ਕਾਂਗਰਸ ਦਾ ਹਲਕਾ ਇੰਚਾਰਜ ‘ਆਪ’ ਵਿੱਚ ਸ਼ਾਮਲ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 2 ਨਵੰਬਰ
ਕਾਂਗਰਸ ਦੇ ਹਲਕਾ ਚੱਬੇਵਾਲ ਤੋਂ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਰਸੂਲਪੁਰੀ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਵੀ ‘ਆਪ’ ਵਿੱਚ ਸ਼ਾਮਲ ਹੋ ਗਏ, ਜੋ ਕਾਂਗਰਸ ਯੂਥ ਵਿੰਗ ਚੱਬੇਵਾਲ ਦੇ ਪ੍ਰਧਾਨ ਅਤੇ ਸਾਬਕਾ ਕਾਂਗਰਸ ਵਿਧਾਇਕ ਰਾਮ ਰਤਨ ਦੇ ਪੋਤਰੇ ਹਨ। ਮੁੱਖ ਮੰਤਰੀ ਭਗਵੰਤ ਮਾਨ ਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਚੰਡੀਗੜ੍ਹ ਵਿੱਚ ਰਸੂਲਪੁਰੀ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ।
ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ, ਚੱਬੇਵਾਲ ਤੋਂ ਕਾਂਗਰਸ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ। ਹਾਲਾਂਕਿ ਕਾਂਗਰਸ ਨੇ ਬਸਪਾ ਆਗੂ ਰਣਜੀਤ ਕੁਮਾਰ ਨੂੰ ਟਿਕਟ ਦੇ ਦਿੱਤੀ। ਰਸੂਲਪੁਰੀ ਨੇ ਕਿਹਾ ਕਿ ਉਹ ਪਿਛਲੇ 30 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਉਹ ਜ਼ਮੀਨੀ ਪੱਧਰ ’ਤੇ ਮਿਹਨਤ ਕਰਕੇ ਵਰਕਰਾਂ ਨੂੰ ਨਾਲ ਜੋੜ ਕੇ ਕਾਂਗਰਸ ਨੂੰ ਮਜ਼ਬੂਤ ਕਰਦੇ ਰਹੇ ਪਰ ਪਾਰਟੀ ਨੇ ਉਨ੍ਹਾਂ ਨੂੰ ਧੋਖਾ ਦਿੱਤਾ। ਗੁਰਪ੍ਰੀਤ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਨੇ ਵੀ ਲੰਬਾ ਸਮਾਂ ਪਾਰਟੀ ਲਈ ਸੇਵਾ ਕੀਤੀ ਹੈ ਪਰ ਲੀਡਰਸ਼ਿਪ ਨੇ ਗੈਰ-ਕਾਂਗਰਸੀ ਨੂੰ ਟਿਕਟ ਦੇ ਦਿੱਤੀ। ਰਸੂਲਪੁਰੀ ਨੇ ਮੁੱਖ ਮੰਤਰੀ ਮਾਨ ਨੂੰ ਦੱਸਿਆ ਕਿ ਉਨ੍ਹਾਂ ਨਾਲ ਹਲਕੇ ਦੇ ਹਜ਼ਾਰਾਂ ਕਾਂਗਰਸੀ ਪਰਿਵਾਰ ਜੋ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹਨ, ਉਹ ਵੀ ‘ਆਪ’ ਨਾਲ ਜੁੜਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਵਿਚ ਉਨ੍ਹਾਂ ਦਾ ਮਾਣ-ਸਨਮਾਨ ਬਰਕਰਾਰ ਰਹੇਗਾ।