For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਬੋਰਡਾਂ ’ਤੇ ਬੇਅੰਤ ਸਿੰਘ ਦੀ ਫੋਟੋ ਲਾਉਣ ’ਤੇ ਭੜਕੇ ਕਾਂਗਰਸੀ

07:45 AM Apr 18, 2024 IST
ਭਾਜਪਾ ਦੇ ਬੋਰਡਾਂ ’ਤੇ ਬੇਅੰਤ ਸਿੰਘ ਦੀ ਫੋਟੋ ਲਾਉਣ ’ਤੇ ਭੜਕੇ ਕਾਂਗਰਸੀ
ਰਵਨੀਤ ਬਿੱਟੂ ਵੱਲੋਂ ਲਗਾਏ ਬੋਰਡਾਂ ’ਤੇ ਲੱਗੀ ਸਵ.ਬੇਅੰਤ ਸਿੰਘ ਦੀ ਫੋਟੋ।
Advertisement

ਗਗਨਦੀਪ ਅਰੋੜਾ
ਲੁਧਿਆਣਾ, 17 ਅਪਰੈਲ
ਲੁਧਿਆਣਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਬਦਲਦਿਆਂ ਹੀ ਭਾਜਪਾ ਦੇ ਬੋਰਡਾਂ ’ਤੇ ਸਾਬਕਾ ਮੁੱਖ ਮੰਤਰੀ ਤੇ ਆਪਣੇ ਦਾਦੇ ਬੇਅੰਤ ਸਿੰਘ ਦੀ ਫੋਟੋ ਲਗਾ ਦਿੱਤੀ ਹੈ। ਇਸ ਫੋਟੋ ਤੋਂ ਬਾਅਦ ਸੂਬੇ ਵਿੱਚ ਸਿਆਸੀ ਤਾਪ ਚੜ੍ਹ ਗਿਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਇਸ ’ਤੇ ਆਪਣਾ ਵਿਰੋਧ ਵੀ ਜ਼ਾਹਿਰ ਕੀਤਾ ਹੈ। ਜਦੋਂਕਿ ਬਿੱਟੂ ਨੇ ਵੀ ਇਸ ’ਤੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਨੇ ਤਾਂ ਉਨ੍ਹਾਂ ਦੇ ਦਾਦੇ ਦੀ ਸ਼ਹਾਦਤ ਦਾ ਮੁੱਲ ਨਹੀਂ ਪਾਇਆ। ਦਰਅਸਲ, ਰਵਨੀਤ ਬਿੱਟੂ ਨੇ ਕਾਂਗਰਸ ਤੋਂ ਭਾਜਪਾ ਵਿੱਚ ਜਾਣ ਤੋਂ ਬਾਅਦ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਪਿਛਲੇ ਦਿਨੀਂ ਚੋਣ ਪ੍ਰਚਾਰ ਲਈ ਵੱਡੇ-ਵੱਡੇ ਬੋਰਡ ਲਗਾਏ ਗਏ। ਬਿੱਟੂ ਚੋਣ ਪ੍ਰਚਾਰ ਦੌਰਾਨ ਜਿੱਥੇ ਆਪਣੇ ਬੋਰਡ ’ਤੇ ਭਾਜਪਾ ਦੇ ਵੱਡੇ ਨੇਤਾਵਾਂ ਦੀ ਫੋਟੋ ਲਾ ਰਹੇ ਹਨ, ਉਥੇ ਹੀ ਆਪਣੇ ਦਾਦੇ ਸਵਰਗੀ ਬੇਅੰਤ ਸਿੰਘ ਦੀ ਫੋਟੋ ਵੀ ਲਾ ਰਹੇ ਹਨ। ਬੋਰਡ ਵਿੱਚ ਸਭ ਤੋਂ ਪਹਿਲਾਂ ਬਿੱਟੂ ਨੇ ਆਪਣਾ ਦਾਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਫੋਟੋ ਲਗਾਈ ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਹੈ। ਉਸ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਢਾ, ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਲੁਧਿਆਣਾ ਦੇ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਫੋਟੋ ਲਗਾਈ ਗਈ ਹੈ।
ਇਸ ਬੋਰਡ ਦੇ ਵਾਇਰਲ ਹੋਣ ’ਤੇ ਕਾਂਗਰਸੀਆਂ ਨੇ ਆਪਣਾ ਵਿਰੋਧ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ’ਤੇ ਐਕਸ ਰਾਹੀਂ ਹਮਲਿਆਂ ਕਰਦਿਆਂ ਲਿਖਿਆ, ‘‘ਬਿੱਟੂ ਜੀ ਆਪ ਤਾਂ ਤੁਸੀਂ ਭਾਜਪਾ ’ਚ ਜਾ ਕੇ ਸੱਤਾ ਦੀ ਭੁੱਖ ਵਾਲੀ ਆਪਣੀ ਸ਼ਖ਼ਸੀਅਤ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ ਪਰ ਸਰਦਾਰ ਬੇਅੰਤ ਸਿੰਘ ਦੀ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ। ਉਸ ਨੂੰ ਦਾਗ ਨਾ ਲਾਓ। ਤੁਸੀਂ ਉਨ੍ਹਾਂ ਦੀ ਫੋਟੋ ਨੂੰ ਵੋਟਾਂ ਲੈਣ ਲਈ ਵਰਤ ਕੇ ਉਨ੍ਹਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ। ਅਕਲ ਨੂੰ ਹੱਥ ਮਾਰੋ।’’
ਵੜਿੰਗ ਦੇ ਇਸ ਟਵੀਟ ਤੋਂ ਬਾਅਦ ਕਾਂਗਰਸੀ ਵਰਕਰ ਲਗਤਾਰ ਬਿੱਟੂ ਵੱਲੋਂ ਪਾਈ ਪੋਸਟ ’ਤੇ ਕੁਮੈਂਟ ਕਰ ਰਹੇ ਹਨ। ਉਧਰ, ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਦਾ ਜਵਾਬ ਸੋਸ਼ਲ ਮੀਡੀਆ ’ਤੇ ਹੀ ਦਿੱਤਾ ਹੈ। ਬਿੱਟੂ ਨੇ ਰਾਜਾ ਵੜਿੰਗ ਦੀ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ ਕਿ ਸ਼ਹੀਦ ਪਾਰਟੀਆਂ ਤੋਂ ਉਪਰ ਹੁੰਦੇ ਹਨ। ਕਾਂਗਰਸ ਨੇ ਮੇਰੇ ਦਾਦਾ ਸਵਰਗੀ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਕਦੇ ਮਾਨਤਾ ਨਹੀਂ ਦਿੱਤੀ। ਪੰਜਾਬ ਕਾਂਗਰਸ ਦੱਸੇ ਕਿ ਕੀ 25 ਸਾਲਾਂ ’ਚ ਚੋਣ ਜਾਂ ਪਾਰਟੀ ਦੇ ਪ੍ਰੋਗਰਾਮ ’ਚ ਉਨ੍ਹਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ ਹੈ? ਚੰਡੀਗੜ੍ਹ ਕਾਂਗਰਸ ਭਵਨ ਦੇ ਸਾਹਮਣਿਓਂ ਸਵਰਗੀ ਬੇਅੰਤ ਸਿੰਘ ਦਾ ਬੁੱਤ ਕਿਉਂ ਹਟਾਇਆ ਗਿਆ?

Advertisement

Advertisement
Author Image

joginder kumar

View all posts

Advertisement
Advertisement
×