ਸਰਕਾਰੀ ਕਾਲਜ ਵਿੱਚ ‘ਸੰਵਿਧਾਨ ਦਿਵਸ’ ਮਨਾਇਆ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਨਵੰਬਰ
ਸਥਾਨਕ ਸਰਕਾਰੀ ਕਾਲਜ ਵਿੱਚ ਐੱਨ.ਐੱਸ.ਐੱਸ. ਤੇ ਰੈੱਡ ਰਿਬਨ ਕੱਲਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਅਤੇ ਰਾਜਨੀਤੀ ਸ਼ਾਸਤਰ ਦੇ ਪ੍ਰੋ. ਅਨੂ ਬਾਲਾ ਦੇ ਸਹਿਯੋਗ ਨਾਲ ‘ਸੰਵਿਧਾਨ ਦਿਵਸ’ ਮਨਾਇਆ ਗਿਆ।
ਪ੍ਰਿੰਸੀਪਲ ਅਨੀਤਾ ਸਾਗਰ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਸੰਵਿਧਾਨ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝਦਿਆਂ ਅਧਿਕਾਰਾਂ ਨੂੰ ਮਾਨਣ ਦੇ ਨਾਲ-ਨਾਲ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ। ਪ੍ਰੋ. ਵਿਜੇ ਕੁਮਾਰ ਨੇ ਕਿਹਾ ਕਿ ਇਸ ਦਿਵਸ ਨੂੰ ‘ਰਾਸ਼ਟਰੀ ਕਾਨੂੰਨ ਦਿਵਸ’ ਦੇ ਤੌਰ ’ਤੇ ਵੀ ਮਨਾਇਆ ਜਾਂਦਾ ਹੈ। ਪ੍ਰੋ. ਅਨੂ ਬਾਲਾ ਨੇ ਕਿਹਾ ਕਿ ਅੱਜ ਦੀ ਨਾਰੀ ਜੋ ਵੀ ਅਧਿਕਾਰ ਮਾਣ ਰਹੀ ਹੈ, ਉਹ ਸਾਰੇ ਸੰਵਿਧਾਨ ਵੱਲੋਂ ਦਿੱਤੇ ਗਏ ਹਨ। ਇਸ ਮੌਕੇ ਵਿਦਿਆਰਥੀਆਂ ਨੇ ਵੀ ਵਿਸ਼ੇ ਨਾਲ ਸਬੰਧਤ ਆਪਣੇ ਵਿਚਾਰ ਪ੍ਰਗਟ ਕੀਤੇ। ਵਿਦਿਆਰਥੀਆਂ ਵੱਲੋਂ ਪੋਸਟਰ ਵੀ ਬਣਾਏ ਗਏ। ਇਸ ਵਿੱਚ ਪਹਿਲਾ ਸਥਾਨ ਜਸਕਰਨ, ਦੂਸਰਾ ਨਵਜੋਤ ਅਤੇ ਤੀਸਰਾ ਸਿਮਰਨਜੀਤ ਕੌਰ ਨੇ ਹਾਸਿਲ ਕੀਤਾ। ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋ. ਵਿਜੇ ਕੁਮਾਰ ਵੱਲੋਂ ਸਟਾਫ ਤੇ ਵਿਦਿਆਰਥੀਆਂ ਨੂੰ ਸੰਵਿਧਾਨ ਪ੍ਰਤੀ ਬਣਦੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁਕਾਈ।
ਪਠਾਨਕੋਟ (ਪੱਤਰ ਪ੍ਰੇਰਕ):
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਐੱਸਡੀਐੱਮ ਅਰਸ਼ਦੀਪ ਸਿੰਘ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਅੱਗੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਜ਼ਿਲ੍ਹਾ ਭਲਾਈ ਅਫਸਰ ਮਨਜੀਤ ਸਿੰਘ, ਡਿਪਟੀ ਡੀਈਓ ਡੀਜੀ ਸਿੰਘ, ਗੁਰਦੀਪ ਸਫਰੀ, ਲਖਵਿੰਦਰ ਸਿੰਘ, ਯੁਗੇਸ਼ ਕੁਮਾਰ, ਰੋਹਿਤ ਕੁਮਾਰ, ਮੇਜਰ ਪਰਮਿੰਦਰ ਸਿੰਘ ਆਦਿ ਨੇ ਸ਼ਰਧਾਂਜਲੀ ਦਿੱਤੀ।
ਸਕੂਲ ਵਿੱਚ ਸੰਵਿਧਾਨ ਦਿਵਸ ਸਬੰਧੀ ਸੈਮੀਨਾਰ
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ):
ਸਰਕਾਰੀ ਹਾਈ ਸਕੂਲ ਡਘਾਮ ਵਿੱਚ ਅੱਜ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਅਧਿਆਪਕਾ ਨਵਦੀਪ ਸਹਿਗਲ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਕੂਲ ਗਾਈਡੈਂਸ ਕਾਊਂਸਲਰ ਮਾਸਟਰ ਹਰਦੀਪ ਕੁਮਾਰ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਲੈਕਚਰਾਰ ਨਰੇਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਸਬੰਧੀ ਜਾਣਕਾਰੀ ਦਿੱਤੀ।