ਰੂੜੀਵਾਦੀ ਰਵਾਇਤਾਂ ਅਤੇ ਸਿੱਖ ਔਰਤ ਦਾ ਰੁਤਬਾ
ਡਾ. ਕੰਵਲਜੀਤ ਕੌਰ ਢਿੱਲੋਂ
ਗੁਰਬਾਣੀ, ਸਿੱਖ ਦਾਰਸ਼ਨਿਕ ਸਿਧਾਂਤ ਵਿੱਚ ਹਰ ਤਰ੍ਹਾਂ ਦੀ ਨਾ ਬਰਾਬਰੀ ਖ਼ਤਮ ਕਰਕੇ ਔਰਤ ਅਤੇ ਮਰਦ ਦੀ ਬਰਾਬਰ ਦੀ ਹਿੱਸੇਦਾਰੀ ਅਤੇ ਇਨਸਾਨੀ ਕਦਰ ਉੱਪਰ ਆਪਣਾ ਸੰਵਾਦ ਸਿਰਜਦੀ ਹੈ। ਗੁਰਬਾਣੀ ‘ਮਨੁੱਖ’ ਨੂੰ ਕੇਂਦਰੀ ਬਿੰਦੂ ਵਜੋਂ ਪੇਸ਼ ਕਰਦੀ ਹੈ, ਜਿਸ ਵਿੱਚ ਕਿਰਤ ਨੂੰ ਮਹੱਤਵ ਪ੍ਰਦਾਨ ਹੈ, ਕਰਮ ਕਾਂਡ ਨੂੰ ਨਹੀਂ। ਸਰਬੱਤ ਦਾ ਭਲਾ, ਵੰਡ ਛਕਣਾ, ਚੜ੍ਹਦੀ ਕਲਾ ਦਾ ਸਕੰਲਪ, ਸੱਚ ਦੇ ਨਾਮ ਦਾ ਪਹਿਰਣ ਹੀ ਗੁਰਬਾਣੀ ਦਾ ਮੂਲ ਧੁਰਾ ਹੈ।
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਚਾਰ ਵੇਦ, ਇਸਲਾਮ ਧਰਮ, ਈਸਾਈ ਮੱਤ, ਜੈਨ ਮੱਤ, ਸੂਫੀ ਮੱਤ, ਨਾਥ ਜੋਗੀ ਪਰੰਪਰਾ, ਹਿੰਦੂ ਮੱਤ ਅਤੇ ਮੰਨੂ ਸਮ੍ਰਿਤੀ ਦੇ ਦਾਰਸ਼ਨਿਕ ਸਿਧਾਂਤ ਮੌਜੂਦ ਸਨ। ਗੁਰੂ ਨਾਨਕ ਪੂਰਬਲੇ ਦਾਰਸ਼ਨਿਕ ਸਿਧਾਂਤਾਂ ਨਾਲ ਸੰਵਾਦ ਰਚਾਉਂਦੇ, ਉਨ੍ਹਾਂ ਨੂੰ ਨਕਾਰ ਕੇ, ਉਨ੍ਹਾਂ ਨੂੰ ਰੱਦ ਕਰਦੇ ਹੋਏ ਵਿਰੋਧ ਵਿੱਚੋਂ ਨਵੀਂ ਜੀਵਨ ਜਾਚ ਦਾ ਸਿਧਾਂਤ ਪੇਸ਼ ਕਰਦੇ ਹਨ। ਸਿੱਧ, ਨਾਥ, ਯੋਗੀ ਜੋ ਔਰਤ ਨੂੰ ਬਾਘਣ, ਮੰਨੂ ਸਮ੍ਰਿਤੀ ਔਰਤ ਨੂੰ ਪਸ਼ੂ (ਢੋਰ ਗੰਵਾਰ ਸ਼ੂਦਰ ਪਸ਼ੂ ਨਾਰੀ, ਸਭ ਤਾੜਨ ਕੇ ਅਧਿਕਾਰੀ) ਆਦਿ ਸ਼ਬਦ ਉਚਾਰ ਕੇ ਇਸਤਰੀ ਨੂੰ ਨੀਵੇਂ ਦਰਜੇ ਵਿੱਚ ਸਥਾਪਤ ਕਰ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਅਜਿਹੀਆਂ ਮਾਨਤਾਵਾਂ ਦੇ ਸਨਮੁਖ ਆਪਣੀ ਸਾਮੰਤੀ ਕਦਰਾਂ ਕੀਮਤਾਂ ਵਿਰੋਧੀ ਵਿਚਾਰਧਾਰਾ ਨੂੰ ਪੇਸ਼ ਕੀਤਾ ਜੋ ਸਮਾਜ ਵਿੱਚ ਔਰਤ ਦੀ ਇਨਸਾਨੀ ਕਦਰ ਨੂੰ ਸਥਾਪਿਤ ਕਰਦੀ ਸੀ। ਗੁਰੂ ਨਾਨਕ ਦੀ ਬਾਣੀ ਅਸਲ ਵਿੱਚ ਉਸ ਇਤਿਹਾਸਕ ਦੌਰ ਦੀ ਉਪਜ ਸੀ ਜਦੋਂ ਮੱਧਕਾਲ ਤੋਂ ਆਧੁਨਿਕ ਸਮੇਂ ਵੱਲ ਆਉਣ ਦਾ ਅਮਲ ਸ਼ੁਰੂ ਹੋਇਆ। ਸਮਾਜਿਕ ਜੀਵਨ ਵਿੱਚ ਤ੍ਰਿਸਕਾਰ ਨਾਲ ਦੇਖੀ ਜਾਂਦੀ ਨਾਰੀ, ਨਾਥ ਜੋਗੀਆਂ ਵੱਲੋਂ ਨਾਰੀ ਦਾ ਤਿਆਗ ਕਰਨ ਦੇ ਸਿਧਾਂਤ ਅਤੇ ਸੰਨਿਆਸ ਦੇ ਸੰਕਲਪ ਨੂੰ ਚੁਣੌਤੀ ਦਿੰਦੇ ਹੋਏ ਗੁਰੂ ਸਾਹਿਬ ਉਨ੍ਹਾਂ ਨੂੰ ਸਵਾਲ ਕਰਦੇ ਕਹਿੰਦੇ ਹਨ ਕਿ ਸੰਨਿਆਸ ਦਾ ਤਰਕ ਦੇਣ ਵਾਲੇ ਕੀ ਔਰਤ ਦੇ ਪੇਟ ’ਚੋਂ ਪੈਦਾ ਨਹੀਂ ਹੋਏ? ਕਿਉਂਕਿ ਇਸ ਸੰਸਾਰ ਵਿੱਚ ਜਨ ਮਾਨਸ ਦੀ ਪੈਦਾਇਸ਼ ਦਾ ਆਧਾਰ ਔਰਤ ਹੀ ਹੈ। ਗੁਰੂ ਨਾਨਕ ਆਸਾ ਦੀ ਵਾਰ ਵਿੱਚ ਸੰਨਿਆਸ ਦੇ ਸਨਮੁਖ ਗ੍ਰਹਿਸਤ ਅਤੇ ਸਮਾਜਿਕ ਰਹਿਤਲ ਵਿੱਚ ਨਿਸੱਤੀ ਹੋਈ ਔਰਤ ਦੀ ਵਡਿਆਈ ਦਾ ਸੰਵਾਦ ਸਿਰਜਦੇ ਹਨ;
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ।।
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ।।
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।।
ਗੁਰੂ ਨਾਨਕ ਦੇਵ ਜੀ ਦੀ ਧਾਰਮਿਕ ਸੁਧਾਰਕ ਸਿੱਖਿਆ ਲੋਕਾਈ ਵਿੱਚ ਬਰਾਬਰੀ ਦਾ ਐਲਾਨ ਕਰਦੀ ਸੀ ਜਿਹੜੀ ਸਿੱਖਿਆ ਆਪਣੇ ਜ਼ਾਹਰ ਰੂਪ ਵਿੱਚ ਧਾਰਮਿਕ ਰਹੱਸਵਾਦੀ, ਪਰ ਆਪਣੇ ਤੱਤ ਰੂਪ ਵਿੱਚ ਜਗੀਰਦਾਰੀ ਕਦਰਾਂ ਕੀਮਤਾਂ ਅਤੇ ਮੰਨੂਵਾਦੀ ਸੋਚ ਦੇ ਵਿਰੋਧ ਦੀ ਸੀ। ਇਸ ਕਰਕੇ ਗੁਰੂ ਅਮਰਦਾਸ ਜੀ ਦੇ ਸਮੇਂ ਜਾਤ ਪਾਤ, ਊਚ ਨੀਚ ਅਤੇ ਛੂਤਪੁਣੇ ਦੇ ਖਾਤਮੇ ਦੇ ਪ੍ਰਤੀਨਿਧ ਬਿੰਬ ਵਜੋਂ ਲੰਗਰ ਪ੍ਰਥਾ ਚਾਲੂ ਕੀਤੀ ਗਈ। ਉਸ ਉੱਪਰ ਕਿੰਤੂ ਕਰਦਿਆਂ ਬ੍ਰਾਹਮਣਾਂ ਵੱਲੋਂ ਸਮੇਂ ਦੇ ਬਾਦਸ਼ਾਹ ਨੂੰ ਇੱਕ ਸ਼ਿਕਾਇਤ ਭੇਜੀ ਗਈ ਕਿ ‘ਉਹ ਆਪਣੇ ਅਨੁਯਾਈਆਂ ਨੂੰ ਇੱਕ ਕਤਾਰ ਵਿੱਚ ਬਿਠਾਉਂਦਾ ਹੈ, ਉਸ ਦੇ ਲੰਗਰ ਵਿੱਚੋਂ ਖਾਣਾ ਖਾਣ ਵਾਲੇ ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ’ ਗੁਰੂ ਇਸ ਗੱਲ ਤੋਂ ਬਿਲਕੁਲ ਆਜ਼ਾਦ ਹੈ।’
ਮੱਧਕਾਲ ਵਿੱਚ ਯੂਰਪ ਵਿੱਚ ਵੀ ਜਿਨ੍ਹਾਂ ਔਰਤਾਂ ਨੇ ਬਰਾਬਰੀ ਦੀ ਗੱਲ ਕੀਤੀ, ਔਰਤਾਂ ਦੇ ਅਧਿਕਾਰਾਂ ਦੀ ਗੱਲ ਕੀਤੀ, ਔਰਤਾਂ ਦੀ ਮਾੜੀ ਸਮਾਜਿਕ ਹਾਲਤ ਦੀ ਗੱਲ ਕੀਤੀ, ਉਨ੍ਹਾਂ ਨੂੰ ਚਰਚ ਨੇ ਮੌਤ ਦਾ ਫਤਵਾ ਸੁਣਾਇਆ। ਇਸੇ ਹੀ ਸਮੇਂ ਗੁਰੂ ਫਿਲਾਸਫੀ ਨਿਤਾਣਿਆਂ ਦਾ ਤਾਣ ਬਣਦੀ ਹੈ। ਗੁਰੂ ਅਮਰਦਾਸ ਜੀ ਨੇ ਔਰਤ ਦੇ ਹੱਕ ਵਿੱਚ ਸਤੀ ਪ੍ਰਥਾ ਨੂੰ ਖ਼ਤਮ ਕਰਨ ਲਈ ਆਵਾਜ਼ ਬੁਲੰਦ ਕੀਤੀ;
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍।।
ਨਾਨਕ ਸਤੀਆ ਜਾਣਅਨਿ੍ ਜਿ ਬਿਰਹੇ ਚੋਟ ਮਰੰਨਿ੍।।
ਗੁਰੂ ਨਾਨਕ ਦੇਵ ਜੀ ਨੇ ਜਿਸ ਸਮਾਜ-ਸੁਧਾਰਕ ਇਨਕਲਾਬ ਦੀ ਨੀਂਹ ਰੱਖੀ ਸੀ, ਉਸ ਸੱਭਿਆਚਾਰਕ ਇਨਕਲਾਬ ਦੀ ਉਸਾਰੀ ਵਿੱਚ ਨਾਨਕ ਨਾਮ ਲੇਵਾ ਸਿੱਖ ਸਮਾਜ ਨੇ ਕੀ ਰੋਲ ਅਦਾ ਕੀਤਾ? ਬਹੁਤ ਸਾਰੇ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਸਿੱਖ ਸਮਾਜ ਵੀ ਉਨ੍ਹਾਂ ਬ੍ਰਾਹਮਣੀ/ ਪਰੰਪਰਿਕ ਰੀਤਾਂ ਅਤੇ ਰਵਾਇਤਾਂ ਦਾ ਸ਼ਿਕਾਰ ਹੈ ਜੋ ਔਰਤ ਨੂੰ ਪਿੱਛੇ ਧੱਕਦੀਆਂ ਹਨ। ਆਧੁਨਿਕ ਅਤੇ ਲੋਕਤੰਤਰੀ ਪ੍ਰਬੰਧ ਵਾਲੇ ਸਮਾਜਾਂ ਵਿੱਚ ਔਰਤ ਨੂੰ ਵਿਸ਼ੇਸ਼ ਤੌਰ ’ਤੇ ਹੱਕ ਹਾਸਲ ਹਨ, ਪਰ ਸਮਾਜਿਕ ਰਹਿਤਲ ਵਿੱਚ ਰੂੜੀਵਾਦੀ/ਪਰੰਪਰਿਕ ਰੀਤਾਂ ਅਤੇ ਰਵਾਇਤਾਂ ਉਸ ਨੂੰ ਅਜਿਹੇ ਗਧੀਗੇੜ ਵਿੱਚ ਜਕੜ ਦਿੰਦੀਆਂ ਹਨ, ਜਿਸ ਨੂੰ ਔਰਤ ਖ਼ੁਦ ਸੱਭਿਆਚਾਰਕ ਮੁੱਲਾਂ ਦੇ ਤੌਰ ’ਤੇ ਮਾਨਤਾ ਦੇਣ ਲੱਗ ਜਾਂਦੀ ਹੈ। ਅਜਿਹੇ ਪ੍ਰਸੰਗ ਵਿੱਚ ਸਿੱਖੀ ਦੀਆਂ ਨਿਆਰੀਆਂ ਕਦਰਾਂ ਹਾਸ਼ੀਏ ਉੱਤੇ ਨਿਹਿਤ ਹੋ ਜਾਂਦੀਆਂ ਹਨ।
ਪਰਿਵਾਰ ਸਮਾਜਿਕ ਸਿਰਜਣਾ ਦੀ ਪ੍ਰਮੁੱਖ ਅਤੇ ਮੂਲ ਇਕਾਈ ਹੈ। ਉਸ ਵਿੱਚ ਮਰਦ ਅਤੇ ਔਰਤ ਦੇ ਆਪਸੀ ਸਹਿਯੋਗ ਤੋਂ ਹੀ ਪਰਿਵਾਰ ਦੀ ਹੋਂਦ ਦਾ ਮੁੱਢ ਬੱਝਦਾ ਹੈ। ਉਨ੍ਹਾਂ ਦਾ ਆਪਸੀ ਸਾਵਾਂ ਜਾਂ ਅਸਾਵਾਂ ਰਿਸ਼ਤਾ ਹੀ ਸਮਾਜ ਵਿਚਲੇ ਰੁਤਬੇ ਦੀ ਨੀਂਹ ਸਿਰਜਦਾ ਹੈ। ਰਿਸ਼ਤਾ-ਨਾਤਾ ਪ੍ਰਬੰਧ ਵਿਚਲੀਆਂ ਚੂਲਾਂ ਤੋਂ ਕਿਸੇ ਸਮਾਜ ਦੀ ਤੰਦਰੁਸਤੀ ਨੂੰ ਸਮਝਿਆ ਜਾ ਸਕਦਾ ਹੈ। ਸਮਾਜਿਕ ਮੁੱਲਾਂ ਨੂੰ ਸਮਝਣ ਲਈ ਮਨੁੱਖੀ ਜ਼ਿੰਦਗੀ ਦੇ ਤਿੰਨ ਪੜਾਵਾਂ, ਜਨਮ, ਵਿਆਹ ਅਤੇ ਮੌਤ ਸਮੇਂ ਔਰਤ ਪ੍ਰਤੀ ਸਮਾਜ ਦੇ ਰਵੱਈਏ ਨੂੰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਪਈਆਂ ਵਿਰੋਧਤਾਈਆਂ ਵਿੱਚੋਂ ਹੀ ਔਰਤ ਦੇ ਸਮਾਜ ਵਿਚਲੇ ਵਿਵਹਾਰਕ ਰੁਤਬੇ ਦੀ ਪਛਾਣ ਨਿਹਿਤ ਹੁੰਦੀ ਹੈ। ਸਿੱਖ ਸਮਾਜ ਦਾ ਅੱਧ ਸਮਝੀ ਜਾਂਦੀ ਸਿੱਖ ਨਾਰੀ ਬਾਰੇ ਸਮੁੱਚੇ ਤੌਰ ’ਤੇ ਸਿੱਖ ਸਮਾਜ ਦਾ ਵਿਵਹਾਰਕ ਨਜ਼ਰੀਆ ਕੀ ਹੈ? ਕੀ ਅੱਜ ਵੀ ਸਮਾਜਿਕ ਰਹਿਤਲ ਵਿੱਚ ਸਿੱਖ ਨਾਰੀ ਦੁਜੈਲੇ ਸਥਾਨ ਉੱਤੇ ਹੈ? ਕੀ ਸਿੱਖ ਸਮਾਜ ਵਿੱਚ ਨਾਰੀ ਸਮਾਜਿਕ ਕੁਰੀਤੀਆਂ ਤੋਂ ਮੁਕਤ ਹੈ? ਕੀ ਔਰਤ ਨੂੰ ਇਨਸਾਨ ਤਸਲੀਮ ਕੀਤਾ ਜਾਂਦਾ ਹੈ ਜਾਂ ਕੇਵਲ ਰਿਸ਼ਤਿਆਂ ਵਿੱਚ ਬੱਧੀ ਮਾਂ, ਧੀ, ਭੈਣ, ਪਤਨੀ ਦੇ ਰੂਪ ਵਿੱਚ ਹੀ ਸਵੀਕਾਰ ਕੀਤਾ ਜਾਂਦਾ ਹੈ।
ਸਿੱਖ ਸਮਾਜ ਵਿੱਚ ਬਾਲੜੀ ਦਾ ਜਨਮ ਲੈਣਾ ਅਜੇ ਵੀ ਸਵਾਗਤਯੋਗ ਨਹੀਂ ਹੈ। ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ। 2001 ਦੀ ਜਨਗਣਨਾ ਮੁਤਾਬਿਕ ਇੱਕ ਹਜ਼ਾਰ ਮੁੰਡਿਆਂ ਪਿੱਛੇ 865 ਅਤੇ 2011 ਵਿੱਚ 895 ਔਰਤਾਂ ਸਨ। ਇਹ ਗੱਲ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਜਿੱਥੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਵਸੋਂ ਵਿਸ਼ੇਸ਼ ਤੌਰ ’ਤੇ ਓਂਟਾਰੀਓ ਸੂਬੇ ਵਿੱਚੋਂ ਸੰਘਣੀ ਹੈ, ਉੱਥੇ ਵੀ ਬਾਲੜੀਆਂ ਅਤੇ ਔਰਤਾਂ ਦੀ ਗਿਣਤੀ ਘੱਟ ਹੈ। ਅਜੋਕੇ ਸਮੇਂ ਵਿੱਚ ਧੀ ਦੇ ਜੰਮਣ ਉੱਤੇ ਜੇ ਨਮੋਸ਼ੀ ਨਹੀਂ ਤਾਂ ਭਰਪੂਰ ਖੁਸ਼ੀ ਵੀ ਨਹੀਂ ਮਨਾਈ ਜਾਂਦੀ। ਕੁਝ ਵਿਅਕਤੀਗਤ ਯਤਨ ਹੋ ਰਹੇ ਹਨ, ਪਰ ਉਹ ਸਹਿਜ ਵਰਤਾਰੇ ਦਾ ਹਿੱਸਾ ਨਹੀਂ। ਲੋਕ ਗੀਤਾਂ ਵਿੱਚ ਬਾਲ-ਧੀ ਦੇ ਜੰਮਣ ਉੱਤੇ ਇੱਕ ਵੀ ਲੋਰੀ ਨਹੀਂ। ਅਜੋਕੇ ਸਮੇਂ ਵਿੱਚ ਜੇ ਧੀ ਦੇ ਪੈਦਾ ਹੋਣ ਉਤੇ ਉਸ ਦੀ ‘ਪੱਥਰ’ ਨਾਲ ਤੁਲਨਾ ਨਹੀਂ ਕੀਤੀ ਜਾਂਦੀ, ਪਰ ਸਮਾਜੀ ਬਾਗ਼ ਵਿੱਚ ਫੁੱਲ-ਧੀ ਦੇ ਉੱਗਣ ਬਾਅਦ, ਉਸ ਦੇ ਵਧਣ ਫੁੱਲਣ ਲਈ ਨਾ ਤਾਂ ਸਾਜ਼ਗਾਰ ਜ਼ਮੀਨ ਹੈ, ਨਾ ਆਬੋ ਹਵਾ, ਨਾ ਪਾਣੀ ਅਤੇ ਨਾ ਹੀ ਉਹ ਨਿੱਘ ਜੋ ਕਿਸੇ ਇਨਸਾਨ ਦੀ ਪ੍ਰਤਿਭਾ ਨੂੰ ਮੌਲਣ ਦੇ ਮੌਕੇ ਪ੍ਰਦਾਨ ਕਰਦਾ ਹੈ।
ਸਿੱਖ ਭਾਈਚਾਰੇ ਵਿੱਚ ਵਿਆਹ ਬਹੁਤ ਮਹਿੰਗੇ ਅਤੇ ਵਪਾਰ ਬਣ ਗਏ ਹਨ। ਦਾਜ ਦੀ ਬਲੀ ਅਨੇਕਾਂ ਕੁੜੀਆਂ ਚੜ੍ਹੀਆਂ ਹਨ। ਕੈਨੇਡਾ ਅਤੇ ਅਮਰੀਕਾ ਪੰਹੁਚਣ ਲਈ ਗੁਰੂ ਦੇ ਸਨਮੁਖ ਬੈਠ ਕੇ ਝੂਠੇ ਵਿਆਹ ਆਮ ਜਿਹਾ ਵਰਤਾਰਾ ਬਣ ਗਿਆ ਹੈ। ਪਰਵਾਸੀ ਲਾੜਿਆਂ ਵੱਲੋਂ ਵਿਆਹ ਕਰਵਾ ਕੇ ਪਿੱਛੇ ਪੰਜਾਬ ਵਿੱਚ ਅਨੇਕਾਂ ਛੱਡੀਆਂ ਕੁੜੀਆਂ ਪੁਲੀਸ ਥਾਣਿਆਂ ਵਿੱਚ ਕੇਸਾਂ ਦੇ ਨਿਪਟਾਰੇ ਦੀ ਨਾ ਮੁੱਕਣ ਵਾਲੀ ਉਡੀਕ ਵਿੱਚ ਬੁਢਾਪੇ ਵਿੱਚ ਦਾਖਲ ਹੋ ਚੁੱਕੀਆਂ ਹਨ। ਇੱਕ ਹੋਰ ਨਵਾਂ ਵਰਤਾਰਾ ਆਈਲੈਟਸ ਵਿਆਹਾਂ ਦਾ ਹੈ। ਇਹ ਵਪਾਰ ਤੋਂ ਵੱਧ ਕੁਝ ਨਹੀਂ। ਇਸ ਵਿੱਚ ਕੁੜੀ ਅਤੇ ਮੁੰਡੇ ਦੇ ਮਾਪੇ ਬਰਾਬਰ ਦੇ ਜ਼ਿੰਮੇਵਾਰ ਹਨ। ਅੱਲ੍ਹੜ ਕੁੜੀਆਂ ਨਾਲ ਠੱਗੀ ਪਹਿਲਾਂ ਕੁੜੀ ਦੇ ਮਾਪੇ ਕਰਦੇ ਹਨ, ਫਿਰ ਕੁੜੀਆਂ ਅਖੌਤੀ ਵਿਆਹ ਵਾਲੇ ਮੁੰਡੇ ਨਾਲ ਅਤੇ ਆਪਣੇ ਆਪ ਨਾਲ ਕਰਦੀਆਂ ਹਨ। ਉਹ ਉਨ੍ਹਾਂ ਉੱਪਰ ਮੜ੍ਹ ਦਿੱਤੇ ਗਏ ਸੱਭਿਆਚਾਰਕ ਦਬਾਅ ਹੇਠ ਜਿਊਂਦੀਆਂ ਹਨ। ਅਖੌਤੀ ਇੱਜ਼ਤ ਪਿੱਛੇ ਅਨੇਕਾਂ ਕੁੜੀਆਂ ਦੇ ਕਤਲ ਹੋਏ ਹਨ। ਕੈਨੇਡਾ ਵਿੱਚ 1972 ਤੋਂ 2014 ਤੱਕ ਸਿੱਖ ਔਰਤਾਂ ਦੇ ਕਤਲ ਦੇ ਇਕੱਠੇ ਕੀਤੇ ਅੰਕੜੇ ਹੈਰਾਨ ਕਰਨ ਵਾਲੇ ਹਨ, ਇਸ ਸਮੇਂ ਦੌਰਾਨ ਲਗਭਗ 34 ਔਰਤਾਂ ਮਾਰੀਆਂ ਗਈਆਂ ਅਤੇ 13 ਉਤੇ ਕਾਤਲਾਨਾ ਹਮਲੇ ਹੋਏ। ਇਹ ਅੰਕੜੇ ਕੋਰਟ ਵੱਲੋਂ ਦਿੱਤੀਆਂ ਸਜ਼ਾਵਾਂ ਦੇ ਆਧਾਰ ਉੱਪਰ ਇਕੱਠੇ ਕੀਤੇ ਗਏ। ਪੰਜਾਬ ਵਿੱਚ 2010 ਤੋਂ 2012 ਤੱਕ ਹੋਏ ਇੱਕ ਸਰਵੇਖਣ ਮੁਤਾਬਿਕ ਇੱਜ਼ਤ ਪਿੱਛੇ ਕਤਲ ਕੀਤੀਆਂ ਕੁੜੀਆਂ ਅਤੇ ਮੁੰਡਿਆਂ ਦੀ ਗਿਣਤੀ ਦੋ ਦਰਜਨ ਦੇ ਕਰੀਬ ਹੈ।
ਸਿੱਖਾਂ ਵਿੱਚ ਅਜੇ ਵੀ ਮਾਤਾ ਅਤੇ ਪਿਤਾ ਦੀ ਮੌਤ ਤੋਂ ਬਾਅਦ ਚਿਖਾ ਨੂੰ ਅਗਨੀ ਪੁੱਤਰ ਹੀ ਦਿੰਦਾ ਹੈ। ਭਾਵੇਂ ਹੁਣ ਧੀਆਂ ਦੇ ਇਹ ਰਸਮ ਅਦਾ ਕਰਨ ਦੀਆਂ ਇੱਕਾ ਦੁੱਕਾ ਉਦਾਹਰਨਾਂ ਮਿਲਦੀਆਂ ਹਨ, ਪਰ ਇਸ ਨੂੰ ਸਹਿਜ ਵਰਤਾਰਾ ਬਣਾਇਆ ਜਾਣਾ ਚਾਹੀਦਾ ਹੈ ਕਿ ਵੱਡੀ ਧੀ ਜਾਂ ਪੁੱਤਰ ਇਹ ਰਸਮ ਅਦਾ ਕਰ ਸਕਦਾ ਹੈ। ਧਾਰਮਿਕ ਸੰਸਥਾਵਾਂ ਵਿੱਚ ਵੀ ਔਰਤਾਂ ਨੂੰ ਦੁਜੈਲੇ ਸਥਾਨ ਉੱਤੇ ਰੱਖਿਆ ਜਾਂਦਾ ਹੈ। ਦਰਬਾਰ ਸਾਹਿਬ ਵਿਖੇ ਔਰਤਾਂ ਨੂੰ ਕੀਰਤਨ ਕਰਨ/ਰਾਗੀ ਸਿੰਘਣੀਆਂ ਦੀ ਸੇਵਾ ਨਹੀਂ ਦਿੱਤੀ ਗਈ। ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਫੈਸਲਿਆਂ ਵਿੱਚ ਔਰਤ ਦੀ ਭੂਮਿਕਾ ਗੌਣ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਜਿਹੜੀ ਸਿੱਖਾਂ ਦੀ ਚੁਣੀ ਸੰਵਿਧਾਨਕ ਸੰਸਥਾ ਹੈ ਅਤੇ ਉਸ ਵੱਲੋਂ ਹੀ ਧਾਰਮਿਕ ਰਹਿਤ ਮਰਿਆਦਾ ਨੂੰ ਗੁਰੂ ਘਰਾਂ ਵਿੱਚ ਸਥਾਪਿਤ ਕੀਤਾ ਜਾਂਦਾ ਹੈ। ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਦੀ ਤਾਰੀਫ਼ ਇਸ ਤਰ੍ਹਾਂ ਕੀਤੀ ਗਈ ਹੈ, ‘‘ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।’’ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਔਰਤਾਂ ਨੂੰ ਸੇਵਾ ਅਤੇ ਸਿਮਰਨ ਤੋਂ ਵੰਚਿਤ ਕਰਕੇ ਸਿੱਖੀ ਜੀਵਨ ਜਾਚ ਦੇ ਮੂਲ ਸਿਧਾਂਤ ਦੀ ਅਣਦੇਖੀ ਕੀਤੀ ਜਾ ਰਹੀ ਹੈ।
ਇਸ ਗੱਲ ਉੱਤੇ ਤਸੱਲੀ ਹੈ ਕਿ ਵਿਸ਼ਵ ਭਰ ਦੇ ਬਹੁਤ ਸਾਰੇ ਗੁਰੂ ਘਰਾਂ ਵਿੱਚ ਔਰਤਾਂ ਕੀਰਤਨ, ਗ੍ਰੰਥੀ ਸਿੰਘਣੀ, ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼, ਸੁੱਖ ਆਸਣ ਦੀ ਸੇਵਾ ਬਾਖੂਬੀ ਨਿਭਾਉਂਦੀਆਂ ਆ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਔਰਤਾਂ ਦਾ ਸੇਵਾ ਅਤੇ ਸਿਮਰਨ ਦਾ ਹੱਕ ਬਹਾਲ ਕੀਤਾ ਜਾਣਾ ਚਾਹੀਦਾ ਹੈ। ਸਿੱਖ ਔਰਤਾਂ ਨੂੰ ਧਾਰਮਿਕ, ਸਮਾਜਿਕ ਅਤੇ ਸੱਭਿਆਚਾਕ ਸੰਦਰਭ ਵਿੱਚ ਬਰਾਬਰੀ ਅਤੇ ਇੱਕ ਸਿੱਖ ਸ਼ਹਿਰੀ ਵਜੋਂ ਪਛਾਣ ਨੂੰ ਸਥਾਪਿਤ ਕਰਨਾ ਸੰਸਥਾਵਾਂ ਦਾ ਫਰਜ਼ ਵੀ ਹੈ ਅਤੇ ਸਮੇਂ ਦੀ ਲੋੜ ਵੀ। ਗੁਰਬਾਣੀ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ, ਪਰ ਹਕੀਕਤ ਵਿੱਚ ਔਰਤ ਦਾ ਅੱਜ ਵੀ ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਰੁਤਬਾ ਨੀਵਾਂ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਔਰਤਾਂ ਨੂੰ ਪਾਲਕੀ ਸਾਹਿਬ ਨੂੰ ਮੋਢਾ ਦੇਣ, ਸ੍ਰੀ ਗੁਰੂ ਗਰੰਥ ਸਾਹਿਬ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਅਤੇ ਸੁੱਖ ਆਸਣ ਕਰਨ ਦੀ ਸੇਵਾ ਦੇਵੇ। ਦਰਬਾਰ ਸਾਹਿਬ ਵਿਖੇ ਔਰਤਾਂ ਨੂੰ ਕੀਰਤਨ ਕਰਨ/ਰਾਗੀ ਸਿੰਘਣੀਆਂ ਦੀ ਸੇਵਾ ਦਿੱਤੀ ਜਾਵੇ। ਹਰਿਮੰਦਰ ਸਾਹਿਬ ਵਿੱਚ ਗ੍ਰੰਥੀ ਸਿੰਘਣੀ ਦੀ ਭੂਮਿਕਾ ਸਥਾਪਿਤ ਕੀਤਾ ਜਾਵੇ। ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗ੍ਰੰਥੀ ਅਤੇ ਜਥੇਦਾਰ ਦੀ ਸੇਵਾ ਦਿੱਤੀ ਜਾਵੇ। ਔਰਤਾਂ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰਕੇ ਅੰਮ੍ਰਿਤ ਛਕਾਉਣ ਦਾ ਅਧਿਕਾਰ ਲਾਗੂ ਕੀਤਾ ਜਾਵੇ। ਆਨੰਦ ਕਾਰਜ ਸਮੇਂ ਕੰਨਿਆ ਦਾਨ ਕਰਨ ਦੀ ਰੀਤ ਬੰਦ ਕੀਤੀ ਜਾਵੇ ਕਿਉਂਕਿ ਇਹ ਦਾਸ ਪ੍ਰਥਾ ਦੀ ਰੀਤ ਹੈ। ਆਨੰਦ ਕਾਰਜ ਸਮੇਂ ਅੱਗੇ-ਪਿੱਛੇ ਤੁਰਨ ਦੀ ਰੀਤ ਖ਼ਤਮ ਕੀਤੀ ਜਾਵੇ। ‘ਪੱਲੇ ਤੈਂਡੇ ਲਾਗੀ’ ਸ਼ਬਦ ਭਾਵੇਂ ਗੁਰੂ ਸਾਹਿਬ ਨੇ ਆਤਮਾ ਦੇ ਪਰਮਾਤਮਾ ਦੇ ਲੜ ਲੱਗਣ ਦੇ ਸੰਦਰਭ ਵਿੱਚ ਪੇਸ਼ ਕੀਤਾ ਸੀ, ਪਰ ਜੇਕਰ ਆਨੰਦ ਕਾਰਜ ਸਮੇਂ ਪ੍ਰਯੋਗ ਕਰਨਾ ਹੀ ਹੈ ਤਾਂ ਇਹ ਸ਼ਬਦ ਦੰਪਤੀ ਲਈ ਹੈ, ਨਾ ਕੇਵਲ ਕੁੜੀ ਲਈ। ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਿੱਚ ਔਰਤਾਂ ਦੀ 50 ਫੀਸਦੀ ਨੁਮਾਇੰਦਗੀ ਹੋਵੇ ਅਤੇ ਔਰਤਾਂ ਦੀ 50 ਫੀਸਦੀ ਮੈਂਬਰਸ਼ਿਪ ਲਾਜ਼ਮੀ ਕੀਤੀ ਜਾਵੇ। ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਫੈਸਲਿਆਂ ਵਿੱਚ ਔਰਤ ਦੀ ਭੂਮਿਕਾ ਲਾਜ਼ਮੀ ਕੀਤੀ ਜਾਵੇ। ਔਰਤਾਂ ਦੀ ਇਨਸਾਨੀ ਕਦਰ ਨੂੰ ਸਮਝਦੇ ਹੋਏ, ਉਹ ਸਾਰੀਆਂ ਰੂੜੀਵਾਦੀ ਰੀਤਾਂ ਖ਼ਤਮ ਕੀਤੀਆਂ ਜਾਣ ਜਿਹੜੀਆਂ ਸਿੱਖ ਔਰਤਾਂ ਨੂੰ ਦੁਜੈਲੇ ਸਥਾਨ ਉੱਤੇ ਰੱਖਦੀਆਂ ਹਨ। ਸਿੱਖ ਧਰਮ ਵਿੱਚ ਸੇਵਾ ਅਤੇ ਸਿਮਰਨ ਸਿੱਖੀ ਜੀਵਨ ਜਾਚ ਦੇ ਅਟੁੱਟ ਅੰਗ ਹਨ। ਸਿੱਖ ਧਰਮ ਦੀ ਬੁਨਿਆਦ, ਸਮਾਨਤਾ, ਪਿਆਰ, ਨਿਆਂ, ਆਜ਼ਾਦੀ, ਮਨੁੱਖੀ ਭਾਈਚਾਰਾ, ਸਰਬੱਤ ਦਾ ਭਲਾ ਅਤੇ ਚੜ੍ਹਦੀ ਕਲਾ ਦੇ ਸਿਧਾਂਤ ਦੀ ਵਿਚਾਰਧਾਰਾ ਉੱਤੇ ਆਧਾਰਿਤ ਹੈ। ਲਿੰਗ, ਨਸਲ, ਜਾਤ, ਧਰਮ ਅਤੇ ਸਮਾਜਿਕ ਆਰਥਿਕ ਵਿਤਕਰੇ ਤੋਂ ਬਿਨਾਂ ਕਰਮ ਅਤੇ ਅਮਲ ਨੂੰ ਮਨੁੱਖੀ ਮੁੱਲਾਂ ਦੇ ਧੁਰੇ ਦੇ ਅਸੂਲ ਦੀ ਬੁਨਿਆਦ ਮੰਨਿਆ ਗਿਆ ਹੈ।
ਸੰਪਰਕ : 70870-91838