ਏਲਨਾਬਾਦ ਵਿਧਾਨ ਸਭਾ ਹਲਕੇ ਤੋਂ 33 ਸਾਲ ਮਗਰੋਂ ਜਿੱਤੀ ਕਾਂਗਰਸ
ਏਲਨਾਬਾਦ: ਕਾਂਗਰਸ ਨੇ ਏਲਨਾਬਾਦ ਵਿਧਾਨ ਸਭਾ ਸੀਟ ’ਤੇ ਵੱਡਾ ਉਲਟ-ਫੇਰ ਕਰਦਿਆਂ ਜਿੱਤ ਪ੍ਰਾਪਤ ਕੀਤੀ। ਇੱਥੋਂ ਕਾਂਗਰਸ ਦੇ ਉਮੀਦਵਾਰ ਭਰਤ ਸਿੰਘ ਬੈਨੀਵਾਲ ਨੂੰ 77,455, ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਨੂੰ 62,594, ਭਾਜਪਾ ਉਮੀਦਵਾਰ ਅਮੀਰ ਚੰਦ ਮਹਿਤਾ ਨੂੰ 13,192 ਵੋਟ ਮਿਲੀਆਂ। ਇਸ ਤਰ੍ਹਾਂ ਭਰਤ ਸਿੰਘ ਬੈਨੀਵਾਲ ਨੇ ਇਨੈਲੋ ਦੇ ਅਭੈ ਸਿੰਘ ਚੌਟਾਲਾ ਨੂੰ 14,861 ਵੋਟਾਂ ਦੇ ਫਰਕ ਨਾਲ ਹਰਾਇਆ। ਏਲਨਾਬਾਦ ਵਿਧਾਨ ਸਭਾ ਸੀਟ ’ਤੇ ਇਸ ਤੋਂ ਪਹਿਲਾ ਕਾਂਗਰਸ ਨੇ 1991 ਵਿੱਚ ਜਿੱਤ ਹਾਸਲ ਕੀਤੀ ਸੀ। ਅੱਜ ਦੀ ਇਸ ਜਿੱਤ ਨਾਲ ਕਾਂਗਰਸ ਨੂੰ ਇੱਥੇ 33 ਸਾਲ ਬਾਅਦ ਜਿੱਤ ਹਾਸਲ ਹੋਈ ਹੈ। ਅਭੈ ਸਿੰਘ ਚੌਟਾਲਾ ਸਾਲ 2010 (ਜ਼ਿਮਨੀ ਚੋਣ) 2014, 2019 ਅਤੇ 2021 (ਜ਼ਿਮਨੀ ਚੋਣ) ਵਿੱਚ ਜਿੱਤ ਹਾਸਲ ਕਰਕੇ ਇੱਥੋਂ ਲਗਾਤਾਰ ਚਾਰ ਵਾਰ ਜਿੱਤ ਦਰਜ ਕਰ ਚੁੱਕੇ ਹਨ। ਏਲਨਾਬਾਦ ਵਿਧਾਨ ਸਭਾ ਸੀਟ ’ਤੇ ਹਮੇਸ਼ਾ ਇਨੈਲੋ ਦਾ ਹੀ ਦਬਦਬਾ ਰਿਹਾ ਹੈ ਪਰ ਇਸ ਵਾਰ ਕਾਂਗਰਸ ਨੇ ਇੱਥੇ ਜਿੱਤ ਦਰਜ ਕਰਕੇ ਇਨੈਲੋ ਦਾ ਗੜ੍ਹ ਤੋੜ ਦਿੱਤਾ ਹੈ। ਭਾਜਪਾ ਵੱਲੋਂ ਇੱਥੇ
ਕਮਜ਼ੋਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਇਨੈਲੋ ਵੱਲੋਂ ਹਲੋਪਾ ਨਾਲ ਰਲ ਕੇ ਚੋਣ ਲੜੀ ਗਈ ਸੀ ਪਰ ਇਨੈਲੋ ਵੱਲੋਂ
ਖੇਡਿਆ ਗਿਆ ਇਹ ਦਾਅ ਰਾਸ ਨਾ ਆਇਆ ਅਤੇ ਜਿੱਥੇ ਹਲੋਪਾ ਸੁਪਰੀਮੋ ਗੋਪਾਲ ਕਾਂਡਾ ਖੁਦ ਚੋਣ ਹਾਰ ਗਏ ਉੱਥੇ ਹੀ ਇਨੈਲੋ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ ਹੈ। -ਜਗਤਾਰ ਸਮਾਲਸਰ