ਵਰਖਾ ਰੁੱਤ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਕਟੁੰਬਾਂ ਦੀ ਸੰਭਾਲ
ਗੁਰਪ੍ਰੀਤ ਸਿੰਘ ਮੱਕੜ
ਵਰਖਾ ਰੁੱਤ ਦੌਰਾਨ ਫ਼ਸਲਾਂ ਅਤੇ ਵਾਤਾਵਰਨ ਵਿੱਚ ਵਿਸ਼ੇਸ਼ ਰੌਣਕ ਨਜ਼ਰ ਆਉਂਦੀ ਹੈ। ਹਰੇ-ਭਰੇ ਖੇਤ, ਬਨਸਪਤੀ ਅਤੇ ਮਨਮੋਹਕ ਵਾਤਾਵਰਨ ਖਿੱਚ ਦਾ ਕੇਂਦਰ ਹੁੰਦਾ ਹੈ। ਇਹ ਮੌਸਮ ਬਨਸਪਤੀ ਅਤੇ ਜੀਵ-ਜੰਤੂਆਂ ਦੇ ਵਧਣ-ਫੁੱਲਣ ਦਾ ਮੌਸਮ ਹੈ। ਸ਼ਹਿਦ ਦੀਆਂ ਮੱਖੀਆਂ ਲਈ ਬਰਸਾਤ ਦਾ ਇਹ ਮੌਸਮ ਮਿਲੇ-ਜੁਲੇ ਰੰਗ ਪੇਸ਼ ਕਰਦਾ ਹੈ। ਜਿੱਥੇ ਮੌਨਸੂਨ ਦੀਆ ਬੂੰਦਾਂ ਫੁੱਲਾਂ ਨੂੰ ਪੋਸ਼ਣ ਦਿੰਦੀਆਂ ਹਨ ਜਿਨ੍ਹਾਂ ਉੱਪਰ ਮੱਖੀਆਂ ਆਪਣੀ ਖ਼ੁਰਾਕੀ ਪੂਰਤੀ ਲਈ ਨਿਰਭਰ ਹਨ, ਉੱਥੇ ਹੀ ਵਧੇਰੇ ਵਰਖਾ, ਬੱਦਲਵਾਈ ਅਤੇ ਸਿੱਲ੍ਹ ਮੱਖੀਆਂ ਦੀ ਸਿਹਤ ਅਤੇ ਉਤਪਾਦਨ ਲਈ ਖ਼ਤਰਾ ਬਣਦੇ ਹਨ। ਪੰਜਾਬ ਵਿੱਚ ਜੁਲਾਈ ਤੋਂ ਅੱਧ ਸਤੰਬਰ ਤੱਕ ਸ਼ਹਿਦ ਦੀਆਂ ਮੱਖੀਆਂ ਲਈ ਮੌਸਮ ਜ਼ਿਆਦਾ ਸੁਖਾਵਾਂ ਨਹੀਂ ਹੁੰਦਾ। ਬਾਰਸ਼, ਬੱਦਲਵਾਈ, ਹਵਾ ਵਿੱਚ ਵਧੇਰੇ ਨਮੀ ਅਤੇ ਕਟੁੰਬ ਵਿੱਚ ਪੈਦਾ ਹੋਇਆ ਹੁੰਮਸ ਮੱਖੀਆਂ ਦੀ ਬਾਹਰ ਫੁੱਲਾਂ ’ਤੇ ਜਾਣ ਦੀ ਕੋਸ਼ਿਸ਼ ’ਤੇ ਬੁਰਾ ਅਸਰ ਪਾਉਂਦੇ ਹਨ। ਇਸ ਤਰ੍ਹਾਂ ਹੀ ਰਾਣੀ ਦੀ ਆਂਡੇ ਦੇਣ ਦੀ ਸਮਰੱਥਾ ਅਤੇ ਕਟੁੰਬ ਦੇ ਵਿਕਾਸ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਤਕੜੇ ਕਟੁੰਬਾਂ ਵੱਲੋਂ ਕਮਜ਼ੋਰ ਕਟੁੰਬਾਂ ਦੀ ਖ਼ੁਰਾਕ ਚੋਰੀ ਕਰਨਾ (ਰੌਬਿੰਗ), ਕੀੜਿਆਂ-ਬਿਮਾਰੀਆਂ ਦੇ ਹਮਲੇ ਦੀ ਵਧੇਰੇ ਸੰਭਾਵਨਾ ਆਦਿ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਮੱਖੀ ਪਾਲਕਾਂ ਦੀ ਦੂਰਅੰਦੇਸ਼ੀ, ਕੁਸ਼ਲ ਰਣਨੀਤੀ ਅਤੇ ਚੌਕਸੀ ਇਸ ਮੌਸਮ ਵਿੱਚ ਕਟੁੰਬਾਂ ਦੀ ਸਾਂਭ-ਸੰਭਾਲ ਲਈ ਜ਼ਰੂਰੀ ਹੈ। ਕਟੁੰਬਾਂ ਦੀ ਵਰਖਾ ਰੁੱਤੇ ਸੰਭਾਲ ਲਈ ਕੁਝ ਸੁਝਾਅ ਇਸ ਤਰ੍ਹਾਂ ਹਨ:
ਵਰਖਾ ਰੁੱਤ ਵਿੱਚ ਕਟੁੰਬਾਂ ਦਾ ਪਾਣੀ ਤੇ ਹੁੰਮਸ ਤੋਂ ਬਚਾਅ
* ਕਟੁੰਬਾਂ ਲਈ ਸਹੀ ਜਗ੍ਹਾ ਦੀ ਚੋਣ: ਸ਼ਹਿਦ ਦੀਆਂ ਮੱਖੀਆਂ ਦਾ ਕਟੁੰਬ ਹਮੇਸ਼ਾ ਲੋਹੇ ਦੇ ਸਟੈਂਡ ’ਤੇ ਟਿਕਾਓ। ਨੀਵੇਂ ਖੇਤਾਂ ਵਿਚ ਜਿੱਥੇ ਬਰਸਾਤੀ ਪਾਣੀ ਆਮ ਇਕੱਠਾ ਹੁੰਦਾ ਹੋਵੇ, ਕਟੁੰਬ ਨਾ ਰੱਖੋ। ਜੇ ਸੰਭਵ ਹੋਵੇ ਤਾਂ ਸ਼ਹਿਦ ਦੀਆਂ ਮੱਖੀਆਂ ਦੇ ਕਟੁੰਬਾਂ ਦਾ ਅਗਲਾ ਗੇਟ ਵਾਲਾ ਪਾਸਾ ਥੋੜ੍ਹਾ ਨੀਵਾਂ ਰੱਖੋ ਤਾਂ ਜੋ ਬਰਸਾਤ ਦਾ ਪਾਣੀ ਕਟੁੰਬ ਦੇ ਗੇਟ ਤੋਂ ਅੰਦਰ ਦਾਖ਼ਲ ਨਾ ਹੋ ਸਕੇ।
* ਮਿਆਰੀ ਗੁਣਵੱਤਾ ਦੇ ਬਕਸੇ ਅਤੇ ਉੱਪਰਲਾ ਢੱਕਣ: ਲੈਂਗਟਰੌਥ ਹਾਈਵ ਨਰਮ, ਟਿਕਾਊ ਅਤੇ ਚੰਗੀ ਗੁਣਵੱਤਾ ਦੀ ਲੱਕੜ ਤੋਂ ਤਿਆਰ ਹੋਣੇ ਚਾਹੀਦੇ ਹਨ ਤਾਂ ਜੋ ਕਟੁੰਬਾਂ ਅੰਦਰ ਵਧੇਰੇ ਹੁੰਮਸ ਪੈਦਾ ਹੋਣ ਦੀ ਸਮੱਸਿਆ ਕੁਦਰਤੀ ਤੌਰ ’ਤੇ ਸੀਮਤ ਹੋਵੇ। ਕਟੁੰਬਾਂ ਲਈ ਕੈਲ ਦੀ ਲੱਕੜ ਬਹੁਤ ਢੁੱਕਵੀਂ ਹੁੰਦੀ ਹੈ। ਇਸ ਤੋਂ ਇਲਾਵਾ ਬਕਸੇ/ਹਾਈਵ ਦੇ ਉੱਪਰਲੇ ਢੱਕਣ ’ਤੇ ਲੱਗੀ ਟਿਨ ਦੀ ਚਾਦਰ ਵੀ ਬਰਸਾਤ ਦੇ ਪਾਣੀ ਨੂੰ ਕਟੁੰਬ ਅੰਦਰ ਦਾਖ਼ਲ ਹੋਣ ਤੋਂ ਬਚਾਉਂਦੀ ਹੈ।
* ਝੀਥਾਂ ਅਤੇ ਦਰਾੜਾਂ ਨੂੰ ਸੀਲ ਕਰਨਾ: ਕਟੁੰਬਾਂ ਵਿਚ ਵੱਡੀਆਂ ਝੀਥਾਂ/ਦਰਾੜਾਂ ਆਦਿ ਲਈ ਜਾਂਚ ਕਰਦੇ ਰਹੋ। ਅੰਬ, ਸਫੈਦੇ ਜਾਂ ਕਿਸੇ ਮਾੜੇ ਮਿਆਰ ਦੀ ਲੱਕੜੀ ਤੋਂ ਤਿਆਰ ਬਕਸਿਆਂ ਵਿੱਚ ਅਜਿਹੀ ਸਮੱਸਿਆ ਵਧੇਰੇ ਆਉਂਦੀ ਹੈ। ਇਸ ਤਰ੍ਹਾਂ ਦੀਆਂ ਦਰਾੜਾਂ ਨੂੰ ਮਿੱਟੀ ਲੇਪ ਨਾਲ ਜਾਂ ਖ਼ਾਸ ਸਥਿਤੀ ਅਨੁਸਾਰ ਤੁਰੰਤ ਬੰਦ ਕਰੋ ਤਾਂ ਜੋ ਕਟੁੰਬ ਅੰਦਰ ਬਰਸਾਤ ਦੇ ਪਾਣੀ ਦੇ ਦਾਖ਼ਲ ਹੋਣ ਦੀ ਸੰਭਾਵਨਾ ਨਾ ਰਹੇ।
ਕਟੁੰਬ ਦੇ ਅੰਦਰਲੇ ਵਾਤਾਵਰਨ ਨੂੰ ਸੁਖਾਵਾਂ ਰੱਖਣਾ
* ਕਟੁੰਬਾਂ ਦਾ ਨਿਰੀਖਣ ਅਤੇ ਬੌਟਮ ਬੋਰਡ ਤੋਂ ਕੂੜੇ-ਕਰਕਟ ਦੀ ਸਫ਼ਾਈ: ਵਰਖਾ ਰੁੱਤ ਦੀ ਸ਼ੁਰੂਆਤ ਵਿੱਚ ਹੀ ਬੌਟਮ ਬੋਰਡ ਉੱਤੇ ਪਏ ਕੂੜੇ-ਕਰਕਟ ਨੂੰ ਸਾਫ਼ ਕਰੋ। ਇਸ ਤੋਂ ਇਲਾਵਾ ਝੀਥਾਂ/ਤਰੇੜਾਂ ਵਿੱਚ ਲੁਕੇ ਕੀੜਿਆਂ ਦੇ ਆਂਡੇ ਅਤੇ ਸੁੰਡੀਆਂ ਨਸ਼ਟ ਕਰ ਦਿਉ। ਸਵੱਛ ਵਾਤਾਵਰਨ ਮੱਖੀਆਂ ਦੇ ਤੇਜ਼ ਵਾਧੇ ਅਤੇ ਕਟੁੰਬ ਦੀ ਵਧੇਰੇ ਪੈਦਾਵਾਰ ਲਈ ਬੁਨਿਆਦੀ ਲੋੜ ਹੈ।
* ਕਟੁੰਬਾਂ ਨੂੰ ਹਵਾਦਾਰ ਬਣਾਉਣਾ: ਕਟੁੰਬ ਦੇ ਆਲੇ-ਦੁਆਲਿਓਂ ਘਾਹ-ਫੂਸ, ਬੇਲੋੜੀਆਂ ਦਰੱਖਤਾਂ ਦੀਆਂ ਨੀਵੀਆਂ ਟਾਹਣੀਆਂ/ਰੁਕਾਵਟਾਂ ਆਦਿ ਨੂੰ ਸਾਫ਼ ਕਰ ਦਿਉ। ਤਕੜੇ ਕਟੁੰਬਾਂ ਦੇ ਗੇਟ ਨੂੰ ਖੋਲ੍ਹ ਦਿਉ ਜਾਂ ਲੋੜ ਅਨੁਸਾਰ ਗੇਟ ਵਾਲੀ ਪੂਰੀ ਫੱਟੀ ਕੱਢ ਦਿਉ। ਤਕੜੇ ਕਟੁੰਬਾਂ ਨੂੰ ਸੁਪਰ ਚੈਂਬਰ ਦੇਣ ਨਾਲ ਕਟੁੰਬ ਦੀ ਛੱਤ ਉੱਚੀ ਕੀਤੀ ਜਾ ਸਕਦੀ ਹੈ ਅਤੇ ਲੋੜ ਪੈਣ ’ਤੇ ਸੁਪਰ ਚੈਂਬਰ ਵਿੱਚ ਦੂਜਾ ਗੇਟ ਬਣਾ ਕੇ ਕਟੁੰਬ ਨੂੰ ਹੋਰ ਜ਼ਿਆਦਾ ਹਵਾਦਾਰ ਬਣਾਇਆ ਜਾ ਸਕਦਾ ਹੈ। ਬਰੂਡ ਚੈਂਬਰ ਦੀ 10 ਫਰੇਮ ਮੱਖੀ ਵਿੱਚੋਂ 2-3 ਫਰੇਮ ਮੱਖੀ ਕੱਢ ਕੇ ਸੁਪਰ ਚੈਂਬਰ ਵਿੱਚ ਰੱਖਣ ਨਾਲ ਕਟੁੰਬ ਜ਼ਿਆਦਾ ਹਵਾਦਾਰ ਬਣ ਜਾਂਦਾ ਹੈ।
ਕਟੁੰਬਾਂ ਲਈ ਖ਼ੁਰਾਕ ਦਾ ਜ਼ਰੂਰੀ ਪ੍ਰਬੰਧ
* ਕਟੁੰਬ ਦੇ ਅੰਦਰ ਖ਼ੁਰਾਕ ਦਾ ਭੰਡਾਰ ਰੱਖਣਾ: ਬਰਸਾਤ ਦੇ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਦ ਮੱਖੀ ਪਾਲਕ ਯਕੀਨੀ ਬਣਾਉਣ ਕਿ ਕਟੁੰਬਾਂ ਵਿੱਚ ਮੱਖੀਆਂ ਦੀ ਲੋੜ ਅਨੁਸਾਰ ਸ਼ਹਿਦ ਭੰਡਾਰ ਹੋਣ। ਇਸ ਤਰ੍ਹਾਂ ਕਟੁੰਬਾਂ ਨੂੰ ਬਾਹਰੋਂ ਖੰਡ ਦੇ ਘੋਲ ਦੇਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ। ਲੋੜ ਪੈਣ ’ਤੇ ਮੱਖੀ ਪਾਲਕ ਪੱਕੇ ਸ਼ਹਿਦ ਦੇ ਸੈੱਲਾਂ ਦੀਆਂ ਟੋਪੀਆਂ ਖੋਲ੍ਹ ਕੇ ਮੱਖੀਆਂ ਦੀ ਖ਼ੁਰਾਕ ਦੀ ਪੂਰਤੀ ਕਰ ਸਕਦੇ ਹਨ।
* ਖੰਡ ਦਾ ਘੋਲ ਦੇਣਾ: ਸ਼ਹਿਦ ਦੀਆਂ ਮੱਖੀਆਂ ਲਈ ਨੈਕਟਰ/ਫੁੱਲਾਂ ਦਾ ਰਸ ਕਾਰਬੋਹਾਈਡ੍ਰੇਟਸ ਦਾ ਮੁੱਖ ਸਰੋਤ ਹੈ। ਨੈਕਟਰ ਦੀ ਆਮਦ ਵਿੱਚ ਕਮੀ ਅਤੇ ਕਟੁੰਬ ਅੰਦਰ ਖ਼ੁਰਾਕ ਦੀ ਘਾਟ ਸਮੇਂ ਮੱਖੀਆਂ ਨੂੰ ਖੰਡ ਦਾ ਘੋਲ ਦੇਣਾ ਚਾਹੀਦਾ ਹੈ। ਇਸ ਖ਼ੁਰਾਕ ਵਿੱਚ ਖੰਡ ਅਤੇ ਪਾਣੀ ਦਾ ਘੋਲ 1:1 ਅਨੁਪਾਤ ਵਿੱਚ ਬਣਾ ਕੇ ਮੱਖੀਆਂ ਨੂੰ ਦਿੱਤਾ ਜਾਂਦਾ ਹੈ। ਖੰਡ ਦਾ ਘੋਲ ਕਟੁੰਬਾਂ ਨੂੰ ਟੀਨ ਜਾਂ ਪਲਾਸਟਿਕ ਦੇ ਡੱਬੇ ਵਿੱਚ ਭਰ ਕੇ ਜਾਂ ਡਿਵੀਜ਼ਨ ਬੋਰਡ ਫੀਡਰ ਵਿੱਚ ਭਰ ਕੇ ਜਾਂ ਸਿੱਧਾ ਹੀ ਫਰੇਮਾਂ ਦੇ ਖਾਲੀ ਸੈੱਲਾਂ ਵਿੱਚ ਭਰ ਕੇ ਦਿੱਤਾ ਜਾ ਸਕਦਾ ਹੈ। ਡੱਬੇ ਵਿੱਚ ਖੰਡ ਦਾ ਘੋਲ ਦੇਣ ਲਈ ਕੁੱਝ ਲੱਕੜ ਦੀਆਂ ਛਿੱਟੀਆਂ ਪਾ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਮੱਖੀਆਂ ਉਨ੍ਹਾਂ ਵਿੱਚ ਬੈਠ ਕੇ ਆਰਾਮ ਨਾਲ ਫੀਡ ਲੈ ਸਕਣ।
* ਪੋਲਨ ਜਾਂ ਪੋਲਨ-ਪੂਰਕ ਖ਼ੁਰਾਕ ਦੇਣਾ: ਕਮਜ਼ੋਰ ਕਟੁੰਬਾਂ ਨੂੰ ਬਰੂਡ ਪਾਉਂਦੇ ਰੱਖਣ ਲਈ ਪੋਲਨ ਜਾਂ ਪੋਲਨ-ਪੂਰਕ ਖ਼ੁਰਾਕ ਦੇਣੀ ਜ਼ਰੂਰੀ ਹੈ ਕਿਉਂਕਿ ਇਹ ਸ਼ਹਿਦ ਮੱਖੀਆਂ ਲਈ ਪ੍ਰੋਟੀਨ ਦਾ ਮੁੱਖ ਸਰੋਤ ਹੈ। ਇੱਕ 10 ਫਰੇਮ ਬੱਲਤਾਂ ਵਾਲੇ ਕਟੁੰਬ ਨੂੰ ਔਸਤਨ 250 ਗ੍ਰਾਮ ਪੋਲਨ ਹਰ ਪੰਦਰਵਾੜੇ ਲਈ ਚਾਹੀਦਾ ਹੈ। ਇਸ ਲਈ ਪੀਏਯੂ ਪੋਲਨ ਟਰੈਪ ਦੁਆਰਾ ਇਕੱਠਾ ਕੀਤਾ ਵਾਧੂ ਪੋਲਨ ਛੱਤਿਆਂ ਦੇ ਸੈੱਲਾਂ ਵਿੱਚ ਭਰਿਆ ਜਾ ਸਕਦਾ ਹੈ। ਛੱਤੇ ਦੇ ਇੱਕ ਪਾਸੇ ਲਗਪਗ 250 ਗ੍ਰਾਮ ਪੋਲਨ ਭਰਿਆ ਜਾ ਸਕਦਾ ਹੈ। ਪੋਲਨ ਵਾਲਾ ਛੱਤਾ ਕਟੁੰਬ ਵਿੱਚ ਖੁੱਲ੍ਹੇ ਬਰੂਡ ਵਾਲੇ ਛੱਤਿਆਂ ਦੇ ਨਾਲ ਦੇ ਦਿੱਤਾ ਜਾਂਦਾ ਹੈ। ਪੋਲਨ ਦੀ ਅਣਹੋਂਦ ਸਮੇਂ ਪੀਏਯੂ ਵੱਲੋਂ ਸਿਫ਼ਾਰਸ਼ ਵਿਧੀ ਰਾਹੀਂ ਤਿਆਰ ਪੋਲਨ-ਪੂਰਕ ਖ਼ੁਰਾਕ (ਬੀਅਰ ਦੀ ਮਰੀ ਹੋਈ ਖਮੀਰ, ਭੁੱਜੇ ਛੋਲਿਆਂ ਦਾ ਵੇਸਣ, ਸੁੱਕਾ ਦੁੱਧ, ਖੰਡ ਅਤੇ ਪਾਣੀ ਕ੍ਰਮਵਾਰ 42:4:4:25:25 ਹਿੱਸੇ) ਮਾਹਿਰਾਂ ਦੀ ਸਲਾਜ ਅਨੁਸਾਰ ਵਰਤੋ।
ਸ਼ਹਿਦ ਮੱਖੀ ਕਟੁੰਬਾਂ ਦਾ ਰੌਬਿੰਗ ਅਤੇ ਦੁਸ਼ਮਣਾਂ ਦੇ ਹਮਲਿਆਂ ਤੋਂ ਬਚਾਓ
* ਕਟੁੰਬ ਦਾ ਗੇਟ ਛੋਟਾ ਕਰਨਾ: ਹਾਈਵ ਦਾ ਗੇਟ ਮਿੱਟੀ ਦੇ ਗਾਰੇ ਨਾਲ ਲਿੱਪ ਕੇ ਛੋਟਾ ਕਰ ਦਿਓ ਤਾਂ ਜੋ ਸ਼ਹਿਦ ਮੱਖੀਆਂ ਇੱਕ-ਇੱਕ ਕਰ ਕੇ ਹੀ ਕਟੁੰਬ ਵਿੱਚ ਦਾਖ਼ਲ ਹੋਣ। ਇਸ ਤਰ੍ਹਾਂ ਕਰਨ ਨਾਲ ਪਹਿਰੇਦਾਰ ਮੱਖੀਆਂ ਚੋਰੀ ਕਰ ਰਹੀਆਂ ਮੱਖੀਆਂ ਨੂੰ ਅੰਦਰ ਵੜਨ ਤੋਂ ਰੋਕ ਸਕਣਗੀਆਂ।
* ਕਟੁੰਬਾਂ ਨੂੰ ਇਕਸਾਰ ਖ਼ੁਰਾਕ ਦੇਣਾ: ਖ਼ੁਰਾਕ ਹਮੇਸ਼ਾ ਸਾਰੇ ਕਟੁੰਬਾਂ ਨੂੰ ਇਕੋ ਦਿਨ ਸਿਰਫ਼ ਸ਼ਾਮ ਦੇ ਸਮੇਂ ਦੇਣੀ ਚਾਹੀਦੀ ਹੈ। ਖ਼ੁਰਾਕ ਦੇਣ ਸਮੇਂ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਖ਼ੁਰਾਕ ਬਾਹਰ ਨਾ ਡੁੱਲ੍ਹੇ।
* ਵਾਧੂ ਖਾਲੀ ਛੱਤੇ ਸੰਭਾਲਣਾ: ਵਰਖਾ ਰੁੱਤ ਵਿੱਚ ਸ਼ਹਿਦ ਮੱਖੀਆਂ ਦੀ ਗਿਣਤੀ ਘਟਣ ਕਾਰਨ ਬਣੇ-ਬਣਾਏ ਛੱਤੇ ਖਾਲੀ ਹੋ ਜਾਂਦੇ ਹਨ, ਇਨ੍ਹਾਂ ਉੱਪਰ ਮੋਮੀ ਕੀੜੇ ਦੇ ਹਮਲੇ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਖਾਲੀ ਛੱਤੇ ਕਟੁੰਬ ਵਿੱਚੋਂ ਕੱਢ ਕੇ ਸਿਫ਼ਾਰਸ਼ ਕੀਤੀ ਵਿਧੀ ਅਨੁਸਾਰ ਸੁਪਰ ਚੈਂਬਰਾਂ ਵਿਚ ਸਲਫਰ ਦੀ ਧੂਣੀ ਦੇ ਕੇ ਸਾਂਭ ਦਿਓ।
*ਸੀਨੀਅਰ ਐਕਸਟੈਨਸ਼ਨ ਸਾਇੰਟਿਸਟ (ਕੀਟ ਵਿਗਿਆਨ), ਪੀਏਯੂ ਫਾਰਮ ਸਲਾਹਕਾਰ ਸੇਵਾ ਕੇਂਦਰ, ਫ਼ਿਰੋਜ਼ਪੁਰ।