ਸਰਕਾਰੀ ਕਾਲਜ ਵਿੱਚ ਸੰਵਿਧਾਨ ਦਿਹਾੜਾ ਮਨਾਇਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 27 ਨਵੰਬਰ
ਪਿੰਡ ਰੋਸ਼ਨਵਾਲਾ ਦੇ ਡਾ. ਅੰਬੇਡਕਰ ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਰਚਨਾ ਭਾਰਦਵਾਜ ਦੀ ਅਗਵਾਈ ਹੇਠ ਸੰਵਿਧਾਨ ਦਿਹਾੜਾ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਭਾਰਤੀ ਸੰਵਿਧਾਨ ਅਤੇ ਉਸ ਦੀਆਂ ਵੱਖ-ਵੱਖ ਧਾਰਾਵਾਂ ’ਤੇ ਚਰਚਾ ਕੀਤੀ। ‘ਨੁੱਕੜ ਨਾਟਕ’ ਰਾਹੀਂ ਵਿਦਿਆਰਥੀਆਂ ਨੇ ਔਰਤਾਂ ਦੇ ਹੱਕਾਂ ਨੂੰ ਲੈ ਕੇ ਸਮਾਜ ਵਿਚ ਮੌਜੂਦ ਰੁਕਾਵਟਾਂ ਅਤੇ ਸੰਸਕ੍ਰਿਤਿਕ ਧਾਰਨਾਵਾਂ ਨੂੰ ਪ੍ਰਦਰਸ਼ਿਤ ਕੀਤਾ। ਕੁਇਜ਼ ਵਿਚ ਵਿਦਿਆਰਥੀਆਂ ਨੇ ਭਾਰਤੀ ਸੰਵਿਧਾਨ, ਉਸ ਦੀਆਂ ਧਾਰਾਵਾਂ ਅਤੇ ਇਤਿਹਾਸਕ ਮਹੱਤਤਾ ਬਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਸੰਵਿਧਾਨ ਦਿਵਸ ਸਬੰਧੀ ਜਾਗਰੂਕਤਾ ਰੈਲੀ ਵੀ ਕੀਤੀ। ਪ੍ਰੋਗਰਾਮ ਦੇ ਪ੍ਰਬੰਧਕ ਪ੍ਰੋਫੈਸਰ ਸ਼ਵੇਤਾ ਚੰਦਵਾਨੀ ਨੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਪਟਿਆਲਾ ਦੇ ਵਿਮੈੱਨ ਕਾਲਜ ਵਿੱਚ ਸਮਾਗਮ ਕਰਵਾਇਆ
ਪਟਿਆਲਾ (ਖੇਤਰੀ ਪ੍ਰਤੀਨਿਧ):
ਵਿਮੈੱਨ ਕਾਲਜ ਪਟਿਆਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਪ੍ਰੋ. ਰੇਨੂੰ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਪ੍ਰੋ. ਸ਼ਿਆਮ ਸੁੰਦਰ ਸ਼ਰਮਾ ਨੇ ਇਸ ਦਿਨ ਦੀ ਸਾਰਥਿਕਤਾ ਸਬੰਧੀ ਭਾਸ਼ਣ ਦਿੱਤਾ ਜਿਸ ਦੌਰਾਨ ਉਨ੍ਹਾਂ ਨੇ ਸੰਵਿਧਾਨ ਸਭਾ ਅਤੇ ਸੰਵਿਧਾਨ ਦੇ ਨਿਰਮਾਣ ਦਾ ਜ਼ਿਕਰ ਕੀਤਾ। ਪ੍ਰਿੰਸੀਪਲ ਰੇਨੂੰ ਨੇ ‘ਕਾਨੂੰਨ ਦੇ ਰਾਜ’ ਦੇ ਸੰਕਲਪ ਦਾ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਵਿਧਾਨ ਦੇ ਰਚੇਤਾ ਡਾ. ਬੀਆਰ ਅੰਬੇਡਕਰ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਪ੍ਰੋ. ਰਜਿੰਦਰ ਕੌਰ ਅਤੇ ਪ੍ਰੋ. ਪੂਜਾ ਬਾਂਸਲ ਨੇ ਵੀ ਵਿਚਾਰ ਪੇਸ਼ ਕੀਤੇ।