‘ਭਾਰਤ ਨਾਲ ਧਾਰਮਿਕ ਬਰਾਦਰੀ ਬਾਰੇ ਸੰਵਾਦ ਜਾਰੀ’
ਵਾਸ਼ਿੰਗਟਨ, 21 ਮਈ
ਅਮਰੀਕਾ ਦੇ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਸਾਰਿਆਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਤੇ ਉਸ ਦੇ ਪ੍ਰਚਾਰ ਪਾਸਾਰ ਲਈ ਵਚਨਬੱਧ ਹੈ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਸਾਰੇ ਧਾਰਮਿਕ ਫਿਰਕਿਆਂ ਦੇ ਮੈਂਬਰਾਂ ਨਾਲ ਇਕੋ ਜਿਹੇ (ਸਮਾਨ) ਵਰਤਾਅ ਦੀ ਅਹਿਮੀਅਤ ਨੂੰ ਲੈ ਕੇ ਭਾਰਤ ਸਣੇ ਕਈ ਮੁਲਕਾਂ ਨਾਲ ਗੱਲਬਾਤ ਕਰ ਰਿਹਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿੱਲਰ ਨੇ ਸੋਮਵਾਰ ਨੂੰ ਆਪਣੀ ਨਿਯਮਤ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘‘ਅਸੀਂ ਸਾਰੇ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਨਾਲ ਸਮਾਨ ਵਰਤਾਅ ਦੀ ਅਹਿਮੀਅਤ ਨੂੰ ਲੈ ਕੇ ਭਾਰਤ ਸਣੇ ਕਈ ਮੁਲਕਾਂ ਨਾਲ ਸੰਵਾਦ ਕਰ ਰਹੇ ਹਾਂ।’’ ‘ਨਿਊਯਾਰਕ ਟਾਈਮਜ਼’ ਵਿਚ ਹਾਲ ਹੀ ਵਿਚ ਪ੍ਰਕਾਸ਼ਿਤ ‘ਸਟਰੇਂਜਰਜ਼ ਇਨ ਦੇਅਰ ਓਨ ਲੈਂਡ: ਬੀਂਗ ਮੁਸਲਿਮ ਇਨ ਮੋਦੀ’ਜ਼ ਇੰਡੀਆ’ (ਆਪਣੇ ਹੀ ਦੇਸ਼ ਵਿਚ ਅਜਨਬੀ: ਮੋਦੀ ਦੇ ਭਾਰਤ ਵਿਚ ਮੁਸਲਿਮ ਹੋਣਾ) ਸੁਰਖੀ ਵਾਲੇ ਲੇਖ ਵਿਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਵਿਚਲਾ ਵਿਸ਼ਵ ਦਾ ਸਭ ਤੋਂ ਵੱਡਾ ਮੁਸਲਿਮ ਭਾਈਚਾਰਾ ਖ਼ੌਫ਼ ਤੇ ਬੇਯਕੀਨੀ ਦੇ ਮਾਹੌਲ ਵਿਚ ਆਪਣੇ ਪਰਿਵਾਰਾਂ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਮਿੱਲਰ ਇਸੇ ਨਾਲ ਜੁੜੇ ਸਵਾਲ ਦਾ ਜਵਾਬ ਦੇ ਰਹੇ ਸਨ। ਉਧਰ ਭਾਰਤ ਪਹਿਲਾਂ ਵੀ ਅਜਿਹੇ ਦੋਸ਼ਾਂ ਨੂੰ ਰੱਦ ਕਰਦਾ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਇਹ ਦੋਸ਼ ਦੇਸ਼ ਬਾਰੇ ‘ਗ਼ਲਤ ਸੂਚਨਾ ਤੇ ਨੁਕਸਦਾਰ ਸਮਝ’ ਉੱਤੇ ਅਧਾਰਿਤ ਹਨ। -ਪੀਟੀਆਈ