ਬਾਬਾ ਬਕਾਲਾ ਡੀਐੱਸਪੀ ਦਫ਼ਤਰ ਮੂਹਰੇ ਧਰਨੇ ਵਿਚ ਕਾਂਗਰਸੀ ਆਪਸ ’ਚ ਉਲਝੇ
ਦਵਿੰਦਰ ਸਿੰਘ ਭੰਗੂ
ਰਈਆ, 17 ਸਤੰਬਰ
ਬਾਬਾ ਬਕਾਲਾ ਡੀਐੱਸਪੀ ਦਫ਼ਤਰ ਦੇ ਸਾਹਮਣੇ ਮੰਗਲਵਾ ਨੂੰ ਦੋ ਕਾਂਗਰਸੀ ਗਰੁੱਪਾਂ ਦਾ ਧਰਨੇ ਦੀ ਜਗ੍ਹਾ ਨੂੰ ਲੈ ਕਿ ਆਪਸੀ ਝਗੜਾ ਹੋਇਆ। ਦੋਵਾਂ ਗਰੁੱਪਾਂ ਨੇ ਇਕ ਦੂਜੇ ਦੇ ਸਾਹਮਣੇ ਸਪੀਕਰ ਲਾ ਕੇ ਸ਼ਕਤੀ ਪ੍ਰਦਰਸ਼ਨ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਕਮੇਟੀ ਵਲੋਂ ਸੂਬਾ ਸਰਕਾਰ ਵਿਰੁੱਧ ਸੂਬੇ ਵਿਚ ਵਧ ਰਹੀਆਂ ਕਤਲਾਂ ਤੇ ਲੁੱਟਾਂ-ਖੋਹਾਂ ਦੀਆ ਵਾਰਦਾਤਾਂ ਖ਼ਿਲਾਫ਼ ਪੰਜਾਬ ਭਰ ਵਿਚ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਤਹਿਤ ਅੱਜ ਹਲਕਾ ਬਾਬਾ ਬਕਾਲਾ ਵਿਚ ਡੀਐੱਸਪੀ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਣਾ ਸੀ।
ਇਸ ਦੌਰਾਨ ਉਸ ਵਕਤ ਸਥਿਤੀ ਤਣਾਉਪੂਰਵਕ ਬਣ ਗਈ ਜਦੋਂ ਸਾਬਕਾ ਵਿਧਾਇਕ ਅਤੇ ਹਲਕਾ ਬਾਬਾ ਬਕਾਲਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਅਤੇ ਦੂਸਰੇ ਗਰੁੱਪ ਦੇ ਸਾਬਕਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਸਮਰਥਕਾਂ ਵਿਚਕਾਰ ਧਰਨੇ ਲਈ ਦਰੀਆਂ ਵਿਛਾਉਣ ਸਮੇਂ ਜਗ੍ਹਾ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਅਤੇ ਸਥਿਤੀ ਕਾਫ਼ੀ ਤਣਾਉ ਵਾਲੀ ਬਣ ਗਈ।
ਡੀਐੱਸਪੀ ਬਾਬਾ ਬਕਾਲਾ ਸਵਿੰਦਰ ਪਾਲ ਸਿੰਘ ਅਤੇ ਵੱਡੀ ਗਿਣਤੀ ਪੁਲੀਸ ਵਲੋਂ ਦੋਵਾਂ ਧਿਰਾਂ ਨੂੰ ਸਮਝਾ ਕੇ ਇਕ ਪਾਸੇ ਭਲਾਈਪੁਰ ਗਰੁੱਪ ਅਤੇ ਸਾਹਮਣੇ ਦੂਸਰੇ ਪਾਸੇ ਡਿੰਪਾ ਗਰੁੱਪ ਦੇ ਵਰਕਰਾਂ ਨੂੰ ਬਿਠਾ ਕੇ ਮਾਮਲਾ ਸ਼ਾਂਤ ਕੀਤਾ ਗਿਆ। ਫਿਰ ਵੀ ਦੋਵਾਂ ਧਿਰਾਂ ਨੇ ਇਕ ਦੂਸਰੇ ਦੇ ਸਾਹਮਣੇ ਸਪੀਕਰ ਲਾ ਕੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ।