ਦੂਸ਼ਿਤ ਪਾਣੀ ਨੇ ਘੇਰੇ ਮੰਡੀ ਕਲਾਂ ਦੇ ਰਾਹ
ਪੱਤਰ ਪ੍ਰੇਰਕ
ਚਾਉਕੇ, 10 ਜੂਨ
ਬਲਾਕ ਰਾਮਪੁਰਾ ਅਧੀਨ ਆਉਂਦੇ ਵੱਡੇ ਪਿੰਡ ਮੰਡੀ ਕਲਾਂ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਖ਼ੁਆਰ ਹੋਣ ਲਈ ਮਜਬੂਰ ਹਨ। ਪਿੰਡ ਮੰਡੀ ਕਲਾਂ ਵਿੱਚ ਰਾਮੂ ਕੀ ਪੱਤੀ ਵਾਲੀ ਗਲੀ ਵਿੱਚ ਸੀਵਰੇਜ ਵਾਲਾ ਪਾਣੀ ਗਲੀ ਵਿੱਚ ਭਰਨ ਕਾਰਨ ਮੁਹੱਲਾ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲੇ ਦੀ ਰਹਿਣ ਵਾਲੀ ਬਿਰਧ ਔਰਤ ਨੇ ਕਿਹਾ ਕਿ ਘਰ ਤੋਂ ਬਾਹਰ ਆਉਣ-ਜਾਣ ਸਮੇਂ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬੱਚੇ ਸਕੂਲ ਜਾਣ ਸਮੇਂ ਇਸ ਗੰਦੇ ਪਾਣੀ ਵਿਚੋਂ ਦੀ ਲੰਘ ਕੇ ਜਾਂਦੇ ਹਨ। ਮੁਹੱਲਾ ਵਾਸੀਆਂ ਨੇ ਕਿਹਾ ਕਿ ਇਸ ਗਲੀ ਵਿੱਚ ਗ਼ਰੀਬਾਂ ਦੇ ਘਰ ਹਨ, ਇਸ ਲਈ ਨਾਲੀਆਂ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਨਾਲੀਆਂ ਦੀ ਸਫ਼ਾਈ ਨਾ ਹੋਣ ਕਰ ਕੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਬਦਬੂ ਆਉਣ ਲੱਗ ਪਈ ਹੈ। ਨੌਜਵਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਖੋਖਰ ਵਾਲੀ ਸੜਕ ‘ਤੇ ਨਾਲੀਆਂ ਦੀ ਸਫ਼ਾਈ ਨਹੀਂ ਹੋਈ। ਇਸ ਕਾਰਨ ਦੂਸ਼ਿਤ ਪਾਣੀ ਸੜਕ ‘ਤੇ ਖੜ੍ਹਾ ਰਹਿੰਦਾ ਹੈ ਜਿਸ ਕਰ ਕੇ ਸੜਕ ਟੁੱਟਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਹੋਇਆ।
‘ਆਪ’ ਦੇ ਆਗੂ ਨਿਰਮਲ ਸਿੰਘ ਨਾਜ਼ ਨੇ ਕਿਹਾ ਕਿ ਛੱਪੜਾਂ ਦੇ ਦੂਸ਼ਿਤ ਪਾਣੀ ਦੀ ਨਿਕਾਸੀ ਲਈ ਅੰਡਰ ਗਰਾਊਂਡ ਸੀਵਰੇਜ ਪਾਇਆ ਜਾ ਰਿਹਾ ਹੈ। ਇਸ ਨਾਲ ਜਲਦੀ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।