For the best experience, open
https://m.punjabitribuneonline.com
on your mobile browser.
Advertisement

ਸਾਬਕਾ ਮੇਅਰ ਤੋਂ ਸਹੂਲਤਾਂ ਵਾਪਸ ਕਰਵਾਉਣ ਲਈ ਡਟੇ ਕਾਂਗਰਸੀ

11:20 AM Nov 17, 2023 IST
ਸਾਬਕਾ ਮੇਅਰ ਤੋਂ ਸਹੂਲਤਾਂ ਵਾਪਸ ਕਰਵਾਉਣ ਲਈ ਡਟੇ ਕਾਂਗਰਸੀ
ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 16 ਨਵੰਬਰ
ਜ਼ਿਲ੍ਹਾ ਕਾਂਗਰਸ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿਚ ਕਾਂਗਰਸ ਦੇ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਬਠਿੰਡਾ ਸ਼ੌਕਤ ਅਹਿਮਦ ਪਰੇ ਨੂੰ ਮਿਲ ਕੇ ਬੁੱਧਵਾਰ ਨੂੰ ਕਥਿਤ ਬੇ-ਭਰੋਸਗੀ ਮਤੇ ਅਧੀਨ ਅਹੁਦਿਓਂ ਹਟਾਏ ਗਏ ਨਿਗਮ ਦੇ ਸਾਬਕਾ ਮੇਅਰ ਰਮਨ ਗੋਇਲ ਤੋਂ ਸਰਕਾਰੀ ਸਹੂਲਤਾਂ ਵਾਪਸ ਲੈਣ ਦੀ ਮੰਗ ਕੀਤੀ।
ਇਥੇ ਕਾਂਗਰਸ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਗਰਗ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਸਾਬਕਾ ਮੇਅਰ ਵੱਲੋਂ ਨਿਗਮ ਦੇ ਦਫ਼ਤਰ, ਇਨੋਵਾ ਗੱਡੀ ਅਤੇ ਹੋਰ ਸਹੂਲਤਾਂ ਦੀ ਵਰਤੋਂ ਬੰਦ ਨਹੀਂ ਕੀਤੀ ਗਈ। ਸ੍ਰੀ ਗਰਗ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਮੰਗ ਦੀ ਤਾਈਦ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਸਹੂਲਤਾਂ ਦੀ ਵਾਪਸੀ ਲਈ ਉਹ ਸਾਬਕਾ ਮੇਅਰ ਨੂੰ ਫ਼ੋਨ ਸਮੇਤ ਲਿਖ਼ਤੀ ਪੱਤਰ ਜਾਰੀ ਕਰਨਗੇ। ਸ੍ਰੀ ਗਰਗ ਨੇ ਸਾਬਕਾ ਮੇਅਰ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਅਹੁਦਾ ਛੱਡ ਕੇ ਵਿਦਾਇਗੀ ਪਾਰਟੀ ਲੈ ਲੈਣੀ ਚਾਹੀਦੀ ਹੈ।
ਅਹੁਦਿਓਂ ਉਤਾਰੀ ਗਈ ਮੇਅਰ ਵੱਲੋਂ ਬੇ-ਭਰੋਸਗੀ ਮਤੇ ਨੂੰ ਅਦਾਲਤ ’ਚ ਚੁਣੌਤੀ ਦੇਣ ਬਾਰੇ ਕਹੇ ਜਾਣ ਦੇ ਜਵਾਬ ’ਚ ਸ੍ਰੀ ਗਰਗ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਲਾਹਕਾਰਾਂ ਨੇ ਚੰਗੀ ਤਰ੍ਹਾਂ ਸਬੰਧਿਤ ਐਕਟ ਨਹੀਂ ਵਾਚਿਆ ਅਤੇ ਉਹ ਅਣਜਾਣ ਹਨ। ਉਨ੍ਹਾਂ ਨਾਲ ਸਿਰਫ 10 ਕੌਂਸਲਰ ਸਨ ਅਤੇ ਜਦੋਂ ਨਿਗਮ ਦੇ ਮੀਟਿੰਗ ਹਾਲ ’ਚ ਬੇ-ਮਤੇ ’ਤੇ ਮੀਟਿੰਗ ਹੋ ਰਹੀ ਸੀ ਤਾਂ ਉਹ ਆਪਣੇ ਸਮਰਥਕ ਕੌਂਸਲਰਾਂ ਸਮੇਤ ਹੇਠਾਂ ਦਫ਼ਤਰ ਵਿਚ ਬੈਠੇ ਸਨ ਅਤੇ ਉਹ ਸਭ ਕੁਝ ਜਾਣ ਕੇ ਮੀਟਿੰਗ ’ਚ ਸ਼ਾਮਿਲ ਨਹੀਂ ਹੋਏ। ਬੇ-ਭਰੋਸਗੀ ਮਤੇ ’ਤੇ ਸ੍ਰੀ ਗਰਗ ਨੇ 30 ਕੌਂਸਲਰਾਂ ਦੇ ਦਸਤਖ਼ਤ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਹਾਜ਼ਰ ਕੌਂਸਲਰਾਂ ਦੀ ਦੋ ਤਿਹਾਈ ਗਿਣਤੀ ਬੇ-ਭਰੋਸਗੀ ਮਤੇ ਲਈ ਠੀਕ ਹੁੰਦੀ ਹੈ।
ਨਵੇਂ ਮੇਅਰ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਚੋਣ ਮੀਟਿੰਗ ਬਾਰੇ ਪੱਤਰ ਜਾਰੀ ਹੋਣ ਪਿੱਛੋਂ ਸ਼ਹਿਰ ਦੀ ਕਾਂਗਰਸੀ ਲੀਡਰਸ਼ਿਪ ਅਤੇ ਕੌਂਸਲਰਾਂ ਦੀਆਂ ਮੀਟਿੰਗਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਸ ਨੂੰ ਕੌਂਸਲਰ ਚਾਹੁਣਗੇ, ਉਸੇ ਵਿਅਕਤੀ ਦਾ ਮੇਅਰ ਵਜੋਂ ਨਾਂ ਤਜਵੀਜ਼ ਕੀਤਾ ਜਾਵੇਗਾ। ਸ੍ਰੀ ਗਰਗ ਨੇ ਕਿਹਾ ਕਿ ਨਿਗਮ ’ਚ ਫੈਲੇ ਭਿ੍ਰਸ਼ਟਾਚਾਰ ਖ਼ਿਲਾਫ਼ ਉਹ ਵਜਿੀਲੈਂਸ ਕੋਲ ਜਾ ਕੇ ਕਾਰਵਾਈ ਕਰਨ ਲਈ ਕਹਿਣਗੇ। ਮੀਡੀਆ ਕਾਨਫਰੰਸ ਤੋਂ ਪਹਿਲਾਂ ਕਾਂਗਰਸ ਭਵਨ ਨੇੜੇ ਲੱਡੂ ਵੰਡੇ ਗਏ ਅਤੇ ਇਸ ਦੇ ਨਾਲ ਹੀ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਮੱਦਦ ਕੀਤੇ ਜਾਣ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ (ਦਿਹਾਤੀ) ਕਿਰਨਦੀਪ ਕੌਰ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਇੰਪਰੂਵਮੈਂਟ ਟਰਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਕੇ.ਕੇ. ਅਗਰਵਾਲ, ਨੌਜਵਾਨ ਕਾਂਗਰਸੀ ਆਗੂ ਰਮਨਦੀਪ ਢਿੱਲੋਂ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×