ਰੇਲਵੇ ਅੰਡਰਬ੍ਰਿੱਜ ਬਣਾਉਣ ਦਾ ਕਾਰਜ ਸ਼ੁਰੂ
ਹਰਦੀਪ ਸਿੰਘ ਸੋਢੀ
ਧੂਰੀ, 14 ਅਕਤੂਬਰ
ਇਥੋਂ ਦੇ ਪਿੰਡ ਬੱਲਮਗੜ੍ਹ ਕੋਲ ਜਾਂਦੀ ਰੇਲਵੇ ਲਾਈਨ ’ਤੇ ਅੰਡਰਬ੍ਰਿੱਜ ਪੁਲ ਬਣਾਉਣ ਦਾ ਕੰਮ ਰੇਲਵੇ ਵਿਭਾਗ ਨੇ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਕੰਮ ਬੰਦ ਪਿਆ ਸੀ, ਜਿਸ ਕਾਰਨ ਪਿੰਡ ਬੱਲਮਗੜ੍ਹ ਤੋਂ ਇਲਾਵਾ ਦਰਜਨ ਪਿੰਡਾਂ ਦੇ ਲੋਕਾਂ ਨੂੰ ਅਪਣੇ ਕੰਮਾ ਕਾਰਾਂ ਨੂੰ ਕਰਵਾਉਣ ਲਈ ਲੰਮੀ ਦੂਰੀ ਤੈਅ ਕਰਕੇ ਸ਼ਹਿਰ ਆਉਣਾ ਪੈਂਦਾ ਸੀ। ਇਸ ਪੁਲ ਨੂੰ ਬਣਾਉਣ ਲਈ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਰੇਲਵੇ ਵਿਭਾਗ ਨੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੁਭਮ ਸ਼ਰਮਾ ਨੇ ਕਿਹਾ ਰੇਲਵੇ ਪੂਲ ਦੇ ਬਣਨ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਦਾ ਸਮਾਂ ਬਚੇਗਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਹੋ ਜਾਣਗੀਆਂ। ਉਨ੍ਹਾਂ ਕਿਹਾ ਧੂਰੀ ਹਲਕੇ ਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਹਲਕੇ ਦੇ ਵਿਕਾਸ ਲਈ ਕਾਂਗਰਸ ਪਾਰਟੀ ਹਮੇਸ਼ਾ ਤਿਆਰ ਰਹੇਗੀ। ਇਸ ਮੌਕੇ ਉੱਪਰ ਲਖਵੀਰ ਸਿੰਘ ਬਮਾਲ, ਸਤੀਸ਼ ਕੁਮਾਰ, ਜਰਨੈਲ ਸਿੰਘ ਬੱਲਮਗੜ੍ਹ, ਕੈਪਟਨ ਸੁਰਜੀਤ ਸਿੰਘ ਜਾਤੀਮਾਜਰਾ, ਨਛੱਤਰ ਸਿੰਘ ਕਿਸਾਨ ਆਗੂ, ਹੋਰ ਪਿੰਡਾਂ ਦੇ ਲੋਕ ਹਾਜ਼ਰ ਸਨ।