ਵੋਟ ਦੀ ਸੁਚੱਜੀ ਵਰਤੋਂ ਕਰਨਾ ਸੰਵਿਧਾਨਕ ਹੱਕ: ਖੁੱਡੀਆਂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 31 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਹਲਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਵੋਟ ਦੀ ਸੁਚੱਜੀ ਵਰਤੋਂ ਕਰਨ ਅਤੇ ਹਰ ਹਾਲ ਵੋਟ ਪਾਉਣ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟਾਂ ਵਾਲਾ ਦਿਨ ਕਿਸੇ ਮਹਾ-ਉਤਸਵ ਤੋਂ ਘੱਟ ਨਹੀਂ ਹੁੰਦਾ। ਬਾਬਾ ਸਾਹਿਬ ਡਾਕਟਰ ਭੀਮ ਰਾਓ ਕਮੇਟੀ ਵੱਲੋਂ ਲਿਖੇ ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਵੋਟ ਦਾ ਬਰਾਬਰ ਹੱਕ ਦਿੱਤਾ ਹੈ। ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਵੋਟ ਦੇ ਅਧਿਕਾਰ ਦੀ ਸੋਚ ਸਮਝ ਕੇ ਸੁਚੱਜੀ ਵਰਤੋਂ ਕਰੀਏ ਅਤੇ ਆਪਣੇ ਮਨਪਸੰਦ ਦਾ ਨੁਮਾਇੰਦਾ ਪਾਰਲੀਮੈਂਟ ਵਿੱਚ ਭੇਜੀਏ। ਉਨ੍ਹਾਂ ਅਪੀਲ ਕੀਤੀ ਕਿ ਵੋਟਾਂ ਵਾਲੇ ਦਿਨ ਲੋਕ ਕਿਸੇ ਵੀ ਸਿਆਸੀ ਬਹਿਕਾਵੇ ਵਿੱਚ ਆ ਕੇ ਆਪਸੀ ਪ੍ਰੇਮ ਪਿਆਰ ਅਤੇ ਸਮਾਜਿਕ ਭਾਈਚਾਰਕ ਸਾਂਝ ਨੂੰ ਕੋਈ ਆਂਚ ਨਾ ਆਉਣ ਦੇਣ। ਇਹੋ ਕਦਮ ਜਿੱਥੇ ਗੁਰੂਆਂ ਪੀਰਾਂ ਵੱਲੋਂ ਦਿੱਤੇ ਸਰਬ ਸਾਂਝੀਵਾਲਤਾ ਤੇ ਸੰਦੇਸ਼ ਪ੍ਰਤੀ ਸੱਚੀ ਸ਼ਰਧਾ ਹੋਵੇਗੀ।