ਕਾਂਗਰਸੀ ਵਰਕਰ ਚੋਣਾਂ ਲੜਨ ਲਈ ਤਿਆਰ: ਚੀਮਾ
ਪਿਹੋਵਾ (ਪੱਤਰ ਪ੍ਰੇਰਕ): ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਚੀਮਾ ਦੇ ਪੁੱਤਰ ਤਜਿੰਦਰ ਚੀਮਾ ਨੇ ਕਿਹਾ ਕਿ ਕਾਂਗਰਸੀ ਵਰਕਰ 2024 ਦੀਆਂ ਚੋਣਾਂ ਵਿਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਇਕਜੁੱਟ ਹੋ ਕੇ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕਿਸੇ ਕਿਸਮ ਦੀ ਧੜੇਬੰਦੀ ਨਹੀਂ ਹੈ, ਜੋ ਵੀ ਹਾਈਕਮਾਨ ਦਾ ਹੁਕਮ ਹੋਵੇਗਾ, ਸਾਰੇ ਵਰਕਰ ਇਸ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਤੇਜਿੰਦਰ ਚੀਮਾ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਨੇ ਦੀਪੇਂਦਰ ਹੁੱਡਾ ਨੂੰ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਰਿਪੋਰਟ ਵੀ ਸੌਂਪੀ ਤਾਂ ਜੋ ਸਰਕਾਰ ਬਣਨ ’ਤੇ ਇਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਸਕੇ। ਚੀਮਾ ਨੇ ਕਿਹਾ ਕਿ ਹਰ ਕਾਂਗਰਸੀ ਵਰਕਰ ਦਾ ਟੀਚਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਦਿਵਾਉਣਾ ਹੈ। ਇਸ ਲਈ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਰਨ। ਇਸ ਗੱਠਜੋੜ ਸਰਕਾਰ ਨੇ ਆਨਲਾਈਨ ਅਤੇ ਪੋਰਟਲ ਸਕੀਮਾਂ ਦੇ ਨਾਂ ’ਤੇ ਲੋੜਵੰਦ ਵਰਗ ਨੂੰ ਮਿਲਣ ਵਾਲੀਆਂ ਸਹੂਲਤਾਂ ਬੰਦ ਕਰ ਕੇ ਜੋ ਧੋਖਾ ਕੀਤਾ ਹੈ, ਉਹ ਸਮਾਂ ਆਉਣ ’ਤੇ ਸਾਰੇ ਯੋਗ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਵਾਂਗੇ।