ਜੈ ਸਿੰਘ ਵਾਲਾ-ਜੱਸੀ ਬਾਗ ਵਾਲੀ ਸੰਪਰਕ ਸੜਕ ਦਾ ਨਿਰਮਾਣ ਸ਼ੁਰੂ
ਸ਼ਗਨ ਕਟਾਰੀਆ
ਬਠਿੰਡਾ, 26 ਸਤੰਬਰ
ਪਿੰਡ ਜੈ ਸਿੰਘ ਵਾਲਾ ਅਤੇ ਜੱਸੀ ਬਾਗ ਵਾਲੀ ਦਰਮਿਆਨ ਸੰਪਰਕ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਕੀਤਾ ਗਿਆ।
ਸ੍ਰੀ ਭੱਲਾ ਨੇ ਦੱਸਿਆ ਕਿ 13 ਕਿਲੋਮੀਟਰ ਲੰਮੀ ਇਹ ਸੜਕ ਬਣਾਏ ਜਾਣ ਲਈ ਇਲਾਕੇ ਦੇ ਲੋਕ ਪਿਛਲੇ ਡੇਢ ਦਹਾਕੇ ਤੋਂ ਮੰਗ ਕਰਦੇ ਆ ਰਹੇ ਸਨ, ਪ੍ਰੰਤੂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕ ਭਲਾਈ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰੀ ਰੱਖਿਆ। ਉਨ੍ਹਾਂ ਆਖਿਆ ਕਿ ਇਸ ਕੱਚੇ ਰਸਤੇ ਰਾਹੀਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਹ ਸਮੱਸਿਆ ਧਿਆਨ ਵਿੱਚ ਲਿਆਂਦੇ ਜਾਣ ਬਾਅਦ ਉਨ੍ਹਾਂ ਮੁੱਖ ਮੰਤਰੀ ਅਤੇ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਗੱਲਬਾਤ ਕਰਕੇ ਮੁਸ਼ਕਿਲ ਨੂੰ ਹੱਲ ਕਰਨ ਦੀ ਮੰਗ ਕੀਤੀ।
ਸ੍ਰੀ ਭੱਲਾ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ’ਤੇ ਕਰੀਬ 8 ਕਰੋੜ ਰੁਪਏ ਖ਼ਰਚ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸੜਕ ਇਕ ਸਾਲ ਵਿੱਚ ਤਿਆਰ ਕੀਤੀ ਜਾਵੇਗੀ ਅਤੇ ਸੜਕ ਬਣਾਉਣ ਵਾਲੀ ਕੰਪਨੀ ਨੇ ਪੰਜ ਸਾਲ ਦੀ ਗਾਰੰਟੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਬੱਧੀ ਪੰਜਾਬ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦਾ ਵਿਕਾਸ ਪਛੜ ਗਿਆ ਸੀ, ਪਰ ਹੁਣ ਇਸ ਨੂੰ ਪਹਿਲੇ ਨੰਬਰ ’ਤੇ ਲਿਆਂਦਾ ਜਾਵੇਗਾ। ਇਸ ਮੌਕੇ ਹਰਿੰਦਰ ਸਿੰਘ ਢਿੱਲੋਂ ਐੱਸਡੀਓ, ਵੀਰ ਸਿੰਘ ‘ਆਪ’ ਦੇ ਜ਼ਿਲ੍ਹਾ ਸਕੱਤਰ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਹਰਦੇਵ ਸਿੰਘ ਫੁੱਲੋ ਮਿੱਠੀ (ਸਾਰੇ ਬਲਾਕ ਪ੍ਰਧਾਨ), ਜਗਜੀਤ ਸਿੰਘ, ਕਰਤਾਰ ਸਿੰਘ ਘੁੱਦਾ, ਚਰਨਜੀਤ ਸਿੰਘ ਸੰਗਤ ਕਲਾਂ, ਤਰਸੇਮ ਸਿੰਘ ਪਥਰਾਲਾ, ਮੋਦਨ ਸਿੰਘ ਜੈ ਸਿੰਘ ਵਾਲਾ, ਸੁਖਦਰਸ਼ਨ ਸਿੰਘ ਸੋਹਲ ਆਰਟਿਸਟ ਸਮੇਤ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।