ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਕਾਸ਼ ਨੂੰ ਜਾਣਦਿਆਂ ਬੁੱਝਦਿਆਂ

10:37 AM Jun 01, 2024 IST
ਆਰਟਿਸਟ ਪ੍ਰਕਾਸ਼ ਵੱਲੋਂ ਬਣਾਏ ਗਏ ਚਿੱਤਰ

ਪਵਨ ਕੁਮਾਰ ਸੈਣੀ
Advertisement

‘ਆਰਟਿਸਟ’ ਪ੍ਰਕਾਸ਼ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ, ਇੱਕ ਪੰਜਾਬੀ-ਭਾਸ਼ਾਈ ਚਿੱਤਰਕਾਰ, ਵਿਆਖਿਆਕਾਰ, ਥੀਏਟਰ ਕਲਾਕਾਰ ਅਤੇ ਕਵੀ ਸਨ। ਲਾਹੌਰ (ਹੁਣ ਪਾਕਿਸਤਾਨ) ਵਿੱਚ 26 ਅਗਸਤ, 1944 ਨੂੰ ਜਨਮੇ ਪ੍ਰਕਾਸ਼ ਉੱਘੇ ਲੇਖਕ, ਕਵੀ-ਪੱਤਰਕਾਰ ਅਵਤਾਰ ਸਿੰਘ ਆਜ਼ਾਦ ਦੇ ਸਪੁੱਤਰ ਸਨ। ਬਹੁਪੱਖੀ ਸ਼ਖ਼ਸੀਅਤ ਅਵਤਾਰ ਸਿੰਘ ਆਜ਼ਾਦ ਨੇ ਸਿੱਖ ਧਰਮ, ਇਸ ਦੀ ਵਿਰਾਸਤ ਅਤੇ ਪੰਜਾਬੀ ਸਾਹਿਤ ਲਈ ਵਡਮੁੱਲਾ ਯੋਗਦਾਨ ਦਿੱਤਾ। ਅਗਸਤ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ, ਉਨ੍ਹਾਂ ਦਾ ਪਰਿਵਾਰ ਜਲੰਧਰ ਆਉਣ ਤੋਂ ਪਹਿਲਾਂ ਅੰਮ੍ਰਿਤਸਰ ’ਚ ਵੱਸ ਗਿਆ ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਾਲ ਬਿਤਾਏ।
ਉਸ ਨੇ ਆਪਣੀ ਮੁੱਢਲੀ ਪੜ੍ਹਾਈ ਜਲੰਧਰ ਤੋਂ ਕੀਤੀ। ਇਸ ਤੋਂ ਬਾਅਦ, ਉਸ ਦਾ ਵਿਆਹ ਹਰਚਰਨ ਕੌਰ ਉਰਫ਼ ‘ਰਿਤੂ’ ਨਾਲ ਹੋਇਆ। ਉਨ੍ਹਾਂ ਦੇ ਇੱਕ ਧੀ ਪੁਰਵਾ ਅਤੇ ਬੇਟਾ ਆਵੇਸ਼ ਹਨ। ਪ੍ਰਕਾਸ਼ ਨੇ ਵੱਖ-ਵੱਖ ਮਾਧਿਅਮਾਂ ’ਚ ਕੰਮ ਕੀਤਾ। ਉਸ ਨੇ ਇਸ ਕਿੱਤੇ ਦੇ ਸਫ਼ਰ ਦੀ ਸ਼ੁਰੂਆਤ ਆਪਣੇ ਗੁਰੂ ਜਲੰਧਰ ਦੇ ਵੇਦ ਪ੍ਰਕਾਸ਼ ਦੀ ਸ਼ਾਗਿਰਦੀ ਹੇਠ ਫਿਲਮ ਬੈਨਰ ਤੇ ਸਾਈਨਬੋਰਡ ਬਣਾਉਣ ਤੋਂ ਕੀਤੀ। ਵੇਦ ਪ੍ਰਕਾਸ਼ ਨੇ ਉਸ ਦੇ ਸ਼ੁਰੂਆਤੀ ਕਲਾਤਮਕ ਉੱਦਮ- ਫਿਲਮ ਬੈਨਰ ਬਣਾਉਣ ਦੌਰਾਨ ਇੱਕ ਰਾਹ ਦਸੇਰੇ ਵਾਂਗੂ ਕੰਮ ਕੀਤਾ।
ਉਸ ਨੇ ਆਪਣੀ ਕਲਾਤਮਕ ਪ੍ਰਤਿਭਾ ਨੂੰ ਆਪਣੀ ਅੰਦਰੂਨੀ ਲੋੜ ਵਿੱਚੋਂ ਨਿਖਾਰਿਆ ਤੇ ਉਹ ਆਪਣੇ ਪ੍ਰਗਟਾਵੇ ’ਚ ਬਹੁਪੱਖੀ ਸੀ। ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਨਾਲ ਕੰਮ ਕਰਦਿਆਂ ਉਸ ਨੂੰ ਕਈ ਲੇਖਕਾਂ ਦੇ ਕਾਵਿ, ਲਘੂ ਕਹਾਣੀਆਂ, ਗਲਪ, ਨਾਟਕ ਤੇ ਮੁਕਾਮੀ ਲਿਖਤਾਂ ਪੜ੍ਹਨ ਤੇ ਚਿਤਰਨ ਦੀ ਕਲਾ ਵਿੱਚ ਆਪਣੇ ਹੁਨਰ ਨੂੰ ਦਿਖਾਉਣ ਦਾ ਮੌਕਾ ਮਿਲਿਆ। ਉਸ ਦੀਆਂ ਬਣਾਈਆਂ ਪੁਸਤਕਾਂ ਦੀਆਂ ਜੈਕੇਟਾਂ/ਜਿਲਦਾਂ, ਖ਼ਾਸ ਤੌਰ ’ਤੇ ਪੰਜਾਬੀ ’ਚ ਲਿਖਣ ਵਾਲਿਆਂ ’ਚ ਕਾਫ਼ੀ ਹਰਮਨ ਪਿਆਰੀਆਂ ਸਨ। ਉਸ ਨੇ ਕਈ ਪੰਜਾਬੀ ਸੰਗੀਤਕ ਐਲਬਮਾਂ ਦੇ ਸੀਡੀ ਕਵਰ ਵੀ ਡਿਜ਼ਾਈਨ ਕੀਤੇ।
ਸਵੈ-ਸਿੱਖਿਅਤ ਕਲਾਕਾਰ ਪ੍ਰਕਾਸ਼ ਨੇ ਆਪਣੇ ਪੇਸ਼ੇ ਦੀ ਸ਼ੁਰੂਆਤ 1964-65 ਦੇ ਨੇੜੇ-ਤੇੜੇ ਜਲੰਧਰ ਤੋਂ ਕੀਤੀ ਅਤੇ ‘ਦਿ ਟ੍ਰਿਬਿਊਨ’ ਅਖ਼ਬਾਰ ਵਿੱਚ ਨੌਕਰੀ ਲੈਣ ਮਗਰੋਂ 1978 ’ਚ ਚੰਡੀਗੜ੍ਹ ਆ ਗਏ। ਇਹ 1971-72 ਦਾ ਸਮਾਂ ਸੀ, ਜਦ ਉਸ ਦਾ ਕੁਝ ਕਾਰਜ ਨਵੀਂ ਦਿੱਲੀ ਵਿੱਚ ਲਲਿਤ ਕਲਾ ਅਕਾਦਮੀ ਦੀ ਕੌਮੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਹ ਉਸ ਦੇ ਜੀਵਨ ਭਰ ਦੇ ਸਫ਼ਰ ਦੀ ਸ਼ੁਰੂਆਤ ਸੀ।

ਆਰਟਿਸਟ ਪ੍ਰਕਾਸ਼ ਵੱਲੋਂ ਬਣਾਏ ਗਏ ਚਿੱਤਰ

ਪ੍ਰਕਾਸ਼ ਦੀ ਜ਼ਿੰਦਗੀ ’ਚ ਸਾਲ 1978 ਇੱਕ ਅਹਿਮ ਮੋੜ ਸਾਬਿਤ ਹੋਇਆ। ‘ਪੰਜਾਬੀ ਟ੍ਰਿਬਿਊਨ’ 15 ਅਗਸਤ, 1978 ਨੂੰ ਸ਼ੁਰੂ ਹੋਈ। ਇਸੇ ਸਾਲ, ਪ੍ਰਕਾਸ਼ ਜਲੰਧਰ ਤੋਂ ਚੰਡੀਗੜ੍ਹ ਆਇਆ। ਹਾਲਾਂਕਿ, 1978 ਵਿੱਚ ਮੋਹਰੀ ਅਖ਼ਬਾਰ ਟ੍ਰਿਬਿਊਨ ’ਚ ਰੱਖਿਆ ਇਹ ਉਸ ਦਾ ਵੱਡਾ ਕਦਮ ਹੀ ਸੀ ਜੋ ਉਸ ਦੇ ਕਰੀਅਰ ਵਿੱਚ ਇੱਕ ਮੀਲ ਪੱਥਰ ਬਣਿਆ। ਪੱਤਰਕਾਰੀ ਦੇ ਗਤੀਸ਼ੀਲ ਖੇਤਰ ਵਿੱਚ ਰੁੱਝਿਆਂ, ਉਸ ਨੂੰ ਆਪਣਾ ਉਹ ਕੈਨਵਸ ਲੱਭਿਆ ਜੋ ਸਥਿਰ ਚਿੱਤਰਾਂ ਤੋਂ ਅੱਗੇ ਨਿਊਜ਼ ਪ੍ਰਿੰਟ ਦੇ ਵੰਨ-ਸਵੰਨੇ ਬਿਰਤਾਂਤਾਂ ਤੱਕ ਫੈਲਿਆ ਹੋਇਆ ਸੀ। ਹਰੇਕ ਕਾਰਜ ਦੇ ਨਾਲ, ਉਹ ਵਿਜ਼ੂਅਲ ਕਥਾਵਾਚਨ ਦੀ ਕਲਾ ’ਚ ਡੂੰਘਾ ਉਤਰਦਾ ਗਿਆ, ਘਟਨਾਵਾਂ, ਭਾਵਨਾਵਾਂ ਤੇ ਸਮਾਜਿਕ ਬਾਰੀਕੀਆਂ ਦੇ ਤੱਤ ਕੱਢੇ। ਕਲਾਕਾਰ ਵਜੋਂ, ਲਾਈਨ ਖਿੱਚਣੀ ਉਸ ਦਾ ਪਹਿਲਾ ਪਿਆਰ ਸੀ। ਉਸ ਨੇ ‘ਦਿ ਟ੍ਰਿਬਿਊਨ’ ਅਖ਼ਬਾਰ ਲਈ ਇੱਕ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਅਖ਼ਬਾਰ ਦੇ ਪਾਠਕ 1978 ਤੋਂ ਬਾਅਦ ਉਸ ਦੇ ਕੰਮ ਤੋਂ ਜਾਣੂ ਹੋਏ, ਜਦ ਉਸ ਦੇ ਦ੍ਰਿਸ਼ਟਾਂਤ (ਚਿੱਤਰ) ਅਖ਼ਬਾਰ ਦੇ ਵਿਸ਼ੇਸ਼ ਸਫ਼ਿਆਂ ਤੇ ਹਫ਼ਤਾਵਾਰੀ ਸਪਲੀਮੈਂਟਾਂ ਵਿੱਚ ਨਿਯਮਿਤ ਤੌਰ ’ਤੇ ਛਪਣ ਲੱਗੇ।
ਪ੍ਰਕਾਸ਼ ਨੇ ਘੱਟੋ-ਘੱਟ 10 ਕੌਮੀ ਤੇ ਰਾਜ ਪੱਧਰੀ ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਵਿੱਚ ਹਿੱਸਾ ਲਿਆ। ਉਸ ਨੇ 8 ਸੋਲੋ ਸ਼ੋਅ ਵੀ ਕੀਤੇ ਅਤੇ ਯੂਰਪ ਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੀ ਕਾਫ਼ੀ ਯਾਤਰਾ ਕੀਤੀ। ਇਸ ਦੌਰਾਨ ਉਸ ਨੇ ਬਰਤਾਨੀਆ, ਕੈਨੇਡਾ ਤੇ ਅਮਰੀਕਾ ਵਿੱਚ ਕਈਆਂ ਲਈ ਪੇਂਟਿੰਗ ਵੀ ਕੀਤੀ। ਉਸ ਦੀਆਂ ਕੁਝ ਪੇਂਟਿੰਗਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੋਲ ਸਾਂਭੀਆਂ ਪਈਆਂ ਹਨ।
ਪ੍ਰਕਾਸ਼ ਨੇ ਆਪਣਾ ਸਫ਼ਰ ਇੱਕ ਕਲਾਕਾਰ ਵਜੋਂ ਅਖ਼ਬਾਰਾਂ ਤੇ ਰਸਾਲਿਆਂ ਨਾਲ ਵਿਆਖਿਆਕਾਰ ਵਜੋਂ ਸ਼ੁਰੂ ਕੀਤਾ। ਉਸ ਨੇ ‘ਪੰਜਾਬ ਕੇਸਰੀ’, ‘ਅਜੀਤ’, ‘ਦ੍ਰਿਸ਼ਟੀ’, ‘ਤਸਵੀਰ’, ‘ਵੀਰ ਪ੍ਰਤਾਪ’, ‘ਅਕਾਲੀ ਪੱਤ੍ਰਿਕਾ’, ‘ਨਵਾਂ ਜ਼ਮਾਨਾ’, ‘ਪ੍ਰੀਤ ਲੜੀ’, ‘ਆਰਸੀ’ ਤੇ ‘ਅਕਸ’ ਨਾਲ ਕੰਮ ਕੀਤਾ। ਆਰਜ਼ੀ ਤੌਰ ’ਤੇ ਉਹ ਸਾਰਿਕਾ, ਸੰਦੇਸ਼ ਇੰਟਰਨੈਸ਼ਨਲ ਤੇ ਦੇਸ ਪ੍ਰਦੇਸ (ਬਰਤਾਨੀਆ) ਨਾਲ ਵੀ ਜੁੜਿਆ ਰਿਹਾ।

Advertisement

ਆਰਟਿਸਟ ਪ੍ਰਕਾਸ਼ ਵੱਲੋਂ ਬਣਾਏ ਗਏ ਚਿੱਤਰ

ਚੰਡੀਗੜ੍ਹ ਆਉਣ ਤੋਂ ਬਾਅਦ, ਉਸ ਨੇ ਆਪਣੀ ਪਤਨੀ ਰਿਤੂ ਨਾਲ ਥੀਏਟਰ ਦਾ ਸਫ਼ਰ ਸ਼ੁਰੂ ਕੀਤਾ। ਪ੍ਰਕਾਸ਼ ਆਪਣੇ ਥੀਏਟਰ ਗਰੁੱਪ ‘ਆਵੇਸ਼’ ਦਾ ਸੰਸਥਾਪਕ ਤੇ ਡਾਇਰੈਕਟਰ ਸੀ। ਉਸ ਨੇ ਅਲਬਰਟ ਕਾਮੂ ਦੀ ਰਚਨਾ ‘ਸਟਰੇਂਜਰ’ ਨੂੰ ਪੰਜਾਬੀ ’ਚ ਨਾਟਕ ਦੇ ਰੂਪ ’ਚ- ‘ਅਜਨਬੀ’ ਵਜੋਂ ਢਾਲਿਆ ਅਤੇ ਇਸੇ ਤਰ੍ਹਾਂ ਐਡਵਰਡ ਐੱਲ ਬੀ ਦੀ ਰਚਨਾ ‘ਦਿ ਜ਼ੂ ਸਟੋਰੀ’ ਨੂੰ ਵੀ ਪੰਜਾਬੀ ’ਚ ‘ਜਾਨਵਰ’ ਦੇ ਰੂਪ ’ਚ ਢਾਲ ਕੇ ਨਾਟਕ ਖੇਡਿਆ। ਇਨ੍ਹਾਂ ਨਾਟਕਾਂ ਦੀ ਪਟਕਥਾ ਉਸ ਨੇ ਹੀ ਲਿਖੀ ਅਤੇ ਇਨ੍ਹਾਂ ਨੂੰ ਨਿਰਦੇਸ਼ਿਤ ਕਰਨ ਦੇ ਨਾਲ-ਨਾਲ ਅਭਿਨੈ ਵੀ ਕੀਤਾ। ਆਵੇਸ਼ ਥੀਏਟਰ ਗਰੁੱਪ ਨੇ ਅੱਸੀਵਿਆਂ ਦੀ ਸ਼ੁਰੂਆਤ ਵਿੱਚ ਚੰਡੀਗੜ੍ਹ ਵਿੱਚ ਸਰਗਰਮੀ ਨਾਲ ਪੇਸ਼ਕਾਰੀਆਂ ਦਿੱਤੀਆਂ ਜਿਨ੍ਹਾਂ ਵਿੱਚ ਉਸ ਦੀ ਪਤਨੀ ਰਿਤੂ ਪ੍ਰਕਾਸ਼ ਵੀ ਕਲਾਕਾਰ ਵਜੋਂ ਸਰਗਰਮ ਸੀ।
ਪ੍ਰਕਾਸ਼ ਨੇ ਬੱਚਿਆਂ ਦੀਆਂ ਅਤੇ ਕਈ ਸਾਹਿਤਕ ਪੁਸਤਕਾਂ ਵੀ ਡਿਜ਼ਾਈਨ ਕੀਤੀਆਂ ਜਿਨ੍ਹਾਂ ’ਚ ਉਸ ਦੇ ਬਣਾਏ ਚਿੱਤਰ ਸਨ। ਬੱਚਿਆਂ ਦੀਆਂ ਕਿਤਾਬਾਂ ਲਈ ਸੰਨ 1992-93 ਵਿੱਚ ਉਸ ਨੂੰ ਐੱਨਸੀਈਆਰਟੀ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਸ ਦੀਆਂ ਲਿਖਤਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਈਆਂ ਜੋ ਕਿ ਰੋਜ਼ਮਰ੍ਹਾ ਦੇ ਵਿਸ਼ਿਆਂ ਤੋਂ ਪ੍ਰੇਰਿਤ ਸਨ, ਜਿਵੇਂ ਕਿ ਉਸ ਦੇ ਦੁੱਧ ਵੇਚਣ ਵਾਲੇ ’ਤੇ ਆਧਾਰਿਤ ਲਿਖਤ ‘ਪ੍ਰੇਮ ਸਿੰਘ ਦੋਧੀ’। ਕਿਉਂਕਿ ਪ੍ਰਕਾਸ਼ ਸਾਹਿਤ ਤੇ ਕਾਵਿ ਨਾਲ ਭਿੱਜੇ ਵਾਤਾਵਰਨ ਵਿੱਚ ਵੱਡਾ ਹੋਇਆ, ਇਸ ਲਈ ਅਜਿਹੇ ਮਾਹੌਲ ’ਚ ਪਲ਼ਦਿਆਂ ਅਤੇ ਆਪਣੇ ਪਿਤਾ ਦੀ ਵਿਰਾਸਤ ’ਚ ਘਿਰੇ ਹੋਏ ਉਹ ਅਵਚੇਤਨ ਮਨ ਹੀ ਕਾਵਿ ਰਚਨਾ ਵੱਲ ਖਿੱਚਿਆ ਗਿਆ। ਉਸ ਦੇ ਕਰੀਅਰ ਦੇ ਮੀਲ ਪੱਥਰਾਂ ਵਿੱਚ 2010 ’ਚ ਲਿਖੀ ਕਵਿਤਾਵਾਂ ਦੀ ਪੰਜਾਬੀ ਪੁਸਤਕ ਵੀ ਸ਼ਾਮਲ ਹੈ। ‘ਧੁੰਦ ਵਿੱਚ ਠਹਿਰੀ ਕਵਿਤਾ’ ਉਸ ਦੇ ਬਹੁਪੱਖੀ ਹੁਨਰ ਨੂੰ ਦਰਸਾਉਂਦੀ ਹੈ। ‘ਅੱਗ ਹੱਥਾਂ ਵਿੱਚ ਹੋਵੇ’, ‘ਪਤਾ ਨਹੀਂ ਕਿਉਂ’, ‘ਮੇਰੀ ਰਿਤੂ’, ‘ਸਮੁੰਦਰ ਬਣ ਜਾਈਏ’, ‘ਖਾਮੋਸ਼ ਚਿਹਰੇ’ ਤੇ ‘ਅਲਵਿਦਾ’ ਉਸ ਦੀਆਂ ਸ਼ਾਨਦਾਰ ਕਵਿਤਾਵਾਂ ਹਨ। ਉਸ ਦੇ ਆਪਣੇ ਸ਼ਬਦਾਂ ਵਿੱਚ: ‘‘ਕਵਿਤਾ ਲਿਖਣਾ ਮੇਰੇ ਲਈ ਕੋਈ ਮਜਬੂਰੀ ਨਹੀਂ ਹੈ, ਇਹ ਬਸ ਮੇਰਾ ਸ਼ੌਕ ਹੈ, ਇਸ ਲਈ ਮੈਂ ਕਵਿਤਾ ਲਿਖਦਾ ਹਾਂ। ਜ਼ਿਆਦਾਤਰ ਕਾਵਿ ਰਚਨਾਵਾਂ ਮੈਂ ਅਖ਼ਬਾਰਾਂ ਵਿੱਚ ਕੰਮ ਕਰਨ ਤੋਂ ਬਾਅਦ ਲਿਖੀਆਂ।’’

ਆਰਟਿਸਟ ਪ੍ਰਕਾਸ਼

ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਪ੍ਰੇਮ, ਮਾਨਵੀ ਰਿਸ਼ਤਿਆਂ ਤੇ ਸਮਾਜਿਕ ਮੁੱਦਿਆਂ ਸਣੇ ਕਈ ਵਿਸ਼ਿਆਂ ਨੂੰ ਛੂਹਿਆ। ਉਸ ਦੀ ਰੁਮਾਂਟਿਕ ਕਵਿਤਾ ‘ਮੇਰੀ ਰਿਤੂ’ ਪਤਨੀ ਨੂੰ ਸਮਰਪਿਤ ਹੈ, ਜਿਸ ਦੇ ਰੂਹ ਭਿੱਜੇ ਬੋਲ ਇੱਕ ਪ੍ਰੇਮੀ ਦੀ ਅੰਦੂਰਨੀ ਖ਼ੂਬਸੂਰਤੀ ਨੂੰ ਦਰਸਾਉਂਦੇ ਹਨ। ਕਿਸੇ ਕਲਾ ਸੰਸਥਾ ਤੋਂ ਰਸਮੀ ਵਿੱਦਿਆ ਤੇ ਸਿਖਲਾਈ ਦਾ ਮੌਕਾ ਨਾ ਮਿਲਣ ਦੇ ਬਾਵਜੂਦ ‘ਆਰਟਿਸਟ’ ਨੇ ਕਲਾਤਮਕਤਾ ਦੇ ਸੰਸਾਰ ਵਿੱਚ ਖ਼ੁਦ ਨੂੰ ਡੁਬਾਉਣ ਦੀ ਇੱਕ ਗਹਿਰੀ ਖਾਹਿਸ਼ ਪਾਲ਼ੀ। ਸਾਹਿਤ, ਥੀਏਟਰ ਤੇ ਕਲਾਤਮਕ ਪ੍ਰਗਟਾਵੇ ਲਈ ਪ੍ਰਕਾਸ਼ ਦਾ ਜਨੂੰਨ ਉਮਰ ਭਰ ਉਸ ਨੂੰ ਰਾਹ ਦਿਖਾਉਂਦਾ ਰਿਹਾ।
ਪ੍ਰਕਾਸ਼ ਨੇ ਕਈ ਅਮੂਰਤ (ਐਬਸਟ੍ਰੈਕਟ) ਚਿੱਤਰ ਵੀ ਬਣਾਏ। ਉਸ ਦੇ ਕਾਰਜਾਂ ਵਿੱਚੋਂ ਇੱਕ, ਉਸ ਦਾ ਸਵੈ-ਚਿੱਤਰ ਵੀ ਹੈ ਜੋ ਕਲਾਕਾਰ ਦੀ ਆਪਣੀ ਜ਼ਿੰਦਗੀ ਦੇ ਸ਼ਾਂਤ ਅਤੇ ਜ਼ਿਆਦਾ ਗੁੰਝਲਦਾਰ ਪੜਾਅ ਨੂੰ ਦਰਸਾਉਂਦਾ ਹੈ। ਵਿਹਲ ’ਚ ਪ੍ਰਕਾਸ਼ ਅਮੂਰਤ, ਲਾਖਣਿਕ ਤੇ ਮਾਨਵੀ ਚਿੱਤਰ ਕੈਨਵਸ ਜਾਂ ਕਾਗਜ਼ ਉਤੇ ਬਣਾਉਂਦਾ ਰਿਹਾ, ਜਿਸ ਲਈ ਉਸ ਨੇ ਪਾਣੀ ਵਾਲੇ ਰੰਗਾਂ, ਤੇਲ ਵਾਲੇ ਰੰਗਾਂ, ਲਾਈਨ ਡਰਾਇੰਗ ਤੇ ਰਲੇ-ਮਿਲੇ ਮਾਧਿਅਮਾਂ ਦੀ ਵਰਤੋਂ ਕੀਤੀ। ਉਸ ਦੇ ਚਿੱਤਰ ਤੇ ਡਰਾਇੰਗ ਉਸ ਦੇ ਆਸੇ-ਪਾਸੇ ਵਾਪਰਦੀਆਂ ਘਟਨਾਵਾਂ ਤੇ ਸਥਿਤੀਆਂ ਦਾ ਪਰਛਾਵਾਂ ਸਨ। ਪ੍ਰਕਾਸ਼ ਆਖਰੀ ਸਾਹਾਂ ਤੱਕ ਕਲਾ ਦੇ ਖੇਤਰ ਵਿੱਚ ਸਰਗਰਮ ਰਿਹਾ। ਚੰਡੀਗੜ੍ਹ ’ਚ 1978 ਵਿੱਚ ‘ਦਿ ਟ੍ਰਿਬਿਊਨ’ ਨਾਲ ਸ਼ੁਰੂ ਹੋਇਆ ਉਸ ਦਾ ਸਫ਼ਰ 2005 ਵਿੱਚ ਸੇਵਾਮੁਕਤੀ ਤੱਕ ਜਾਰੀ ਰਿਹਾ। ਸੰਨ 2011 ਵਿੱਚ 28 ਮਈ ਨੂੰ 66 ਸਾਲ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ। ਉਸ ਦੀ ਕਲਾ ਤੇ ਕਾਵਿ ਰਚਨਾ ਨੇ ਕਲਾਤਮਕ ਭੂ-ਦ੍ਰਿਸ਼ ’ਤੇ ਅਮਿੱਟ ਛਾਪ ਛੱਡੀ ਹੈ। ਉਹ ਆਪਣੇ ਪਿੱਛੇ ਯਾਦਾਂ ਤੇ ਕਲਾਤਮਕ ਸਿਰਜਣਾ ਦਾ ਜੀਵਨ ਭਰ ਦਾ ਅਨਮੋਲ ਸਰਮਾਇਆ ਛੱਡ ਗਿਆ ਹੈ।
ਸੰਪਰਕ: 98551-51843

Advertisement
Advertisement