For the best experience, open
https://m.punjabitribuneonline.com
on your mobile browser.
Advertisement

ਚੇਤਨਾ ਭਰਪੂਰ ਕਵਿਤਾਵਾਂ

07:15 AM Jul 14, 2023 IST
ਚੇਤਨਾ ਭਰਪੂਰ ਕਵਿਤਾਵਾਂ
Advertisement

ਸੀ. ਮਾਰਕੰਡਾ

ਪੁਸਤਕ ‘ਕਵਿਤਾ ਮੇਰੇ ਚਾਰ-ਚੁਫੇਰੇ’ (ਕੀਮਤ: 100 ਰੁਪਏ; ਪ੍ਰੇਰਣਾ ਪ੍ਰਕਾਸ਼ਨ, ਅੰਮ੍ਰਿਤਸਰ) ਮਨੋ-ਚਕਿਤਸਕ ਡਾਕਟਰ ਸ਼ਿਆਮ ਸੁੰਦਰ ਦੀਪਤੀ ਦਾ ਤੀਸਰਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੀਆਂ ਦੋ ਕਾਵਿ ਪੁਸਤਕਾਂ ‘ਕੀ ਲਿਖਾਂ ਕਵਿਤਾ’ ਅਤੇ ‘ਕਵਿਤਾ ਮੇਰੇ ਅੰਦਰ’ ਛਪ ਚੁੱਕੀਆਂ ਹਨ। ਹਥਲੀ ਪੁਸਤਕ ਤੀਸਰਾ ਕਾਵਿ ਸੰਗ੍ਰਹਿ ਪਾਠਕਾਂ ਦੇ ਸਨਮੁੱਖ ਹੈ। ਡਾਕਟਰ ਸ਼ਿਆਮ ਸੁੰਦਰ ਦੀਪਤੀ ਸੁਹਿਰਦ ਅਤੇ ਬਹੁ-ਵਿਧਾਈ ਲੇਖਕ ਹੈ। ਕਵਿਤਾ ਅਤੇ ਮਿੰਨੀ ਕਹਾਣੀਆਂ ਤੋਂ ਇਲਾਵਾ ਮਨੋਰੋਗਾਂ, ਕਰੋਨਾ, ਕਿਸਾਨੀ ਘੋਲਾਂ, ਮਾਨਸਿਕ ਉਲਝਣਾਂ ਅਤੇ ਹੋਰ ਕਈ ਵਿਸ਼ਿਆਂ ਬਾਰੇ ਹੁਣ ਤੱਕ ਉਸ ਦੇ ਅਨੇਕਾਂ ਲੇਖ ਛਪ ਚੁੱਕੇ ਹਨ।
ਹਥਲੇ ਕਾਵਿ ਸੰਗ੍ਰਹਿ ਵਿਚਲੀਆਂ ਦੀਪਤੀ ਦੀਆਂ ਕਵਿਤਾਵਾਂ ਵਿੱਚ ਸੂਖ਼ਮਤਾ ਤੇ ਸੰਵੇਦਨਾ ਵੀ ਹੈ, ਚੇਤਨਾ ਤੇ ਚਿੰਤਨ ਵੀ। ਕਵੀ ਦੀ ਚੇਤਨਾ ਨੂੰ ਸਮਾਜਿਕ ਅਸਾਵਾਂਪਣ ਝੰਜੋੜਦਾ ਤੇ ਉਸ ਨੂੰ ਚਿੰਤਤ ਵੀ ਕਰਦਾ ਹੈ। ਜ਼ਿੰਦਗੀ ਦੀਆਂ ਲਾਚਾਰੀਆਂ, ਦੁਸ਼ਵਾਰੀਆਂ ਅਤੇ ਮਜਬੂਰੀਆਂ ਉਸ ਦੀ ਕਵਿਤਾ ਵਿੱਚ ਬਾਖ਼ੂਬੀ ਦ੍ਰਿਸ਼ਮਾਨ ਹੁੰਦੀਆਂ ਹਨ। ਉਹ ਮਿਹਨਤੀ ਅਤੇ ਕਿਰਤੀ ਵਰਗ ਦੇ ਹੋ ਰਹੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਂਦਾ ਹੈ। ਉਹ ਸੁਚੇਤ ਹੈ ਕਿ ਕਿਵੇਂ ਸੱਤਾ ਸਰਮਾਏਦਾਰਾਂ ਨਾਲ ਰਲ ਕੇ ਉਨ੍ਹਾਂ ਲੋਕਾਂ ਨੂੰ ਲੁੱਟਦੀ ਹੈ ਜੋ ਧਰਤੀ ਦੀ ਹਿੱਕ ਪਾੜ ਕੇ ਪੈਦਾਵਾਰ ਕਰਦੇ ਹਨ, ਹੱਡ ਭੰਨਵੀਂ ਮਿਹਨਤ ਕਰਕੇ ਆਪਣੇ ਨਰਕ ਭਰੇ ਜੀਵਨ ਨੂੰ ਮਸਾਂ ਜੀਣ ਜੋਗਾ ਬਣਾਉਂਦੇ ਹਨ। ਇਸੇ ਲਈ ਕਵੀ ਦੀਆਂ ਕਵਿਤਾਵਾਂ ਵਿੱਚ ਰੇਹੜੀ ਲਾਉਣ ਵਾਲੇ, ਪੈਂਚਰ ਲਾਉਣ ਵਾਲੇ, ਦਿਹਾੜੀਦਾਰ ਕਾਮੇ, ਕਿਸਾਨ, ਖੇਤ ਮਜ਼ਦੂਰ, ਰਿਕਸ਼ਾ ਚਾਲਕ, ਮਿਸਤਰੀ, ਪਰਵਾਸੀ, ਕਾਰੀਗਰ, ਮੋਚੀ ਆਦਿ ਸਾਧਨ ਵਿਹੂਣੇ ਪਾਤਰ ਅਕਸਰ ਦ੍ਰਿਸ਼ਮਾਨ ਹੁੰਦੇ ਹਨ। ਉਨ੍ਹਾਂ ਦੇ ਜੀਵਨ ਵਿਚਲੀਆਂ ਵਿਸੰਗਤੀਆਂ, ਦੁਸ਼ਵਾਰੀਆਂ ਅਤੇ ਦੁਖਾਂਤ ਨੂੰ ਉਹ ਆਪਣੇ ਕਾਵਿ ਬਿਰਤਾਂਤ ਰਾਹੀਂ ਛੰਦਮੁਕਤ ਕਵਿਤਾ ਵਿੱਚ ਸਹਿਜੇ ਹੀ ਢਾਲ ਲੈਂਦਾ ਹੈ। ਇਹ ਕਾਵਿ ਪ੍ਰਸੰਗ ਹੀ ਉਸ ਦੀ ਕਵਿਤਾ ਦੀ ਮੁੱਖ ਚੂਲ ਹੈ ਜੋ ਉਸ ਦੀ ਪਹਿਲੀ ਕਵਿਤਾ ਤੋਂ ਹੀ ਉਜਾਗਰ ਹੋ ਉੱਠਦਾ ਹੈ: ਭੁੱਖ ਵੀ ਕਿੱਥੇ ਕਿੱਥੇ ਲੈ ਜਾਂਦੀ ਹੈ ਬੰਦੇ ਨੂੰ/ ਮੈਂ ਬਿਹਾਰੀ ਮਜ਼ਦੂਰ ਨੂੰ/ ਪਰਵਾਸ ਲਈ ਮਸਾਲਾ ਬਣਾਉਂਦੇ ਦੇਖਦਾਂ/... ਉਸ ਨੇ ਮਿਸਤਰੀ ਵੱਲ ਮੁਸਕਰਾ ਕੇ ਕਿਹਾ/ ਠੀਕ ਬਣ ਗਿਆ/ ...ਭੁੱਖ ਮਿਟ ਜਾਏ ਤਾਂ ਤਸੱਲੀ ਹੋ ਜਾਂਦੀ ਹੈ।
ਸੱਤਾ ਆਪਣੇ ਸੁਆਰਥ, ਫ਼ਿਰਕੂ ਧਰੁਵੀਕਰਨ ਅਤੇ ਵੋਟਾਂ ਬਟੋਰਨ ਲਈ ਫ਼ਿਰਕੂ ਖੇਡ ਖੇਡਦੀ ਹੋਈ ਇੱਕ ਖ਼ਾਸ ਫ਼ਿਰਕੇ ਨੂੰ ਨਿਸ਼ਾਨਾ ਬਣਾਉਂਦੀ ਹੈ। ਉਸ ਦੇ ਅਜਿਹੇ ਕੋਝੇ ਕਾਰੇ ਨਾਲ ਪੀੜਤ ਫ਼ਿਰਕੇ ਦੇ ਲੋਕਾਂ ਉੱਤੇ ਦਹਿਸ਼ਤ ਐਨੀ ਭਾਰੂ ਹੋ ਜਾਂਦੀ ਹੈ ਕਿ ਉਨ੍ਹਾਂ ਕੋਲ ਆਪਣੀ ਪਹਿਚਾਣ ਛੁਪਾਉਣ ਤੋਂ ਛੁੱਟ ਹੋਰ ਕੋਈ ਰਸਤਾ ਨਹੀਂ ਬਚਦਾ: ਅਬਦੁਲ ਹੈ ਉਸ ਦਾ ਨਾਂ/ ਮੈਨੂੰ ਪਤਾ ਲੱਗਿਆ/ ਜਦੋਂ ਉਸ ਨੇ ਕਿਹਾ/ ਕੱਲ੍ਹ ਛੁੱਟੀ ਕਰਨੀ ਹੈ ਈਦ ਦੀ/ ਤਿੰਨ ਮਹੀਨੇ ਤੋਂ ਵੱਧ ਹੋ ਗਏ/ ਉਸ ਨੂੰ ਮੇਰੇ ਕੋਲ ਕੰਮ ਕਰਦਿਆਂ/ ਰਾਜੂ ਨਾਂ ਦੱਸਿਆ/ ਸਿਰਫ਼ ਭੁੱਖ ਹੀ ਨਹੀਂ ਭੇਜਦੀ/ ਆਦਮੀ ਨੂੰ ਆਪਣੀ ਮਿੱਟੀ ਤੋਂ ਦੂਰ/ ਡਰ ਵੀ ਭੇਜਦਾ ਹੈ।
ਇਸ ਕਾਵਿ ਸੰਗ੍ਰਹਿ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ, ਦੂਜੇ ਅਤੇ ਤੀਜੇ ਭਾਗ ’ਚ ਸੂਖ਼ਮ ਭਾਵੀ ਸੰਵੇਦਨਸ਼ੀਲ ਅਤੇ ਸਿਰਲੇਖ ਰਹਿਤ ਕਵਿਤਾਵਾਂ ਹਨ। ਚੌਥੇ ਭਾਗ ਵਿੱਚ ਕਰੋਨਾ ਕਾਲ ਦੀਆਂ ਕਵਿਤਾਵਾਂ, ਪੰਜਵੇਂ ਭਾਗ ਵਿੱਚ ਕਿਸਾਨੀ ਘੋਲ ਦੇ ਅੰਗ-ਸੰਗ ਅਤੇ ਛੇਵੇਂ ਭਾਗ ਵਿੱਚ ਇਤਿਹਾਸਕ ਲੋਕ-ਨਾਇਕਾਂ, ਇਮਾਰਤਾਂ ਅਤੇ ਹੋਰ ਇਤਿਹਾਸਕ ਸਮੱਗਰੀ ਨਾਲ ਜੁੜੀਆਂ ਕਵਿਤਾਵਾਂ ਹਨ।
ਡਾਕਟਰੀ ਦੇ ਕਿੱਤੇ ਅਤੇ ਕਵਿਤਾ ਦੋਹਾਂ ਵਿੱਚ ਮਾਨਵੀ ਸੰਵੇਦਨਾ ਦਾ ਬੜਾ ਵੱਡਾ ਦਖਲ ਹੁੰਦਾ ਹੈ। ਜੇ ਡਾਕਟਰ ਮਨੋ-ਚਕਿਤਸਕ ਹੋਵੇ ਤਾਂ ਦਖ਼ਲ ਹੋਰ ਵੀ ਵਧ ਜਾਂਦਾ ਹੈ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਉਸ ਦੀਆਂ ਕਵਿਤਾਵਾਂ ਵਿੱਚ ਲੋਕ-ਪੱਖੀ ਚੇਤਨਾ ਅਤੇ ਮਾਨਵੀ ਸੰਵੇਦਨਾ ਪੂਰੀ ਸ਼ਿੱਦਤ ਨਾਲ ਪ੍ਰਗਟ ਹੋਈ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ, ਨਾਰੀ ਦੀ ਆਜ਼ਾਦੀ ਅਤੇ ਔਰਤ ਨਾਲ ਹੋ ਰਹੇ ਵਿਤਕਰਿਆਂ ਨੂੰ ਵਿਸ਼ਾ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਇਹ ਕਰੋਨਾ ਕਾਲ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਉਜਾੜੇ ਅਤੇ ਸਰਕਾਰ ਵੱਲੋਂ ਲਏ ਗ਼ਲਤ, ਅੰਧ-ਵਿਸ਼ਵਾਸ ਭਰੇ ਗੁਮਰਾਹਕੁਨ ਫ਼ੈਸਲਿਆਂ ’ਤੇ ਵੀ ਕਿੰਤੂ ਕਰਦੀਆਂ ਹਨ। ਕਿਸਾਨ ਅੰਦੋਲਨ ਸਬੰਧੀ ਕਵਿਤਾਵਾਂ ਵਿੱਚੋਂ ਅੰਦੋਲਨ, ਆਰ-ਪਾਰ ਦੀ ਵੰਗਾਰ ਅਤੇ ਲਲਕਾਰ ਦੀ ਗੂੰਜ ਵੀ ਸੁਣਾਈ ਦਿੰਦੀ ਹੈ: ਸਾਡੇ ਖੂਨ ਵਿੱਚ/ ਜ਼ੁਲਮ ਦੇ ਖਿਲਾਫ਼ ਲਲਕਾਰਨ/ ਆਵਾਜ਼ ਉਠਾਉਣ/ ਆਕੜ ਭੰਨਣ ਦੀ ਤਾਕਤ ਹੈ। ਪੁਸਤਕ ਦੀਆਂ ਆਖ਼ਰੀ ਕੁਝ ਕਵਿਤਾਵਾਂ ਲੋਕ ਨਾਇਕਾਂ ਵੱਲੋਂ ਪਾਏ ਲੋਕ ਪੱਖੀ ਪੂਰਨਿਆਂ ਅਤੇ ਉਪਦੇਸ਼ਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੂੰ ਨਮਨ ਕਰਦੀਆਂ ਹਨ। ਇੰਝ ‘ਕਵਿਤਾ ਮੇਰੇ ਚਾਰ ਚੁਫੇਰੇ’ ਸ਼ਿਆਮ ਸੁੰਦਰ ਦੀਪਤੀ ਦਾ ਪੰਜਾਬੀ ਕਾਵਿ ਜਗਤ ਲਈ ਇੱਕ ਅਨਮੋਲ ਉਪਹਾਰ ਹੈ।
ਸੰਪਰਕ: 94172-72161

Advertisement

Advertisement
Advertisement
Tags :
Author Image

joginder kumar

View all posts

Advertisement