ਡਾਕਟਰ ਨਾਲ ਸਲਾਹ ਮਸ਼ਵਰਾ: ਕੇਜਰੀਵਾਲ ਦੀ ਅਪੀਲ ’ਤੇ ਈਡੀ ਨੂੰ ਨੋਟਿਸ
ਨਵੀਂ ਦਿੱਲੀ: ਦਿੱਲੀ ਦੀ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਪਣੇ ਨਿਯਮਤ ਡਾਕਟਰ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਸਲਾਹ ਮਸ਼ਵਰਾ ਕੀਤੇ ਜਾਣ ਦੀ ਮੰਗ ਕਰਦੀ ਅਰਜ਼ੀ ’ਤੇ ਈਡੀ ਨੂੰ ਜਵਾਬ ਦਾਅਵਾ ਦਾਖਲ ਕਰਨ ਦੀ ਹਦਾਇਤ ਕੀਤੀ ਹੈ। ਕੇਜਰੀਵਾਲ ਨੇ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੂੰ ਦਿੱਤੀ ਅਰਜ਼ੀ ਵਿਚ ਕਿਹਾ ਸੀ ਕਿ ਉਸ ਦੀ ਬਲੱਡ ਸ਼ੂਗਰ ਦਾ ਪੱਧਰ ਘਟ ਵਧ ਰਿਹਾ ਹੈ ਤੇ ਉਹ ਆਪਣੇ ਨਿਯਮਤ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਹੈ। ਜੱਜ ਨੇ ਈਡੀ ਨੂੰ 18 ਅਪਰੈਲ ਤੱਕ ਜਵਾਬ ਦਾਖ਼ਲ ਕਰਨਲ ਲਈ ਕਿਹਾ ਹੈ ਤੇ ਉਸੇ ਦਿਨ ਕੇਸ ਦੀ ਅਗਲੀ ਸੁਣਵਾਈ ਹੋ ਸਕਦੀ ਹੈ। ਉਂਜ ਈਡੀ ਵੱਲੋਂ ਪੇਸ਼ ਵਕੀਲ ਨੇ ਕੇਜਰੀਵਾਲ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਸੀ ਕਿ ਅਜਿਹੇ ਮਰੀਜ਼ਾਂ ਲਈ ਜੇਲ੍ਹ ਵਿਚ ਜ਼ਰੂਰੀ ਸਹੂਲਤਾਂ ਮੌਜੂਦ ਹਨ ਤੇ ਕੇਜਰੀਵਾਲ ਦੀ ਉਥੇ ਜਾਂਚ ਕੀਤੀ ਜਾ ਸਕਦੀ ਹੈ। ਇਸ ’ਤੇ ਕੇਜਰੀਵਾਲ ਦੇ ਵਕੀਲ ਨੇ ਕਿਹਾ, ‘‘ਜੇਕਰ ਮੈਂ (ਕੇਜਰੀਵਾਲ) ਆਪਣੀ ਸਿਹਤ ਦਾ ਧਿਆਨ ਰੱਖਦਾ ਹਾਂ ਤਾਂ ਈਡੀ ਇਸ ਦਾ ਵਿਰੋਧ ਕਿਉਂ ਕਰ ਰਹੀ ਹੈ?’’ ਕੇਜਰੀਵਾਲ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ 23 ਅਪਰੈਲ ਤੱਕ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਬੰਦ ਹਨ। -ਪੀਟੀਆਈ