ਕਾਂਗਰਸੀਆਂ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਪੁਤਲੇ ਸਾੜੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਸਤੰਬਰ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਅਤਿਵਾਦੀ ਕਹਿਣ ਦੇ ਰੋਸ ਵਜੋਂ ਕਾਂਗਰਸੀ ਕਾਰਕੁਨਾਂ ਨੇ ਅੱਜ ਸ਼ਹਿਰ ਦੇ ਵੱਡੇ ਚੌਕ ’ਚ ਬਿੱਟੂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਬਿੱਟੂ ਖ਼ਿਲਾਫ਼ ਜ਼ੋਰਦਾਰ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੁਰਿੰਦਰਪਾਲ ਸੀਬੀਆ ਨੇ ਦੋਸ਼ ਲਾਇਆ ਕਿ ਰਵਨੀਤ ਬਿੱਟੂ ਆਪਣਾ ਮਾਨਸਿਕ ਤਵਾਜ਼ਨ ਗੁਆ ਚੁੱਕੇ ਹਨ ਜੋ ਅਜਿਹੇ ਕਿਸਮ ਦੀ ਘਟੀਆ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਰਵਨੀਤ ਬਿੱਟੂ ਨੂੰ ਅਹਿਸਾਨ ਫਰਾਮੋਸ਼ ਆਖਦਿਆਂ ਕਿਹਾ ਕਿ ਬਿੱਟੂ ਸਣੇ ਇਨ੍ਹਾਂ ਦੇ ਪੂਰੇ ਪਰਿਵਾਰ ਦਾ ਸਿਆਸੀ ਜਨਮ ਕਾਂਗਰਸ ਪਾਰਟੀ ਵਿੱਚ ਹੀ ਹੋਇਆ ਹੈ ਅਤੇ ਗਾਂਧੀ ਪਰਿਵਾਰ ਵੱਲੋਂ ਰਵਨੀਤ ਬਿੱਟੂ ਨੂੰ ਹਮੇਸ਼ਾ ਉੱਚ ਪਦ ਦੇ ਕੇ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੇ ਸਿਰਫ ਕਾਂਗਰਸ ਪਾਰਟੀ ਹੀ ਨਹੀਂ ਸਗੋਂ ਆਪਣੇ ਸਵਰਗਵਾਸੀ ਦਾਦਾ ਬੇਅੰਤ ਸਿੰਘ ਦੀ ਵੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਸ ਮੌਕੇ ਸਿਬੀਆ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਰਵਨੀਤ ਬਿੱਟੂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਜਗਦੇਵ ਸਿੰਘ ਪ੍ਰਧਾਨ, ਗੁਰਪਿਆਰ ਸਿੰਘ ਧੂਰਾ, ਹੰਸਰਾਜ ਗੁਪਤਾ, ਦਰਸ਼ਨ ਸਿੰਘ ਕਾਂਗੜਾ, ਸ਼ਕਤੀ ਜੀਤ ਸਿੰਘ, ਮਨੀ ਵੜੈਚ ਸੁਨਾਮ, ਨੱਥੂ ਲਾਲ ਢੀਂਗਰਾ, ਮਿੱਠੂ ਲੱਡਾ, ਬੱਬੂ ਬਲਜੋਤ, ਚਰਨਜੀਤ ਕੌਰ,ਅਰੂਨਾ ਤਿੱਤਰੀਆ, ਨਰੇਸ਼ ਸ਼ਰਮਾ, ਨੇਹਾ ਗਰੋਵਰ, ਅਨਿਲ ਕੁਮਾਰ ਘੀਚਾ, ਰਛਪਾਲ ਟੀਪੂ, ਹਰਪਾਲ ਸੋਨੂੰ, ਵਰਿੰਦਰ ਪੰਨਵਾਂ, ਬਾਬੂ ਲਾਲ ਰੰਗਾ, ਕੌਂਸਲਰ ਨਛੱਤਰ ਸਿੰਘ, ਮੋਨੂੰ ਸ਼ਰਮਾ,ਸੰਜੇ ਪੰਜਾਬੀ ਤੇ ਕਾਲਾ ਆਦਿ ਹਾਜ਼ਰ ਸਨ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਭੱਦੀ ਸ਼ਬਦਾਵਲੀ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ।
ਇਸ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਨਰਿੰਦਰ ਮੋਦੀ ਸਰਕਾਰ ਦੀ ਸਰਕਾਰ ਦੀ ਨਿੰਦਾ ਕੀਤੀ। ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਅੱਗੇ ਤੋਂ ਰਵਨੀਤ ਸਿੰਘ ਬਿੱਟੂ ਵਰਗੇ ਕਿਸੇ ਵੀ ਲੀਡਰ ਨੇ ਰਾਹੁਲ ਗਾਂਧੀ ਦੇ ਬਾਰੇ ਮਾੜੇ ਸ਼ਬਦ ਬੋਲੇ ਤਾਂ ਤਾਂ ਕਾਂਗਰਸ ਪਾਰਟੀ ਦੇ ਵਰਕਰ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਮੁਜ਼ਾਹਰੇ ਵਿੱਚ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਕੋਆਰਡੀਨੇਟਰ ਹਲਕਾ ਸਮਾਣਾ ਰਤਨਜੀਤ ਸਿੰਘ ਜਾਲਾ, ਧਰਮ ਸਿੰਘ ਪਹਾੜਪੁਰ, ਗੁਰਵਿੰਦਰ ਸਿੰਘ, ਡਾਕਟਰ ਰਾਜ ਕੁਮਾਰ ਡਕਾਲਾ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।