For the best experience, open
https://m.punjabitribuneonline.com
on your mobile browser.
Advertisement

ਨਾਮਜ਼ਦਗੀਆਂ ਦਾਖ਼ਲ ਕਰਾਉਣ ਆਏ ਕਾਂਗਰਸੀ ਤੇ ‘ਆਪ’ ਸਮਰਥਕ ਭਿੜੇ

08:03 AM Oct 02, 2024 IST
ਨਾਮਜ਼ਦਗੀਆਂ ਦਾਖ਼ਲ ਕਰਾਉਣ ਆਏ ਕਾਂਗਰਸੀ ਤੇ ‘ਆਪ’ ਸਮਰਥਕ ਭਿੜੇ
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 1 ਅਕਤੂਬਰ
ਨਗਰ ਪੰਚਾਇਤ ਦਫ਼ਤਰ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਾਉਣ ਆਏ ਦੋ ਸਿਆਸੀ ਪਾਰਟੀਆਂ ਦੇ ਸਮਰਥਕ ਆਪਸ ਵਿੱਚ ਭਿੜ ਗਏ। ਇਸ ਕਾਰਨ ਕਾਂਗਰਸ ਸਮਰਥਕ ਦੋ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਕੋਟ ਈਸੇ ਖਾਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਅਦ ਦੁਪਹਿਰ ਇੱਥੋਂ ਦੇ ਨਗਰ ਪੰਚਾਇਤ ਦਫ਼ਤਰ ਵਿੱਚ ਪਿੰਡ ਮੇਲਕ ਅਕਾਲੀਆਂ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਰਾਜੂ, ਜੋ ਕਾਂਗਰਸ ਪਾਰਟੀ ਨਾਲ ਸਬੰਧਤ ਹਨ, ਆਪਣੇ ਸਮਰਥਕਾਂ ਨਾਲ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਪੁੱਜੇ ਸਨ। ਉਹ ਜਿਵੇਂ ਹੀ ਧਰਮਕੋਟ ਚੌਕ ਵਿੱਚ ਸਥਿਤ ਨਗਰ ਪੰਚਾਇਤ ਦੇ ਦਫ਼ਤਰ ਪੁੱਜੇ ਤਾਂ ਉਨ੍ਹਾਂ ਦੀ ਦਫ਼ਤਰ ਦੇ ਗੇਟ ’ਤੇ ਪਿੰਡ ਦੇ ਹੀ ‘ਆਪ’ ਸਮਰਥਕਾਂ ਕਰਮਜੀਤ ਸਿੰਘ ਅਤੇ ਨਵਜੋਤ ਸਿੰਘ ਫ਼ੌਜੀ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਝੜਪ ਹੋ ਗਈ। ਇਸ ਦੌਰਾਨ ਸੁਖਜਿੰਦਰ ਦੇ ਦੋ ਸਾਥੀ ਹਰਜਿੰਦਰ ਸਿੰਘ ਤੇ ਦਵਿੰਦਰ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਕੋਟ ਈਸੇ ਖਾਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਖ਼ਮੀ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ‘ਆਪ’ ਆਗੂ ਕਰਮਜੀਤ ਸਿੰਘ ਤੇ ਨਵਜੋਤ ਸਿੰਘ ਫ਼ੌਜੀ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਕਾਗਜ਼ ਦਾਖ਼ਲ ਕਰਨ ਤੋਂ ਰੋਕਿਆ ਅਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਨਵਜੋਤ ਸਿੰਘ ਫ਼ੌਜੀ ਦੀ ਮਾਤਾ ਬਲਜੀਤ ਕੌਰ ਪਿੰਡ ਤੋਂ ‘ਆਪ’ ਦੀ ਸਰਪੰਚੀ ਦੀ ਉਮੀਦਵਾਰ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਘਟਨਾ ਸਮੇਂ ਕੋਈ ਕਾਰਵਾਈ ਨਹੀਂ ਕੀਤੀ। ਹਮਲਾਵਰ ਉਨ੍ਹਾਂ ਨੂੰ ਸੱਟਾਂ ਮਾਰ ਕੇ ਉੱਥੋਂ ਗਏ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰਾਜੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੋ ਸਮਰਥਕ ਬਲਕਾਰ ਸਿੰਘ ਅਤੇ ਬਖਤੌਰ ਸਿੰਘ, ਜਦੋਂ ਦਫ਼ਤਰ ਤੋਂ ਫਾਈਲਾਂ ਜਮ੍ਹਾਂ ਕਰਵਾ ਕੇ ਵਾਪਸ ਆ ਰਹੇ ਸਨ ਤਾਂ ਹਮਲਾਵਰਾਂ ਨੇ ਉਨ੍ਹਾਂ ਤੋਂ ਰਸੀਦਾਂ ਖੋਹ ਕੇ ਪਾੜਨ
ਮਗਰੋਂ ਧਮਕੀਆਂ ਦਿੱਤੀਆਂ।

Advertisement

ਅਕਾਲੀ ਦਲ ਨੇ ਕੋਟ ਈਸੇ ਖਾਂ ਦੇ ਮੁੱਖ ਚੌਕ ’ਚ ਧਰਨਾ ਲਾਇਆ

ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਦੀ ਅਗਵਾਈ ਹੇਠ ਅਕਾਲੀ ਕਾਰਕੁਨਾਂ ਨੇ ਪੰਚਾਇਤੀ ਚੋਣਾਂ ’ਚ ਕਥਿਤ ਗੜਬੜੀ ਖ਼ਿਲਾਫ਼ ਕੋਟ ਈਸੇ ਖਾਂ ਵਿੱਚ ਮੁੱਖ ਚੌਕ ’ਚ ਪ੍ਰਦਰਸ਼ਨ ਕੀਤਾ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ, ਰਾਜਵਿੰਦਰ ਸਿੰਘ ਧਰਮਕੋਟ, ਵਰਕਿੰਗ ਕਮੇਟੀ ਮੈਂਬਰ ਜੋਗਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਗਗੜਾ ਸਣੇ ਵੱਡੀ ਗਿਣਤੀ ’ਚ ਆਗੂ ਅਤੇ ਵਰਕਰ ਹਾਜ਼ਰ ਸਨ। ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਇਨ੍ਹਾਂ ਚੋਣਾਂ ਵਿੱਚ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਅਕਾਲੀ ਸਮਰਥਕਾਂ ਨੂੰ ਨਾਮਜ਼ਦਗੀ ਪਰਚੇ ਭਰਨ ਤੋਂ ਰੋਕਿਆ ਜਾ ਰਿਹਾ ਹੈ। ਉਮੀਦਵਾਰਾਂ ਨੂੰ ਪੰਚਾਇਤ ਵਿਭਾਗ ਵੱਲੋਂ ਲੋੜੀਂਦੀ ਸਮੱਗਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਤੋਂ ਲਾਂਭੇ ਕਰ ਕੇ ਧੱਕੇਸ਼ਾਹੀ ਨਾਲ ਪਿੰਡਾਂ ਵਿੱਚ ਆਪਣੀਆਂ ਪੰਚਾਇਤਾਂ ਬਣਾਉਣਾ ਚਾਹੁੰਦੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਧੱਕੇਸ਼ਾਹੀ ਦਾ ਸਮਾਂ ਆਉਣ ’ਤੇ ਜਵਾਬ ਦੇਵੇਗਾ।

Advertisement

ਪੀੜਤ ਧਿਰ ਨੂੰ ਇਨਸਾਫ਼ ਦਿਵਾਇਆ ਜਾਵੇਗਾ: ਪੁਲੀਸ

ਧਰਮਕੋਟ ਦੇ ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਦੋਵਾਂ ਧਿਰਾਂ ਵਿਚ ਕਾਗਜ਼ ਦਾਖ਼ਲ ਕਰਨ ਮੌਕੇ ਹੋਈ ਝੜਪ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਝਗੜਾ ਨਗਰ ਪੰਚਾਇਤ ਦਫ਼ਤਰ ਦੀ ਹਦੂਦ ਤੋਂ 100 ਮੀਟਰ ਦੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀੜਤ ਧਿਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ।

Advertisement
Author Image

joginder kumar

View all posts

Advertisement