ਭਗਤਾਂਵਾਲਾ ਸਕੂਲ ਦੇ ਨਵੇਂ ਬਲਾਕ ਦੀ ਉਸਾਰੀ ਸ਼ੁਰੂ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 7 ਅਕਤੂਬਰ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਰਕਾਰੀ ਹਾਈ ਸਕੂਲ ਭਗਤਾਂਵਾਲਾ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬਲਾਕ ਦਾ ਕੰਮ ਸ਼ੁਰੂ ਕਰਵਾਇਆ। ਵਿਧਾਇਕ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਅੱਠ ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਹਨ, ਜਿੱਥੇ ਬੱਚਿਆਂ ਨੂੰ ਮੁੱਢਲੇ ਢਾਂਚੇ ਤੋਂ ਇਲਾਵਾ, ਖੇਡ ਮੈਦਾਨ, ਕੰਪਿਊਟਰਾਈਜ਼ਡ ਸਿੱਖਿਆ ਸਣੇ ਸਕੂਲਾਂ ਵਿੱਚ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ‘ਆਪ’ ਸਰਕਾਰ ਨੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚੋਂ ਵੀ ਟਰੇਨਿੰਗ ਦਿਵਾਈ ਹੈ।
ਵਿਧਾਇਕ ਡਾ. ਨਿੱਝਰ ਲੰਗੂਰ ਮੇਲੇ ਦੌਰਾਨ ਸ੍ਰੀ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਏ। ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੌਰਾਨ ਲੋਕ ਦੇਸ਼ਾਂ ਵਿਦੇਸ਼ਾਂ ਵਿੱਚੋਂ ਇੱਥੇ ਪਹੁੰਚ ਕੇ ਆਪਣੀ ਮਨੋਕਾਮਨਾ ਪੂਰੀ ਹੋਣ ’ਤੇ ਮੱਥਾ ਟੇਕਦੇ ਹਨ।
ਇਸ ਮੌਕੇ ਉਨ੍ਹਾਂ ਨਾਲ ਨਵਨੀਤ ਸ਼ਰਮਾ, ਨਰਿੰਦਰ ਮਰਵਾਹਾ, ਅਸ਼ੀਸ਼ ਕੁਮਾਰ, ਸ਼ਿਵ ਗਗਨ ਖੰਡੇਵਾਲੇ, ਮਨਦੀਪ ਸਿੰਘ, ਜਸਪਾਲ ਸਿੰਘ ਭੁੱਲਰ ਅਤੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ।