ ਹੋ ਗਿਆ ਸੀ। ਇਸੇ ਤਰ੍ਹਾਂ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਲੱਕੀ ਮਰਵਤ ਜ਼ਿਲ੍ਹੇ ਵਿਚ ਫ਼ੌਜੀ ਅਪਰੇਸ਼ਨ ਦੌਰਾਨ ਦੋ ਫ਼ੌਜੀ ਹਲਾਕ ਤੇ 5 ਜ਼ਖ਼ਮੀ ਹੋਏ ਸਨ। ਮੀਆਂਵਾਲੀ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਇ-ਤਾਲਬਿਾਨ ਨਾਲ ਸਬੰਧਤਿ ਜਥੇਬੰਦੀ ਤਹਿਰੀਕ-ਇ-ਜਹਾਦ (ਟੀਆਈਜੇ) ਨੇ ਲਈ ਹੈ ਅਤੇ ਗਵਾਦਰ ਕਾਂਡ ਦੀ ਬਲੋਚਿਸਤਾਨ ਲਬਿਰੇਸ਼ਨ ਫਰੰਟ ਨੇ।
ਉਂਜ, ਪਿਛਲੇ ਕਈ ਮਹੀਨਿਆਂ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨੀ ਹੁਕਮਰਾਨਾਂ ਜਾਂ ਸੁਰੱਖਿਆ ਅਧਿਕਾਰੀਆਂ ਨੇ ਭਾਰਤ ਨੂੰ ਇਨ੍ਹਾਂ ਦਹਿਸ਼ਤੀ ਕਾਰਵਾਈਆਂ ਲਈ ਸਿੱਧੇ ਤੌਰ ’ਤੇ ਕਸੂਰਵਾਰ ਨਹੀਂ ਠਹਿਰਾਇਆ। ਇਸ ਤੋਂ ਪਹਿਲਾਂ ਹਰ ਦਹਿਸ਼ਤੀ ਹਮਲੇ ਲਈ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਨੂੰ ਦੋਸ਼ੀ ਦੱਸਣਾ ਨਿੱਤ ਦਾ ਰੁਝਾਨ ਬਣ ਗਿਆ ਸੀ। ਪਾਕਿਸਤਾਨ ਹੁੱਕਾਮ ਦੇ ਇਕ ਵੱਡੇ ਹਿੱਸੇ ਦਾ ਇਹ ਮੱਤ ਹੈ ਕਿ ਅਫ਼ਗ਼ਾਨਿਸਤਾਨ ਦੀ ਤਾਲਬਿਾਨ ਹਕੂਮਤ, ਤਹਿਰੀਕ-ਇ-ਤਾਲਬਿਾਨ (ਟੀ.ਟੀ.ਪੀ.) ਦੀ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਇਹ ਪੁਸ਼ਤਪਨਾਹੀ ਭਾਰਤ ਦੀ ਸ਼ਹਿ ਦਾ ਸਿੱਟਾ ਹੈ। ਪਰ ਹਰ ਦਹਿਸ਼ਤੀ ਕਾਰੇ ਨੂੰ ‘ਰਾਅ’ ਸਿਰ ਮੜ੍ਹਨਾ ਇਹ ਪ੍ਰਭਾਵ ਦੇਣ ਲੱਗ ਪਿਆ ਸੀ ਕਿ ਪਾਕਿਸਤਾਨੀ ਏਜੰਸੀਆਂ ‘ਰਾਅ’ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ।
ਚੋਣਾਂ: ਮਾਹੌਲ ਭਖਣਾ ਸ਼ੁਰੂ
ਪਾਕਿਸਤਾਨ ਵਿਚ ਆਮ ਚੋਣਾਂ ਵਾਸਤੇ 8 ਫਰਵਰੀ 2024 ਦੀ ਤਾਰੀਖ਼ ਐਲਾਨੇ ਜਾਣ ਮਗਰੋਂ ਚੁਣਾਵੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਤਿੰਨ ਮੁੱਖ ਧਿਰਾਂ- ਪਾਕਿਸਤਾਨ ਮੁਸਲਿਮ ਲੀਗ (ਨਵਾਜ਼), ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਤੇ ਪਾਕਿਸਤਾਨ ਤਹਿਰੀਕ-ਇ-ਇਨਸਾਫ਼ ਵੱਲੋਂ ਆਪਸੀ ਦੂਸ਼ਣਬਾਜ਼ੀ ਤਾਂ ਕੀਤੀ ਹੀ ਜਾ ਰਹੀ ਹੈ, ਨਾਲ ਹੀ ਅੰਤਰਿਮ ਸਰਕਾਰ ਨੂੰ ਵੀ ਪੱਖਪਾਤ ਦੇ ਦੋਸ਼ਾਂ ਨਾਲ ਲਪੇਟਿਆ ਜਾ ਰਿਹਾ ਹੈ। ਪੀ.ਪੀ.ਪੀ. ਨੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਤੇ ਮਰਕਜ਼ੀ ਅੰਤਰਿਮ ਸਰਕਾਰ ਦਰਮਿਆਨ ਸਾਂਝ-ਭਿਆਲੀ ਦੇ ਦੂਸ਼ਨ ਜ਼ੋਰਦਾਰ ਢੰਗ ਨਾਲ ਉਭਾਰ ਕੇ ਕੌਮੀ ਸੈਨੇਟ ਦੇ ਨੇਤਾ ਇਸਹਾਕ ਡਾਰ ਨੂੰ ਬਦਲੇ ਜਾਣ ਦੀ ਮੰਗ ਕੀਤੀ ਹੈ। ਪੀ.ਪੀ.ਪੀ. ਦੇ ਸਕੱਤਰ ਜਨਰਲ ਸੱਯਦ ਨਈਅਰ ਹੁਸੈਨ ਬੁਖ਼ਾਰੀ ਨੇ ਸ਼ਨਿਚਰਵਾਰ ਨੂੰ ਇਕ ਮੀਡੀਆ ਕਾਨਫਰੰਸ ਰਾਹੀਂ ਅੰਤਰਿਮ ਮਰਕਜ਼ੀ ਸਰਕਾਰ ਦੇ ਦੋ ਵਜ਼ੀਰਾਂ- ਅਹਿਦ ਚੀਮਾ ਤੇ ਫ਼ਵਾਦ ਹਸਨ ਦੀ ਨਵਾਜ਼ ਸ਼ਰੀਫ਼ ਤੇ ਸ਼ਹਬਿਾਜ਼ ਸ਼ਰੀਫ਼ ਨਾਲ ਨੇੜਤਾ ਉੱਤੇ ਉਜ਼ਰ ਕੀਤਾ। ਉਨ੍ਹਾਂ ਕਿਹਾ ਕਿ ਇਹ ਨੇੜਤਾ, ਕਈ ਹਲਕਿਆਂ ਵਿਚ ਬਾਕੀ ਪਾਰਟੀਆਂ ਵਾਸਤੇ ਨੁਕਸਾਨਦੇਹ ਸਾਬਤ ਹੋਣ ਵਾਲੀ ਹੈ। ਨਿਰਪੱਖ ਤੇ ਆਜ਼ਾਦ ਚੋਣਾਂ ਲਈ ਜ਼ਰੂਰੀ ਹੈ ਕਿ ਚੀਮਾ ਤੇ ਹਸਨ ਨੂੰ ਅਸਤੀਫ਼ੇ ਦੇਣ ਲਈ ਕਿਹਾ ਜਾਵੇ। ਬੁਖ਼ਾਰੀ ਨੇ ਸੈਨੇਟਰ ਇਸਹਾਕ ਡਾਰ ਦੀ ਸੈਨੇਟ ਦੇ ਨੇਤਾ ਵਜੋਂ ਭੂਮਿਕਾ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਸੈਨੇਟਰ ਡਾਰ ਜਾਂ ਤਾਂ ਆਪ ਹਟ ਜਾਣ ਅਤੇ ਜਾਂ ਫਿਰ ਉਨ੍ਹਾਂ ਦੀ ਥਾਂ ਪਾਕਿਸਤਾਨ ਚੋਣ ਕਮਿਸ਼ਨ, ਕਿਸੇ ਆਜ਼ਾਦ ਤੇ ਨਿਰਪੱਖ ਬੰਦੇ ਨੂੰ ਸੈਨੇਟ ਦਾ ਨੇਤਾ ਥਾਪੇ। ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਸੱਯਦ ਬੁਖ਼ਾਰੀ ਨੇ ਕਿਹਾ ਕਿ ਸੈਨੇਟਰ ਇਸਹਾਕ ਡਾਰ, ਸੈਨੇਟ ਵਿਚ ਵੀ ਪੀ.ਐਮ.ਐਲ.-ਐੱਨ. ਦੇ ਸਕੱਤਰ ਜਨਰਲ ਤੇ ਸ਼ਰੀਫ਼ ਭਰਾਵਾਂ ਦੇ ਏਜੰਟ ਵਾਂਗ ਵਿਚਰਦੇ ਆ ਰਹੇ ਹਨ। ਇਸ ਕਿਸਮ ਦਾ ਵਿਵਹਾਰ ਸਦਨ ਦੇ ਨੇਤਾ ਨੂੰ ਸੋਭਦਾ ਨਹੀਂ। ਦੂਜੇ ਪਾਸੇ, ਪੀ.ਐਮ.ਐਲ.-ਐੱਨ. ਨੇ ਬੁਖ਼ਾਰੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਗ਼ਲਤ ਕਰਾਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਪੀ.ਪੀ.ਪੀ. ਇਸ ਵੇਲੇ ਪੀ.ਟੀ.ਆਈ. ਨਾਲ ਗੰਢ-ਤੁੱਪ ਕਰਨ ਦੇ ਯਤਨਾਂ ਵਿਚ ਹੈ। ਪਾਰਟੀ ਦੀ ਤਰਜਮਾਨ ਮਰੀਅਮ ਆਲਮਗੀਰ ਨੇ ਐਤਵਾਰ ਨੂੰ ਕਿਹਾ ਕਿ ਪੀ.ਪੀ.ਪੀ. ਦਾ ਰਾਜਸੀ ਵਜੂਦ ਸਿਰਫ਼ ਸੂਬਾ ਸਿੰਧ ਤੱਕ ਸੀਮਤ ਹੋ ਚੁੱਕਾ ਹੈ ਅਤੇ ਇਸੇ ਕਾਰਨ ਉਸ ਦਾ ਕਾਡਰ ਬਿਖਰਦਾ ਜਾ ਰਿਹਾ ਹੈ। ਇਸ ਤੋਂ ਕੁੰਠਤਿ ਹੋ ਕੇ ਉਹ ਹੋਰਨਾਂ ਧਿਰਾਂ ਖਿਲਾਫ਼ ‘ਬੇਹੂਦਾ’ ਬਿਆਨਬਾਜ਼ੀ ’ਤੇ ਉਤਰ ਆਈ ਹੈ।
ਖੇਤੀ ਖੇਤਰ ਵਿਚ ਖੁਸ਼ਹਾਲੀ
ਪਾਕਿਸਤਾਨੀ ਆਰਥਿਕਤਾ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਅਤੇ ਦੁਸ਼ਵਾਰ ਮੌਸਮੀ ਹਾਲਾਤ ਦੇ ਬਾਵਜੂਦ ਜ਼ਰਾਇਤ ਦੇ ਖੇਤਰ ਵਿਚ ਮੁਲਕ ਤਰੱਕੀ ਦੇ ਰਾਹ ’ਤੇ ਹੈ। ‘ਦਿ ਨੇਸ਼ਨ’ ਅਖ਼ਬਾਰ ਦੇ ਅਦਾਰੀਏ (ਸੰਪਾਦਕੀ) ਮੁਤਾਬਿਕ ਸਾਲ 2022-23 ਦੌਰਾਨ ਕਣਕ ਤੇ ਜੀਰੀ ਦੀ ਪੈਦਾਵਾਰ ਚਾਰ ਕਰੋੜ ਟਨ ਰਹੀ। ਇਸ ਤੋਂ ਮੁਲਕ ਨੂੰ 400 ਅਰਬ ਰੁਪਏ ਦਾ ਫ਼ਾਇਦਾ ਹੋਇਆ ਹੈ। ਅਜਿਹੇ ਇਜ਼ਾਫ਼ੇ ਦੇ ਮੱਦੇਨਜ਼ਰ ਹੁਣ ਸਰਕਾਰ ਨੇ ਕਣਕ ਦੀ 3.22 ਕਰੋੜ ਟਨ ਪੈਦਾਵਾਰ ਦਾ ਟੀਚਾ ਨਿਰਧਾਰਤ ਕੀਤਾ ਹੈ। ਪਿਛਲੇ ਸਾਲ ਇਹ ਪੈਦਾਵਾਰ 2.5 ਕਰੋੜ ਟਨ ਸੀ। ਇਸ ਤੋਂ ਇਲਾਵਾ ਮੁਲਕ ਵਿਚ ਇਕ ਕਰੋੜ ਟਨ ਜੀਰੀ ਪੈਦਾ ਹੋਈ ਸੀ। ਅਦਾਰੀਏ ਅਨੁਸਾਰ ਜੇਕਰ 3.22 ਕਰੋੜ ਟਨ ਦਾ ਟੀਚਾ ਹਾਸਲ ਹੋ ਜਾਂਦਾ ਹੈ ਤਾਂ ਪਾਕਿਸਤਾਨ ਆਪਣੀਆਂ ਘਰੇਲੂ ਲੋੜਾਂ ਲਈ ਖੁਰਾਕੀ ਅਨਾਜ ਦਰਾਮਦ ਕਰਨ ਵਾਲੇ ਮੁਲਕ ਦੀ ਥਾਂ ਅਨਾਜ ਬਰਾਮਦ ਕਰਨ ਵਾਲਾ ਮੁਲਕ ਬਣ ਜਾਵੇਗਾ। ਇਸੇ ਹੀ ਅਦਾਰੀਏ ਵਿਚ ਇਸ ਗੱਲ ’ਤੇ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ ਕਿ ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ ਉੱਤੇ ਬੰਦਸ਼ਾਂ ਅਤੇ ਬਾਸਮਤੀ ਚੌਲਾਂ ਦਾ ਬਰਾਮਦੀ ਭਾਅ ਬਹੁਤ ਉੱਚਾ ਰੱਖਣ ਦੀਆਂ ਹਾਲੀਆ ਭਾਰਤੀ ਕਾਰਵਾਈਆਂ ਦਾ ਪਾਕਿਸਤਾਨ, ਆਲਮੀ ਮੰਡੀ ਵਿਚ ਬਹੁਤਾ ਫ਼ਾਇਦਾ ਨਹੀਂ ਲੈ ਸਕਿਆ। ਹੁਣ ਭਾਰਤ ਨੇ ਬਾਸਮਤੀ ਚੌਲਾਂ ਦਾ ਬਰਾਮਦੀ ਭਾਅ ਕਾਫ਼ੀ ਘਟਾ ਦਿੱਤਾ ਹੈ, ਇਸ ਦਾ ਸਿੱਧਾ ਅਸਰ ਪਾਕਿਸਤਾਨੀ ਬਾਸਮਤੀ ਦੀ ਬਰਾਮਦ ਉੱਪਰ ਪਿਆ ਹੈ। ਇਸ ਦੀ ਮੰਗ ਅਚਾਨਕ ਘਟ ਗਈ ਹੈ ਜੋ ਫ਼ਿਕਰ ਵਾਲੀ ਗੱਲ ਹੈ।
ਸ਼ੇਅਰ ਬਾਜ਼ਾਰ ’ਚ ਤੇਜ਼ੀ
ਕੌਮੀ ਅਰਥਚਾਰੇ ਵਿਚ ਸੁਧਾਰ ਦੀ ਇਕ ਹੋਰ ਨਿਸ਼ਾਨੀ ਪਾਕਿਸਤਾਨੀ ਸ਼ੇਅਰ ਬਾਜ਼ਾਰ ਦੀ ਮਜ਼ਬੂਤੀ ਨੂੰ ਮੰਨਿਆ ਜਾ ਰਿਹਾ ਹੈ। ਸ਼ਨਿਚਰਵਾਰ ਨੂੰ ਕਰਾਚੀ ਸ਼ੇਅਰ ਬਾਜ਼ਾਰ ਦਾ ਸੂਚਕ-ਅੰਕ (ਪੀਐਸਐਕਸ) 53123 ਤੱਕ ਜਾ ਪਹੁੰਚਿਆ। ‘ਪਾਕਿਸਤਾਨ ਆਬਜ਼ਰਵਰ’ ਅਖ਼ਬਾਰ ਮੁਤਾਬਿਕ ਉਪਰੋਕਤ ਅੰਕੜਾ ਆਪਣੇ ਆਪ ਵਿਚ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ ਰਿਕਾਰਡ 52997 ਦਾ ਸੀ ਜੋ ਕਰਾਚੀ ਸੂਚਕ-ਅੰਕ ਨੇ ਮਈ 2017 ਵਿਚ ਹਾਸਿਲ ਕੀਤਾ ਸੀ। ਇਸੇ ਰਿਪੋਰਟ ਅਨੁਸਾਰ ਪੀਐਸਐਕਸ ਏਸ਼ੀਆ ਦਾ ਇਕੋ-ਇਕ ਸੂਚਕ-ਅੰਕ ਹੈ ਜੋ ਅਗਸਤ 2023 ਤੋਂ ਲਗਾਤਾਰ ਮਜ਼ਬੂਤੀ ਗ੍ਰਹਿਣ ਕਰਦਾ ਹੈ। ਇਸ ਤੋਂ ਨਿਵੇਸ਼ਕਾਰਾਂ ਦੀ ਪੂੰਜੀ ਵਿਚ ਕਾਫ਼ੀ ਇਜ਼ਾਫ਼ਾ ਹੋਇਆ।
ਉਂਜ, ਸ਼ੇਅਰ ਬਾਜ਼ਾਰ ਦੀ ਮਜ਼ਬੂਤੀ ਤੋਂ ਉਲਟ ਪਾਕਿਸਤਾਨੀ ਰੁਪਈਆ, ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਸਤੰਬਰ ਮਹੀਨੇ ਇਸ ਨੂੰ ਡਾਲਰ ਦੇ ਮੁਕਾਬਲੇ ਮਜ਼ਬੂਤ ਕਰੰਸੀ ਮੰਨਿਆ ਜਾਂਦਾ ਸੀ, ਪਰ ਪਿਛਲੇ ਦੋ ਹਫ਼ਤਿਆਂ ਤੋਂ ਮਜ਼ਬੂਤੀ, ਕਮਜ਼ੋਰੀ ਵਿਚ ਬਦਲਦੀ ਆ ਰਹੀ ਹੈ। ਇਨ੍ਹਾਂ ਦੋ ਹਫ਼ਤਿਆਂ ਦੌਰਾਨ ਡਾਲਰ 7.48 ਰੁਪਏ ਭਾਵ 2.63% ਮਜ਼ਬੂਤ ਹੋਇਆ। ਸ਼ਨਿਚਰਵਾਰ ਨੂੰ ਡਾਲਰ 284 ਰੁਪਏ ਦਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਡਾਲਰ ਦੀ ਮਜ਼ਬੂਤੀ ਇਸ ਹਫ਼ਤੇ ਵੀ ਬਰਕਰਾਰ ਰਹੇਗੀ।
- ਪੰਜਾਬੀ ਟ੍ਰਿਬਿਊਨ ਫੀਚਰ