ਕਾਂਗਰਸੀਆਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਧਰਨਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਜਨਵਰੀ
ਨਗਰ ਨਿਗਮ ਦੇ ਮੇਅਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕਾਂਗਰਸੀਆਂ ਨੇ ਅੱਜ ਇੱਥੇ ਸਥਾਨਕ ਭੰਡਾਰੀ ਪੁਲ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਇਸ ਦੌਰਾਨ ਕਾਂਗਰਸ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਈ ਹੈ। ਦੁਪਹਿਰ ਵੇਲੇ ਲਗਭਗ ਦੋ ਘੰਟੇ ਲਈ ਦਿੱਤੇ ਗਏ ਇਸ ਧਰਨੇ ਦੌਰਾਨ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਵਿਧਾਇਕ ਰਾਜਕੁਮਾਰ, ਨਵਜੋਤ ਕੌਰ ਸਿੱਧੂ ,ਇੰਦਰਬੀਰ ਸਿੰਘ ਬੁਲਾਰੀਆ ਅਤੇ ਹੋਰ ਕਈ ਕਾਂਗਰਸੀ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਬੀਤੀ ਸ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਕਈ ਆਗੂਆਂ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ ਸੀ ਜੋ ਦੇਰ ਸ਼ਾਮ ਤੱਕ ਜਾਰੀ ਰਿਹਾ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਸੀ ਕਿ ਬੀਤੀ ਸ਼ਾਮ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਹੋਈ ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਧੋਖੇ ਨਾਲ ਆਪਣੇ ਕੌਂਸਲਰਾਂ ਨੂੰ ਮੇਅਰ ਤੇ ਹੋਰ ਅਹੁਦੇਦਾਰ ਥਾਪ ਦਿੱਤਾ ਹੈ।
ਅੱਜ ਇੱਥੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਨੇ ਖੁਲਾਸਾ ਕੀਤਾ ਕਿ ਇਹ ਮਾਮਲਾ ਲੈ ਕੇ ਕਾਂਗਰਸ ਦੇ ਕਾਰਕੁਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਏ ਹਨ। ਜਲਦੀ ਹੀ ਇਸ ਮਾਮਲੇ ਵਿੱਚ ਸਰਕਾਰ ਕੋਲੋਂ ਨਗਰ ਨਿਗਮ ਦਾ ਰਿਕਾਰਡ ਮੰਗਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤ ਵੱਲੋਂ ਨਿਆਂ ਮਿਲੇਗਾ ਅਤੇ ਕਾਂਗਰਸ ਵੱਲੋਂ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਇਆ ਜਾਵੇਗਾ।
ਕਾਂਗਰਸ ਵੱਲੋਂ ਮੇਅਰ ਦੇ ਅਹੁਦੇ ਦੇ ਦਾਅਵੇਦਾਰ ਵਿਕਾਸ ਸੋਨੀ ਨੇ ਆਖਿਆ ਕਿ ਬੀਤੇ ਕੱਲ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਵਾਸਤੇ ਚੋਣ ਕਰਵਾਈ ਹੀ ਨਹੀਂ ਗਈ ਹੈ। ਕੁਝ ਹੀ ਮਿੰਟਾਂ ਵਿੱਚ ਮੇਅਰ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਕਰਨ ਮਗਰੋਂ ਨਿਗਰਾਨ ਪਿਛਲੇ ਦਰਵਾਜ਼ੇ ਰਾਹੀਂ ਖਿਸਕ ਗਏ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ 85 ਵਾਰਡਾਂ ਵਿੱਚੋਂ ਕਾਂਗਰਸ ਦੇ 41 ਕੌਂਸਲਰ ਜਿੱਤੇ ਸਨ ਜਦੋਂ ਕਿ ਆਮ ਆਦਮੀ ਪਾਰਟੀ ਦੇ ਸਿਰਫ 24 ਕੌਂਸਲਰ ਜਿੱਤੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਕੌਂਸਲਰਾਂ ਦਾ ਸਮਰਥਨ ਵੀ ਕਾਂਗਰਸ ਨੂੰ ਹਾਸਲ ਸੀ। ਜੇਕਰ ਸਹੀ ਢੰਗ ਨਾਲ ਚੋਣ ਕਰਵਾਈ ਜਾਂਦੀ ਤਾਂ ਉਹਨਾਂ ਕੋਲ ਮੇਅਰ ਬਣਾਉਣ ਵਾਸਤੇ ਬਹੁਮਤ ਸੀ ਅਤੇ ਉਹ ਇਸ ਨੂੰ ਸਾਬਿਤ ਕਰ ਸਕਦੇ ਸਨ,ਪਰ ਅਜਿਹਾ ਨਹੀਂ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਭਰਵੀ ਨਾਅਰੇਬਾਜ਼ੀ ਕੀਤੀ ਗਈ।