ਹਲਕਾ ਵਾਸੀਆਂ ਦੀ ਸੇਵਾ ਮੇਰੀ ਜ਼ਿੰਮੇਵਾਰੀ: ਕੰਗ
ਮਿਹਰ ਸਿੰਘ
ਕੁਰਾਲੀ, 20 ਸਤੰਬਰ
ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਹਲਕੇ ਦੀ ਸੇਵਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਅੱਜ ਪਿੰਡ ਖਿਜ਼ਰਾਬਾਦ ਵਿੱਚ ਕੁਸ਼ਤੀ ਦੰਗਲ ਵਿੱਚ ਪੁੱਜੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹਲਕਾ ਵਾਸੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਉਨ੍ਹਾਂ ਨੂੰ ਹਲਕੇ ਦੀ ਸੇਵਾ ਸੌਂਪੀ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦੀ ਹਰ ਸਮੱਸਿਆ ਅਤੇ ਮੰਗ ਪੂਰੀ ਕਰਵਾਉਣੀ ਉਨ੍ਹਾਂ ਦੀ ਤਰਜੀਹ ਹੋਵੇਗੀ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੰਗ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਮੌਜੂਦਾ ‘ਆਪ’ ਸਰਕਾਰ ਵੱਲੋਂ ਖੇਡਾਂ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਬਚਨਵੱਧ ਹੈ। ਇਸ ਮੰਤਵ ਲਈ ਸਰਕਾਰ ਨਿਰੰਤਰ ਜੁਟੀ ਹੋਈ ਹੈ। ਸ੍ਰੀ ਕੰਗ ਨੇ ਖਿਜ਼ਾਰਾਬਾਦ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਖੇਡ ਕਲੱਬਾਂ ਤੇ ਛਿੰਝ ਕਮੇਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਪਿੰਡ ਦੇ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਹੋਰ ਵਧੇਰੇ ਸਹੂਲਤਾਂ ਦੇਣ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪਿੰਡ ਵਾਸੀਆਂ ਨੇ ਇਲਾਕੇ ਵਿੱਚ ਲੱਗੇ ਪੈਰਾਫੇਰੀ ਐਕਟ ਨੂੰ ਖਤਮ ਕਰਕਾ ਕੇ ਇਲਾਕਾ ਨਿਵਾਸੀਆਂ ਨੂੰ ਇਸ ਤੋਂ ਮੁਕਤੀ ਦਿਵਾਉਣ ਲਈ ਲੋਕ ਸਭਾ ਮੈਂਬਰ ਸ੍ਰੀ ਕੰਗ ਤੋਂ ਮੰਗ ਕੀਤੀ ਕਿ ਇਹ ਮਾਮਲਾ ਲੋਭ ਸਭਾ ਵਿੱਚ ਉਭਾਰ ਕੇ ਹਲਕੇ ਨੂੰ ਰਾਹਤ ਦਿਵਾਈ ਜਾਵੇ।