For the best experience, open
https://m.punjabitribuneonline.com
on your mobile browser.
Advertisement

ਬਿਜਲੀ ਦਾ 42 ਹਜ਼ਾਰ ਰੁਪਏ ਬਿੱਲ ਆਉਣ ਕਾਰਨ ਖ਼ਪਤਕਾਰ ਪ੍ਰੇਸ਼ਾਨ

08:49 AM Nov 14, 2024 IST
ਬਿਜਲੀ ਦਾ 42 ਹਜ਼ਾਰ ਰੁਪਏ ਬਿੱਲ ਆਉਣ ਕਾਰਨ ਖ਼ਪਤਕਾਰ ਪ੍ਰੇਸ਼ਾਨ
ਬਕਸੇ ਵਿੱਚ ਲੱਗਿਆ ਚਿੱਪ ਵਾਲਾ ਮੀਟਰ ਦਿਖਾਉਂਦੇ ਹੋਏ ਪੀੜਤ ਤੇ ਕਿਸਾਨ ਆਗੂ।
Advertisement

ਜਗਮੋਹਨ ਸਿੰਘ
ਰੂਪਨਗਰ, 13 ਨਵੰਬਰ
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਰੂਪਨਗਰ ਨੇ ਪਿੰਡ ਸਿੰਬਲ ਝੱਲੀਆਂ ਦੇ ਵਿਅਕਤੀ ਨੂੰ ਬਿਜਲੀ ਦੇ ਚਿੱਪ ਵਾਲੇ ਮੀਟਰ ਦੇ ਆਏ 42 ਹਜ਼ਾਰ ਰੁਪਏ ਬਿਲ ਦਾ ਸਖ਼ਤ ਨੋਟਿਸ ਲਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਨੇੜਲੇ ਪਿੰਡ ਸਿੰਬਲ ਝੱਲੀਆਂ ਦੇ ਸੁਖਵੰਤ ਸਿੰਘ ਦੇ ਘਰ ਪਾਵਰਕੌਮ ਨੇ ਬਿਜਲੀ ਦਾ ਚਿੱਪ ਵਾਲਾ ਮੀਟਰ ਲਗਾ ਦਿੱਤਾ ਹੈ। ਇਸ ਦਾ ਬਿਲ 42,000 ਰੁਪਏ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਖ਼ਪਤਕਾਰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਪਾਵਰਕੌਮ ਦੇ ਦਫ਼ਤਰ ‌ਗਿਆ ਤਾਂ ਉਸ ਨੂੰ ਖੱਜਲ-ਖ਼ੁਆਰ ਕੀਤਾ ਗਿਆ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਉਨ੍ਹਾਂ ਦਾ ਬਿਜਲੀ ਬਿੱਲ ਕਦੇ ਵੀ ਦੋ ਤਿੰਨ ਹਜ਼ਾਰ ਰੁਪਏ ਤੋਂ ਵੱਧ ਨਹੀਂ ਆਇਆ, ਪਰ ਇੰਨਾ ਵੱਡਾ ਬਿੱਲ ਉਹ ਭਰਨ ਤੋਂ ਅਸਮਰੱਥ ਹੈ। ਸ੍ਰੀ ਪੰਜੋਲਾ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਕਿਸਾਨ ਯੂਨੀਅਨ ਨੂੰ ਪੰਜਾਬ ਦੇ ਤਿੰਨ ਮੰਤਰੀਆਂ ਅਮਨ ਅਰੋੜਾ, ਹਰਪਾਲ ਸਿੰਘ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਭਵਿੱਖ ਵਿੱਚ ਚਿੱਪ ਵਾਲੇ ਮੀਟਰ ਨਹੀਂ ਲਗਾਏ ਜਾਣਗੇ, ਪਰ ਇਸ ਦੇ ਬਾਵਜੂਦ ਪਾਵਰਕੌਮ ਵੱਲੋਂ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਸ੍ਰੀ ਪੰਜੋਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਅੱਜ ਐਕਸੀਅਨ ਨਾਲ ਮੁਲਾਕਾਤ ਕਰ ਕੇ ਸਮੱਸਿਆ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਅਧਿਕਾਰੀ ਵੱਲੋਂ ਵੀ ਉਨ੍ਹਾਂ ਨੂੰ ਮੀਟਰ ਬਦਲੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਬੰਧਤ ਖ਼ਪਤਕਾਰ ਦਾ ਚਿੱਪ ਵਾਲਾ ਮੀਟਰ ਤੁਰੰਤ ਨਾ ਬਦਲਿਆ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋ ਜਾਣਗੇ। ਜਥੇਬੰਦੀ ਮੀਟਰ ਪੁੱਟਣ ਲਈ ਮਜਬੂਰ ਹੋਵੇਗੀ।
ਇਸ ਮੌਕੇ ਕੁਲਵਿੰਦਰ ਸਿੰਘ ਪੰਜੋਲਾ, ਕੁਲਵਿੰਦਰ ਸਿੰਘ ਸਿੰਬਲ ਝੱਲੀਆਂ, ਜਗਰੂਪ ਸਿੰਘ ਮੀਆਂਪੁਰ, ਭੁਪਿੰਦਰ ਸਿੰਘ ਡੇਕਵਾਲਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement