For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਦਸ ਸਾਲ ਸਕੀਮਾਂ ’ਤੇ ਨਹੀਂ ਘੁਟਾਲਿਆਂ ’ਤੇ ਕੰਮ ਕੀਤਾ: ਟੰਡਨ

06:40 AM Apr 26, 2024 IST
ਕਾਂਗਰਸ ਨੇ ਦਸ ਸਾਲ ਸਕੀਮਾਂ ’ਤੇ ਨਹੀਂ ਘੁਟਾਲਿਆਂ ’ਤੇ ਕੰਮ ਕੀਤਾ  ਟੰਡਨ
ਭਾਜਪਾ ਦਾ ਸੰਕਲਪ ਪੱਤਰ ਜਾਰੀ ਕਰਦੇ ਹੋਏ ਸੰਜੇ ਟੰਡਨ ਤੇ ਜਤਿੰਦਰਪਾਲ ਮਲਹੋਤਰਾ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 25 ਅਪਰੈਲ
ਚੰਡੀਗੜ੍ਹ ਵਿੱਚ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਅੱਜ ਚੰਸੈਕਟਰ-43 ਵਿੱਚ ਭਾਜਪਾ ਦਾ ਸੰਕਲਪ ਪੱਤਰ ਮੋਦੀ ਦੀ ਗਾਰੰਟੀ ਚੰਡੀਗੜ੍ਹ ’ਚ ਜਾਰੀ ਕੀਤਾ। ਇਸ ਦੌਰਾਨ ਸੰਜੇ ਟੰਡਨ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਲ 2004 ਤੋਂ 2014 ਤੱਕ ਸਕੀਮਾਂ ’ਤੇ ਨਹੀਂ ਸਗੋਂ ਘੁਟਾਲਿਆਂ ’ਤੇ ਕੰਮ ਕੀਤਾ ਸੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਾਲਾਂ ’ਚ ਵਿਕਾਸ ਦਾ ਕੰਮ ਹੀ ਕੀਤਾ ਹੈ, ਇਸੇ ਕਰ ਕੇ ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦਰਾਨ ਕੋਈ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਜਾਂ ਘੁਟਾਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣਾ ਸੰਕਲਪ ਪੱਤਰ ਦੇਸ਼ ਦੇ 15 ਲੱਖ ਲੋਕਾਂ ਦੇ ਸੁਝਾਅ ਤੋਂ ਤਿਆਰ ਕੀਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦਾ ਸੰਕਲਪ ਪੱਤਰ ਵੀ ਲੋਕਾਂ ਦੇ ਸੁਝਾਵਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਸ੍ਰੀ ਟੰਡਨ ਨੇ ਕਿਹਾ ਕਿ ਅੱਜ ਕਾਂਗਰਸ ਦੇਸ਼ ਵਿੱਚ ਲੋਕਤੰਤਰ ਬਚਾਉਣ ਦਾ ਨਾਅਰਾ ਲਗੀ ਰਹੀ ਹੈ, ਜਦੋਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 1977 ਤੱਕ ਲੋਕਤੰਤਰ ਦਾ ਘਾਣ ਜਿੰਨਾ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹੋਇਆ, ਓਨਾ ਕਦੇ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੇ ਪਿਤਾ ਨੂੰ ਐਮਰਜੈਂਸੀ ਦੌਰਾਨ 19 ਮਹੀਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਾਂ ’ਤੇ ਵੀ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਧਾਰਾ 370 ਦੇ ਮਾਮਲੇ ਵਿੱਚ ਆਪਣਾ ਸਟੈਂਡ ਦੇਸ਼ ਦੇ ਹਿੱਤ ਵਿੱਚ ਨਹੀਂ ਰੱਖਿਆ।
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਵੱਡੀ ਗਿਣਤੀ ਨੌਕਰੀਆਂ ਦੇਣ ਵਾਲੇ ਤਿਆਰ ਹੋ ਗਏ ਹਨ, ਨੌਕਰੀ ਲੈਣ ਵਾਲੇ ਨਹੀਂ। ਭਾਰਤ ਵਿੱਚ ਪੰਜ ਲੱਖ ਕਿਲੋਮੀਟਰ ਹਾਈਵੇਅ ਬਣ ਚੁੱਕੇ ਹਨ। ਅੱਜ ਪੰਜਾਬ ਵਿੱਚ ਕੋਈ ਅਜਿਹੀ ਫ਼ਸਲ ਨਹੀਂ ਹੈ ਜਿਸ ਦਾ ਰੇਟ ਘੱਟੋ-ਘੱਟ ਸਮਰਥਨ ਮੁੱਲ ਤੋਂ ਉੱਪਰ ਨਾ ਮਿਲਿਆ ਹੋਵੇ। ਉਨ੍ਹਾਂ ਕਿਹਾ ਕਿ ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਰੇਕ ਵਰਗ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀਆਂ ਤਿਆਰ ਕੀਤੀਆਂ ਗਈਆਂ ਹਨ। ਸ੍ਰੀ ਮਲਹੋਤਰਾ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਨੂੰ ਦਸ ਸਾਲ ਹੋ ਗਏ ਹਨ, ਪਰ ਇਨ੍ਹਾਂ ਦਸ ਸਾਲਾਂ ਵਿੱਚ ਉਨ੍ਹਾਂ ਨੂੰ ਦਿੱਲੀ ਦਾ ਸੀਵਰੇਜ ਸਿਸਟਮ ਯਾਦ ਨਹੀਂ ਆਇਆ ਤੇ ਹੁਣ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਨੂੰ ਨਾ ਸਿਰਫ਼ ਸੀਵਰੇਜ ਸਿਸਟਮ ਯਾਦ ਆਇਆ, ਸਗੋਂ ਇਸ ਨੂੰ ਸਹੀ ਕੀਤਾ ਜਾਵੇਗਾ ਇਹ ਦਾਅਵਾ ਹੁਣ ਜੇਲ੍ਹ ਤੋਂ ਕੀਤਾ ਜਾ ਰਿਹਾ ਹੈ।

Advertisement

ਇਕ-ਦੂਜੇ ਨੂੰ ਚੋਰ ਕਹਿਣ ਵਾਲੇ ਹੋਏ ਇਕੱਠੇ: ਮਲਹੋਤਰਾ

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਅੱਜ ਤੱਕ ਇਕ- ਦੂਜੇ ਨੂੰ ਚੋਰ ਕਹਿੰਦੇ ਆਏ ਹਨ। ਅੱਜ ਦੋਵੇਂ ਨਿੱਜੀ ਹਿੱਤਾਂ ਲਈ ਇਕੱਠੇ ਹੋ ਗਏ ਹਨ ਪਰ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਇਸ ਦਾ ਵਿਰੋਧ ਕਰਨਗੇ, ਇਸ ਵਾਸਤੇ ਉਹ ਪੰਜਾਬ ਵਿੱਚ ਵੱਖ-ਵੱਖ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਸਮਝਦਾਰ ਹਨ, ਉਹ ‘ਇੰਡੀਆ’ ਗੱਠਜੋੜ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਅਜਿਹੇ ਆਗੂਆਂ ਤੋਂ ਆਜ਼ਾਦੀ ਚਾਹੁੰਦੇ ਹਨ ਅਤੇ ਤੀਜੀ ਵਾਰ ਮੁੜ ਮੋਦੀ ਸਰਕਾਰ 400 ਦਾ ਅੰਕੜਾ ਪਾਰ ਕਰਨ ਦਾ ਨਾਅਰਾ ਲਗਾ ਰਹੇ ਹਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਤੇ ਸ਼ਹਿਰ ਦੀ ਤਰੱਕੀ ਲਈ ਸਿਰਫ਼ ਤੇ ਸਿਰਫ਼ ਭਾਜਪਾ ਉਮੀਦਵਾਰ ਨੂੰ ਵੋਟ ਪਾ ਕੇ ਸਫ਼ਲ ਬਣਾਉਣ।

Advertisement
Author Image

joginder kumar

View all posts

Advertisement
Advertisement
×