ਮੁਲਾਜ਼ਮਾਂ ਦਾ ਚੇਤਨਾ ਮਾਰਚ ਪਠਾਨਕੋਟ ਪੁੱਜਾ
ਪੱਤਰ ਪ੍ਰੇਰਕ
ਪਠਾਨਕੋਟ, 10 ਅਗਸਤ
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਵਿੱਚ 9 ਤਰੀਕ ਨੂੰ ਜੱਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਚੇਤਨਾ ਮਾਰਚ ਅੱਜ ਪਠਾਨਕੋਟ ਪੁੱਜਿਆ ਜਿਸ ਦਾ ਜ਼ਿਲ੍ਹਾ ਪਠਾਨਕੋਟ ਦੇ ਆਗੂਆਂ ਜਿਨ੍ਹਾਂ ਵਿੱਚ ਪ੍ਰਧਾਨ ਰਵੀ ਦੱਤ ਸ਼ਰਮਾ, ਸੁਭਾਸ਼ ਚੰਦਰ, ਰਾਜਿੰਦਰ ਕੁਮਾਰ, ਸੁਭਾਸ਼ ਸ਼ਰਮਾ, ਜਸਵੰਤ ਸੰਧੂ, ਸ਼ਿਵ ਕੁਮਾਰ, ਬੋਧ ਰਾਜ, ਰਾਜਿੰਦਰ ਧੀਮਾਨ, ਸਤੀਸ਼ ਸ਼ਰਮਾ ਆਦਿ ਸ਼ਾਮਲ ਸਨ, ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਮੁਲਾਜ਼ਮਾਂ ਦੀ ਰੈਲੀ ਕੀਤੀ ਗਈ ਜਿਸ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।
ਰੈਲੀ ਨੂੰ ਪਸਸਫ ਫੈਡਰੇਸ਼ਨ ਦੇ ਪ੍ਰਦੇਸ਼ ਪ੍ਰਧਾਨ ਸਤੀਸ਼ ਰਾਣਾ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਮਨਜੀਤ ਸਿੰਘ ਸੈਣੀ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਦੇਸ਼ ਦੀ ਕੇਂਦਰ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਨਹੀਂ ਕਰ ਰਹੀ। ਦੂਸਰੇ ਪਾਸੇ ਪੰਜਾਬ ਦੀ ਮਾਨ ਸਰਕਾਰ ਨੇ ਮੁਲਾਜ਼ਮਾਂ ਦੇ ਦਬਾਅ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਜੋ ਨੋਟੀਫੀਕੇਸ਼ਨ ਜਾਰੀ ਕੀਤੀ ਹੈ, ਅਧੂਰੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਾਲ 1972 ਤਹਿਤ ਪੁਰਾਣੀ ਪੈਨਸ਼ਨ ਦਾ ਸਪੱਸ਼ਟ ਨੋਟੀਫੀਕੇਸ਼ਨ ਜਾਰੀ ਕੀਤਾ ਜਾਵੇ, ਐਨਪੀਐਸ, ਸੀਪੀਐਫ ਦੀ ਕਟੋਤੀ ਬੰਦ ਕਰਕੇ ਮੁਲਾਜ਼ਮਾਂ ਦੇ ਜੀਪੀਐਫ ਖਾਤੇ ਖੋਲ੍ਹੇ ਜਾਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਨੌਕਰੀ ਦਿੱਤੀ ਜਾਵੇ, ਤਨਖਾਹ ਕਮਿਸ਼ਨ ਦੇ ਬਕਾਏ ਨੂੰ 1 ਜਨਵਰੀ 2016 ਤੋਂ ਜਾਰੀ ਕੀਤਾ ਜਾਵੇ। ਬਾਅਦ ਵਿੱਚ ਇਹ ਚੇਤਨਾ ਮਾਰਚ ਤਲਵਾੜਾ ਨੂੰ ਰਵਾਨਾ ਹੋ ਗਿਆ।