ਕਾਂਗਰਸ ਦਾ ‘ਹੱਥ’ ਉਪਰ, ਵੋਟਾਂ ਦੀ ਦਰ ਹੇਠਾਂ..!
ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੂਨ
ਕਾਂਗਰਸ ਨੇ ਪੰਜਾਬ ਵਿਚ ਸੱਤ ਸੀਟਾਂ ’ਤੇ ਜਿੱਤ ਦਰਜ ਕਰ ਕੇ ਆਪਣਾ ਹੱਥ ਉਪਰ ਰੱਖਿਆ ਹੈ। ‘ਇੰਡੀਆ’ ਗੱਠਜੋੜ ਤਹਿਤ ਸੂਬੇ ਵਿਚ ਚੋਣ ਲੜਨ ਦੀ ਥਾਂ ਕਾਂਗਰਸ ਅਤੇ ‘ਆਪ’ ਨੇ ਵੱਖੋ ਵੱਖ ਹੋ ਕੇ ਚੋਣ ਲੜੀ। ਪੰਜਾਬ ਦੇ ਰਾਜਸੀ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਨੇ ਲਗਾਤਾਰ ਦੂਸਰੀ ਵਾਰ ਲੋਕ ਸਭਾ ਚੋਣਾਂ ਵਿੱਚ ਝੰਡਾ ਬੁਲੰਦ ਰੱਖਿਆ ਹੋਵੇ। 2019 ਦੀ ਲੋਕ ਸਭਾ ਚੋਣ ਵਿਚ ਕਾਂਗਰਸ ਨੇ 8 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਅਤੇ 40.6 ਫ਼ੀਸਦੀ ਵੋਟ ਹਾਸਲ ਕੀਤੇ ਸਨ। ਹੁਣ ਸੱਤ ਸੀਟਾਂ ’ਤੇ ਜਿੱਤ ਪ੍ਰਾਪਤ ਕਰਕੇ 26.30 ਫ਼ੀਸਦੀ ਵੋਟ ਲਏ ਹਨ।
ਪੰਜਾਬੀ ਸੂਬਾ ਬਣਨ ਮਗਰੋਂ ਹੁਣ ਤੱਕ 15 ਲੋਕ ਸਭਾ ਚੋਣਾਂ ਹੋਈਆਂ ਹਨ ਜਿਨ੍ਹਾਂ ਵਿੱਚੋਂ 9 ਵਾਰੀ ਕਾਂਗਰਸ ਨੇ ਵਿਰੋਧੀਆਂ ਨਾਲੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ ਜਦੋਂਕਿ ਛੇ ਵਾਰੀ ਸ਼੍ਰੋਮਣੀ ਅਕਾਲੀ ਦਲ ਮੋਹਰੀ ਬਣਿਆ ਹੈ। ਕਾਂਗਰਸ ਦਾ ਵੋਟ ਬੈਂਕ ਕਦੇ ਵੀ ਸਾਲ 1989 ਦੀਆਂ ਚੋਣਾਂ ਨੂੰ ਛੱਡ ਕੇ 33 ਫ਼ੀਸਦੀ ਤੋਂ ਘਟਿਆ ਨਹੀਂ ਸੀ ਪ੍ਰੰਤੂ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀ ਵੋਟ ਫ਼ੀਸਦੀ 26.30 ਫ਼ੀਸਦੀ ਹੀ ਰਹਿ ਗਈ ਹੈ। ਕਾਂਗਰਸ ਦਾ ਵੋਟ ਬੈਂਕ ਸਭ ਤੋਂ ਉੱਚਾ 1980 ਦੀਆਂ ਚੋਣਾਂ ਵਿੱਚ 52.6 ਫ਼ੀਸਦੀ ਰਿਹਾ ਸੀ ਅਤੇ 1991 ਦੀਆਂ ਚੋਣਾਂ ਵਿਚ 49.3 ਫ਼ੀਸਦੀ ਰਿਹਾ ਸੀ।
ਕਾਂਗਰਸ ਦੀ ਇਸ ਜਿੱਤ ਤੋਂ ਸੰਕੇਤ ਮਿਲਦਾ ਹੈ ਕਿ ਇਸ ਪਾਰਟੀ ਦਾ ਪੱਕਾ ਹਿੰਦੂ ਵੋਟ ਬੈਂਕ ਅਤੇ ਦਲਿਤ ਵੋਟ ਬੈਂਕ ਤੋਂ ਇਲਾਵਾ ਕਾਡਰ ਹਾਲੇ ਵੀ ਪਾਰਟੀ ਨਾਲ ਖੜ੍ਹਾ ਹੈ। ਕੌਮੀ ਪੱਧਰ ’ਤੇ ‘ਇੰਡੀਆ’ ਗੱਠਜੋੜ ਦਾ ਪ੍ਰਭਾਵ ਪੰਜਾਬ ਵਿੱਚ ਵੀ ਪਿਆ ਹੈ ਅਤੇ ਪੰਜਾਬੀਆਂ ਨੂੰ ਭਾਜਪਾ ਨੂੰ ਕੌਮੀ ਸੀਨ ਤੋਂ ਲਾਂਭੇ ਕਰਨ ਲਈ ਕਾਂਗਰਸ ਪਾਰਟੀ ਢੁਕਵੀਂ ਜਾਪੀ। ਕਾਂਗਰਸ ਪਾਰਟੀ ਵੱਲੋਂ ‘ਆਪ’ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਦਾ ਏਜੰਡਾ ਵੀ ਸਫਲ ਰਿਹਾ ਹੈ। ਕਾਂਗਰਸ ਦਾ ਵੱਡੇ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਨ ਦਾ ਪੈਂਤੜਾ ਕਾਮਯਾਬ ਰਿਹਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਤੋਂ 1,75,993 ਵੋਟਾਂ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਹਲਕੇ ਤੋਂ ਭਾਜਪਾ ਦੇ ਰਵਨੀਤ ਬਿੱਟੂ ਨੂੰ 20,942 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਵੇਂ ਹੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਨੂੰ 83,012 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਆਪਸੀ ਕਾਟੋ ਕਲੇਸ਼ ਤੋਂ ਮੁਕਤ ਰਹੀ। ਹਾਲਾਂਕਿ ਆਖ਼ਰੀ ਸੂਬਾਈ ਸਰਕਾਰ ਕਾਂਗਰਸ ਦੀ ਸੀ ਅਤੇ ਕਾਂਗਰਸ ਸਰਕਾਰ ਦੇ ਮਾਫ਼ੀਆ ਰਾਜ ਨੂੰ ਲੋਕ ਭੁੱਲੇ ਨਹੀਂ ਸੀ ਪ੍ਰੰਤੂ ਇਸ ਦੇ ਬਾਵਜੂਦ ਲੋਕਾਂ ਨੇ ਕਾਂਗਰਸ ਦਾ ਹੱਥ ਫੜਿਆ। ਇਨ੍ਹਾਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਜਾਣ ਕਰਕੇ ਮਨਫ਼ੀ ਸੀ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਚੋਣ ਪ੍ਰਚਾਰ ਤੋਂ ਬਾਹਰ ਰਹੇ। ਸੰਗਰੂਰ ਵਿੱਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ‘ਆਪ’ ਦਾ ਗੜ੍ਹ ਤੋੜਨ ਵਿੱਚ ਨਾਕਾਮ ਰਹੇ। ਕਾਂਗਰਸੀ ਆਗੂ ਰਾਹੁਲ ਗਾਂਧੀ ,ਪ੍ਰਿਅੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਜਿਨ੍ਹਾਂ ਹਲਕਿਆਂ ਵਿਚ ਚੋਣ ਰੈਲੀਆਂ ਕੀਤੀਆਂ, ਉੱਥੇ ਕਾਂਗਰਸ ਨੂੰ ਜਿੱਤ ਪ੍ਰਾਪਤ ਹੋਈ ਹੈ। ਡਾ.ਧਰਮਵੀਰ ਗਾਂਧੀ ਨੂੰ ਚੋਣ ਲੜਾਉਣਾ ਵੀ ਕਾਂਗਰਸ ਲਈ ਲਾਹੇਵੰਦ ਰਿਹਾ ਹੈ ਜਿਨ੍ਹਾਂ ਦੇ ਨਿੱਜੀ ਅਕਸ ਨੇ ਕਾਂਗਰਸ ਨੂੰ ਜਿੱਤ ਦਿਵਾਈ ਹੈ।