ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਸੰਵਿਧਾਨ ਦਿਹਾੜਾ ਮਨਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਨਵੰਬਰ
ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਅੱਜ ’ਵਰਸਿਟੀ ’ਚ ਪੜ੍ਹ ਕੇ ਜੱਜ ਬਣੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਗਾਈਡੈਂਸ ਸੈਮੀਨਾਰ ਵੀ ਕਰਵਾਇਆ ਗਿਆ। ਇਸ ਦੌਰਾਨ ’ਵਰਸਿਟੀ ਵਿੱਚ ਸੰਵਿਧਾਨ ਦਿਵਸ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾ ਕੇ ਮਨਾਇਆ। ਜੱਜ ਬਣਨ ਵਾਲੇ ਵਿਦਿਆਰਥੀਆਂ ਵਿੱਚ ਯਤਨ ਕਵਾਤਰਾ, ਸ਼੍ਰਿਸ਼ਟੀਪ੍ਰੀਤ ਕੌਰ, ਅਖਿਲ ਗੁਪਤਾ, ਕੁਨਾਲ ਮਿੱਤਲ ਅਤੇ ਮਿਤਾਲੀ ਗੋਇਲ ਸ਼ਾਮਲ ਹਨ, ਜਿਨ੍ਹਾਂ ਦਾ ਅੱਜ ਯੂਨੀਵਰਸਿਟੀ ਵਿਚ ਭਰਵਾਂ ਸਵਾਗਤ ਕੀਤਾ ਗਿਆ ਤੇ ਇਨ੍ਹਾਂ ਦੀਆਂ ਪ੍ਰਾਪਤੀਆਂ ਕਰਕੇ ਸਨਮਾਨ ਵੀ ਕੀਤਾ ਗਿਆ। ਜੱਜ ਬਣੇ ਇਨ੍ਹਾਂ ਅਲੂਮਨੀ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੈ ਸ਼ੰਕਰ ਸਿੰਘ ਨੇ ਕਿਹਾ ਕਿ ਜੱਜ ਬਣੇ ਇਨ੍ਹਾਂ ਦੀ ਵਿਦਿਆਰਥੀਆਂ ਦੀ ਕਾਮਯਾਬੀ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ। ਜੱਜ ਬਣੇ ਅਲੂਮਨੀ ਨੇ ਸੈਮੀਨਾਰ ਵਿੱਚ ਜੱਜ ਬਣਨ ਦੇ ਸਫ਼ਰ, ਚੁਣੌਤੀਆਂ ਅਤੇ ਕਾਮਯਾਬੀ ਬਾਰੇ ਜਾਣਕਾਰੀ ਸਾਂਝੀ ਕੀਤੀ। ਵਾਈਸ ਚਾਂਸਲਰ ਡਾ. ਜੈ ਸ਼ੰਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਲਗਨ ਤੇ ਸਖ਼ਤ ਮਿਹਨਤ ਦਾ ਪ੍ਰਮਾਣ ਹੈ।
ਪਬਲਿਕ ਕਾਲਜ ਵਿੱਚ ਸੰਵਿਧਾਨ ਦਿਹਾੜਾ ਮਨਾਇਆ
ਸਮਾਣਾ (ਸੁਭਾਸ਼ ਚੰਦਰ):
ਪਬਲਿਕ ਕਾਲਜ ਅਤੇ ਕਾਲਜ ਅਧੀਨ ਚਲਾਏ ਜਾ ਰਹੇ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਰਾਜਨੀਤੀ ਸ਼ਾਸਤਰ, ਲੋਕ ਪ੍ਰਸਾਸ਼ਨ ਅਤੇ ਐੱਨਐੱਸਐੱਸ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮੌਕੇ ਵਿਦਿਆਰਥੀਆਂ ਦੇ ਪਰਚੇ ਪੜ੍ਹਨ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਭਾਰਤੀ ਸੰਵਿਧਾਨ ਦੇ ਇਤਿਹਾਸਕ ਪਿਛੋਕੜ, ਸੰਵਿਧਾਨ ਸਭਾ ਦੀ ਬਣਤਰ, ਪ੍ਰਸਤਾਵਨਾ, ਵਿਸੇਸ਼ਤਾਵਾਂ, ਮਹੱਤਵਪੂਰਨ ਸੋਧਾਂ, ਮੌਜੁੂਦਾ ਸਥਿਤੀ ਅਤੇ ਸੰਵਿਧਾਨ ਦੇ ਮਹੱਤਵ ਬਾਰੇ ਪੇਪਰ ਪੜ੍ਹੇ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਵੱਲੋਂ ਭਾਰਤੀ ਸੰਵਿਧਾਨ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿਚ ਮਨਵੀਰ ਕੌਰ ਨੇ ਪਹਿਲਾ, ਗੁਨਗੁਨ ਨੇ ਦੂਜਾ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।