ਮਿਕਸ ਲੈਂਡ ਯੂਜ਼ ’ਚ ਲੱਗੇ ਉਦਯੋਗਾਂ ਦੇ ਹੱਕ ਵਿੱਚ ਨਿੱਤਰੇ ਕਾਂਗਰਸੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੁਲਾਈ
ਕਾਂਗਰਸ ਪਾਰਟੀ ਨੇ ਮਿਕਸ ਲੈਂਡ ਯੂਜ਼ ਖੇਤਰ ’ਚ ਲੱਗੇ ਉਦਯੋਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਮਿਕਸ ਲੈਂਡ ਯੂਜ਼ ਦੇ ਸਨਅਤਕਾਰਾਂ ਨੂੰ ਤਬਾਹੀ ਤੋਂ ਬਚਾਉਣ ਲਈ ਤੁਰੰਤ ਇਨ੍ਹਾਂ ਦੀ ਮਿਆਦ ਵਧਾਉਣ ਲਈ ਕਾਰਵਾਈ ਕਰੇ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਮਿਕਸ ਲੈਂਡ ਯੂਜ਼ ਖੇਤਰ ‘ਚ ਲੱਗੇ ਉਦਯੋਗਾਂ ‘ਤੇ ਪ੍ਰਦੂਸ਼ਣ ਬੋਰਡ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ ਇਸ ਖੇਤਰ ਦੇ ਉਦਯੋਗ ਦੀ ਮਿਆਦ ਸਤੰਬਰ ਤੱਕ ਹੈ ਜਦਕਿ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਦੀ ਮਿਆਦ ਜੂਨ ਤੱਕ ਦਿੱਤੀ ਹੋਈ ਸੀ। ਬੋਰਡ ਵੱਲੋਂ ਅੱਗੋਂ ਇਨ੍ਹਾਂ ਉਦਯੋਗਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਇਹ ਫੈਕਟਰੀਆਂ ਬੰਦ ਹੋਣ ਕਨਿਾਰੇ ਹਨ।
ਸ੍ਰੀ ਬਾਵਾ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਖੇਤਰ ਦੇ ਉਦਯੋਗਾਂ ਕਾਰਨ ਹੀ ਲੁਧਿਆਣਾ ਦੇ ਵੱਡੇ ਉਦਯੋਗ ਨਿਰਭਰ ਕਰਦੇ ਹਨ। ਜ਼ਿਲ੍ਹੇ ਨੇ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਚਮਕਾਇਆ ਹੈ ਅਤੇ ਹੁਣ ਜਦ ਸਰਕਾਰ ਦੀ ਸੱਟ ਛੋਟੀ ਘਰੇਲੂ ਸਨਅਤ ਨੂੰ ਲੱਗੇਗੀ ਤਾਂ ਸੇਕ ਵੱਡੀ ਸਨਅਤ ਨੂੰ ਵੀ ਪੁੱਜੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨੂੰ ਉਜਾੜਨ ਦੀ ਬਜਾਏ ਆਧੁਨਿਕ ਢੰਗ ਨਾਲ ਪ੍ਰਫੁੱਲਿਤ ਕਰਨ ਲਈ ਉਪਰਾਲਾ ਕਰੇ ਕਿਉਂਕਿ ਇਹ ਸਰਕਾਰ ਬਣੀ ਹੀ ਬਦਲਾਅ ਦੇ ਫ਼ਾਰਮੂਲੇ ਨਾਲ ਹੈ। ਇਸ ਲਈ ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਕਿਰਤ ਦਾ ਸਤਿਕਾਰ ਕਰਦੇ ਹੋਏ ਉਸਾਰੂ ਢੰਗ ਅਪਣਾਇਆ ਜਾਵੇ। ਇਸ ਸਮੇਂ ਰੇਸ਼ਮ ਸਿੰਘ ਸੱਗੂ, ਜਸਵੰਤ ਸਿੰਘ ਛਾਪਾ, ਪਰਮਿੰਦਰ ਗਰੇਵਾਲ, ਮਨੀ ਖੀਵਾ ਅਤੇ ਸੁਖਵਿੰਦਰ ਸਿੰਘ ਜਗਦੇਵ ਆਦਿ ਵੀ ਹਾਜ਼ਰ ਸਨ।