ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਚੇਤਨਾ ਫੇਰੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਸਤੰਬਰ
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਮਾਨਿਓ ਗ੍ਰੰਥ ਚੇਤਨਾ ਫੇਰੀ ਕੀਤੀ ਗਈ। ਚੇਤਨਾ ਫੇਰੀ ਗੁਰੂ ਗ੍ਰੰਥ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅੱਜ ਸਵੇਰੇ ਪੰਜ ਵਜੇ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਅਰੰਭ ਕੀਤੀ ਗਈ। ਵਿਦਵਾਨ ਗਿਆਨੀ ਸਾਹਿਬ ਸਿੰਘ ਨੇ ਅਰਦਾਸ ਕਰ ਕੇ ਚੇਤਨਾ ਫੇਰੀ ਦੀ ਅਰੰਭਤਾ ਕੀਤੀ। ਚੇਤਨਾ ਫੇਰੀ ਗੁਰਦੁਆਰੇ ਤੋਂ ਚਲ ਕੇ ਲਵ ਕੁਸ਼ ਨਗਰ, ਗੋਪੀ ਵਿਹਾਰ, ਅਟਾਰੀ ਕਲੋਨੀ, ਸਿਧਾਰਥ ਕਲੋਨੀ, ਸਤਲੁਜ ਕਲੋਨੀ ਤੋਂ ਦੀਪਕ ਵਿਹਾਰ ਹੁੰਦੀ ਹੋਈ ਬਸੰਤ ਕੁਮਾਰ ਦੇ ਆਰੇ ’ਤੇ ਪੁੱਜੀ।
ਇੱਥੇ ਸੱਜਣ ਸਿੰਘ ਖਾਲਸਾ ਤੇ ਗਿਆਨੀ ਸਾਹਿਬ ਸਿੰਘ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ। ਸੰਗਤਾ ਲਈ ਇਥੇ ਛੋਲੇ ਪੂੜੀਆਂ ਤੇ ਚਾਹ ਦੇ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ। ਲੰਗਰ ਛਕਣ ਉਪਰੰਤ ਚੇਤਨਾ ਫੇਰੀ ਜੀਟੀ ਰੋਡ, ਬਿਜਲੀ ਦਫਤਰ, ਹੁੱਡਾ ਤੋਂ ਹੁੰਦੀ ਹੋਈ, ਸਾਹਿਲ ਸਵੀਟ ਹਾਊਸ, ਕਿਲਾ ਸਿੱਖਾਂ, ਸਬਜ਼ੀ ਮੰਡੀ ,ਗੁਰਦੁਆਰਾ ਮਸਤਗੜ੍ਹ ਸਾਹਿਬ ਤੋਂ ਹੁੰਦੀ ਹੋਈ ਆਪਣੇ ਨਿੱਜ ਅਸਥਾਨ ਤੇ ਸਮਾਪਤ ਹੋਈ । ਰਾਹ ਵਿੱਚ ਕਈ ਥਾਈਂ ਲੰਗਰ ਲਗਾਏ ਗਏ। ਚੇਤਨਾ ਫੇਰੀ ਦੇ ਗੁਰਦੁਆਰੇ ਪੁੱਜਣ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਨੌਜਵਾਨ ਸੇਵਕ ਸਭਾ ਦੇ ਬੁਲਾਰੇ ਭਗਵੰਤ ਸਿੰਘ ਖਾਲਸਾ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਰਾਤ ਦੇ ਸਮਾਗਮ ਹੋਣਗੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ, ਤਰਲੋਚਨ ਸਿੰਘ ਹਾਂਡਾ, ਕਸ਼ਮੀਰ ਸਿੰਘ, ਦਲਜੀਤ ਸਿੰਘ ਮਲਕਿੰਦਰ ਸਿੰਘ ਮੌਜੂਦ ਸਨ।