ਦੂਸ਼ਿਤ ਪਾਣੀ ਦਾ ਮਾਮਲਾ: ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਮੰਗ
ਸਰਬਜੀਤ ਸਾਗਰ
ਦੀਨਾਨਗਰ, 20 ਨਵੰਬਰ
ਮੁਹੱਲਾ ਬੇਰੀਆਂ ਅੰਦਰ ਵਾਟਰ ਸਪਲਾਈ ਦਾ ਕਥਿਤ ਦੂਸ਼ਿਤ ਪਾਣੀ ਪੀਣ ਨਾਲ ਮਾਰੇ ਗਏ ਮਨੋਹਰ ਲਾਲ ਦੀ ਅੰਤਿਮ ਅਰਦਾਸ ਮੌਕੇ ਕਮਿਊਨਿਸਟ ਆਗੂਆਂ ਨੇ ਚਾਰਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸੀਪੀਆਈ ਦੇ ਹਲਕਾ ਇੰਚਾਰਜ ਸੁਭਾਸ਼ ਕੈਰੇ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਮੱਲ੍ਹੀ ਨੇ ਕਿਹਾ ਕਿ ਦੂਸ਼ਿਤ ਪਾਣੀ ਪੀਣ ਨਾਲ ਫੌਤ ਹੋਏ ਚਾਰੋਂ ਵਿਅਕਤੀ ਗਰੀਬ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਸਨ, ਜਿਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਮਨੋਹਰ ਲਾਲ ਚੰਡੀਗੜ੍ਹ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ, ਜਿਸ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਬਲਰਾਮ ਉਰਫ਼ ਭੋਲਾ ਰਾਮ ਆਪਣੀ ਪਤਨੀ ਤੇ ਧੀ ਦਾ ਇੱਕਮਾਤਰ ਸਹਾਰਾ ਸਨ। ਬਾਬਾ ਫੱਕਰ ਗਿਰੀ ਅਤੇ ਸ੍ਰੀਮਤੀ ਕਮਲਾ ਵੀ ਗਰੀਬ ਪਰਿਵਾਰਾਂ ਨਾਲ ਸਬੰਧਿਤ ਸਨ, ਜਿਨ੍ਹਾਂ ਦੀ ਮਦਦ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।
ਸੁਭਾਸ਼ ਕੈਰੇ ਨੇ ਕਿਹਾ ਕਿ ਵੱਡੇ ਆਗੂ ਤਾਂ ਦੂਰ ਵਾਰਡ ਦੇ ਕੌਂਸਲਰਾਂ ਨੇ ਵੀ ਕਿਸੇ ਦਾ ਹਾਲ-ਚਾਲ ਨਹੀਂ ਪੁੱਛਿਆ ਜਦਕਿ ਚੋਣਾਂ ਦੇ ਦਿਨਾਂ ’ਚ ਇਹ ਆਗੂ ਲੋਕਾਂ ਦੇ ਘਰ ਵਾਰ-ਵਾਰ ਗੇੜੇ ਮਾਰਦੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਜਲਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ ਜਾਵੇਗਾ ਅਤੇ ਜੇਕਰ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਉਹ ਹਮਖ਼ਿਆਲੀ ਜਥੇਬੰਦੀਆਂ ਦੀ ਮਦਦ ਨਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।