ਅਜਨਾਲਾ ’ਚੋਂ ਵਿਸਫੋਟਕਾਂ, ਹਥਿਆਰਾਂ ਤੇ ਗੋਲੀਸਿੱਕੇ ਦੀ ਖੇਪ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਮਈ
ਬੀਐੈੱਸਐੱਫ ਨੇ 2.7 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ, ਜਿਸ ਦੇ ਆਰਡੀਐਕਸ ਹੋਣ ਦਾ ਸ਼ੱਕ ਹੈ, ਬਰਾਮਦ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਪੰਜਾਬ ਪੁਲੀਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਕੌਮਾਂਤਰੀ ਸਰਹੱਦ ਨੇੜੇ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਪੁੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਅਜਨਾਲਾ ਦੇ ਚੱਕ ਬਾਲਾ ਪਿੰਡ ’ਚੋਂ ਵਿਸਫੋਟਕ, ਹਥਿਆਰ ਤੇ ਗੋਲੀਸਿੱਕੇ ਦੀ ਖੇਪ ਬਰਾਮਦ ਕੀਤੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘10 ਮਈ ਨੂੰ ਪਿੰਡ ਚੱਕ ਬਾਲਾ ਨੇੜੇ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਾਡੀਆਂ ਟੀਮਾਂ ਨੇ ਖੇਤਾਂ ’ਚੋਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ।’’ ਬੀਐੱਸਐੱਫ ਅਤੇ ਪੁਲੀਸ ਨੇ ਮੌਕੇ ਤੋਂ 972 ਗ੍ਰਾਮ ਆਰਡੀਐਕਸ, ਦੋ .30 ਬੋਰ ਪਿਸਤੌਲ, ਚਾਰ ਮੈਗਜ਼ੀਨਾਂ, 30 ਜ਼ਿੰਦਾ ਰੌਂਦ, ਦੋ ਹੱਥਗੋਲੇ, ਦੋ ਲਾਈਵ ਡੈਟੋਨੇਟਰ, ਰਿਮੋਟ ਕੰਟਰੋਲ ਡਿਵਾਈਸ ਅਤੇ ਚਾਰਜਰ, ਕਮਾਂਡ ਮਕੈਨਿਜ਼ਮ, ਅੱਠ ਬੈਟਰੀਆਂ ਅਤੇ ਇੱਕ ਬਲੈਕ ਬਾਕਸ ਬਰਾਮਦ ਕੀਤਾ ਹੈ। ਪੂਰੀ ਖੇਪ ਡਰੋਨ ਰਾਹੀਂ ਸੁੱਟੀ ਗਈ ਸੀ। ਇਸ ਸਬੰਧ ਵਿੱਚ ਵਿਸਫੋਟਕ ਪਦਾਰਥ ਐਕਟ, ਅਸਲਾ ਐਕਟ ਅਤੇ ਏਅਰਕ੍ਰਾਫਟ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।