ਅੰਮ੍ਰਿਤਸਰ ਨਿਗਮ ਚੋਣ ਵਿੱਚ ਕਾਂਗਰਸ ਜੇਤੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਦਸੰਬਰ
ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਸੀਟਾਂ ਲਈ ਅੱਜ ਪਈਆਂ ਵੋਟਾਂ ਮਗਰੋਂ ਆਏ ਨਤੀਜਿਆਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ 43, ਆਮ ਆਦਮੀ ਪਾਰਟੀ ਨੇ 24, ਭਾਜਪਾ ਨੇ 9 ਅਤੇ ਸ਼੍ਰੋਮਣੀ ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਹਨ ਜਦਕਿ 5 ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਸਰਕਾਰੀ ਸੂਤਰਾਂ ਮੁਤਾਬਕ ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਵਾਸਤੇ ਮਤਦਾਨ ਸਿਰਫ 44.5 ਫੀਸਦ ਹੋਇਆ ਹੈ। 85 ਵਾਰਡਾਂ ਵਿੱਚ 811 ਬੂਥ ਬਣਾਏ ਗਏ ਸਨ ਜਿਨ੍ਹਾਂ ਵਿੱਚ 300 ਸੰਵੇਦਨਸ਼ੀਲ ਅਤੇ 245 ਅਤੇ ਸੰਵੇਦਨਸ਼ੀਲ ਸਨ। ਇਨ੍ਹਾਂ ਵਿੱਚ ਕੁਝ ਪਿੰਕ ਬੂਥ ਵੀ ਬਣਾਏ ਗਏ ਸਨ। ਸਵੇਰ ਤੋਂ ਹੀ ਸ਼ਹਿਰ ਵਿੱਚ ਮਤਦਾਨ ਦੀ ਫੀਸਦ ਸੁਸਤ ਸੀ ਅਤੇ ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਖਤਮ ਹੋਣ ਤੱਕ ਵੀ ਮਤਦਾਨ ਸੁਸਤ ਰਿਹਾ। ਸ਼ਹਿਰ ਵਿੱਚ ਕੁਝ ਵਾਰਡਾਂ ਵਿੱਚ ਹੋਈ ਤਕਰਾਰ ਬਹਿਸ ਅਤੇ ਝੜਪ ਨੂੰ ਛੱਡ ਕੇ ਵਧੇਰੇ ਥਾਵਾਂ ਤੇ ਮਤਦਾਨ ਦਾ ਕਾਰਜ ਸ਼ਾਂਤੀ ਪੂਰਵਕ ਮੁਕੰਮਲ ਹੋਇਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਵੀ ਫੀਲਡ ਵਿਚ ਰਹੇ । ਵਾਰਡ ਨੰਬਰ 28 ’ਚ ਜਾਅਲੀ ਵੋਟਾਂ ਪਾਉਣ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਰਕਰਾਂ ਵਿਚਾਲੇ ਮਾਮੂਲੀ ਝੜਪ ਹੋਈ ਹੈ। ਕਾਂਗਰਸੀ ਉਮੀਦਵਾਰ ਸੌਰਵ ਵੀ ਉਸ ਪੋਲਿੰਗ ਬੂਥ ’ਤੇ ਪਹੁੰਚ ਗਏ, ਜਿੱਥੇ ਇਹ ਘਟਨਾ ਵਾਪਰੀ ਸੀ। ਅਜਨਾਲਾ ਸਬ-ਡਵੀਜ਼ਨ ਵਿੱਚ ਵੀ ਅਜਨਾਲਾ ਨਗਰ ਕੌਂਸਲ ਦੇ ਦੋ ਵਾਰਡਾਂ ਦੀਆਂ ਚੋਣਾਂ ਨੂੰ ਲੈ ਕੇ ਅਜਿਹਾ ਦ੍ਰਿਸ਼ ਬਣਿਆ, ਜਿੱਥੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵਿਚਾਲੇ ਇਕ ਵਾਰਡ ਵਿੱਚ ਵੱਡੀ ਗਿਣਤੀ ਵਿੱਚ ਬਾਹਰੀ ਵਿਅਕਤੀਆਂ ਦੀ ਮੌਜੂਦਗੀ ਨੂੰ ਲੈ ਕੇ ਬਹਿਸ ਹੋਈ।
ਅਜਨਾਲਾ (ਸੁਖਦੇਵ ਸਿੰਘ): ਅਜਨਾਲਾ ਸ਼ਹਿਰ ਦੀਆਂ ਦੋ ਵਾਰਡਾਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਾਰਡ ਨੰਬਰ ਸੱਤ ਤੋਂ ‘ਆਪ’ ਉਮੀਦਵਾਰ ਨੀਲਮ ਰਾਣੀ 228 ਵੋਟਾਂ ਨਾਲ ਜੇਤੂ। ਇਸੇ ਤਰ੍ਹਾਂ ਵਾਰਡ ਨੰਬਰ ਪੰਜ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਗੁਲਾਬ ਚੋਣ ਜਿੱਤੇ।
ਨਗਰ ਪੰਚਾਇਤ ਬਾਬਾ ਬਕਾਲਾ ਵਿੱਚ ‘ਆਪ’ ਨੂੰ ਬਹੁਮਤ
ਰਈਆ (ਦਵਿੰਦਰ ਸਿੰਘ ਭੰਗੂ): ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੀ ਪਹਿਲੀ ਵਾਰ ਹੋਈ ਚੋਣ ਦੌਰਾਨ 13 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਨੇ 9 ਸੀਟਾਂ, ਸ਼੍ਰੋਮਣੀ ਅਕਾਲੀ ਦਲ 3 ਅਤੇ 1 ਸੀਟ ’ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਇਸ ਤੋਂ ਪਹਿਲਾਂ ਬਾਬਾ ਬਕਾਲਾ ਦੇ ਵਾਰਡ ਨੰਬਰ 5 ਤੋਂ ਮਨਜੀਤ ਕੌਰ ਅਤੇ ਵਾਰਡ ਨੰਬਰ 12 ਤੋਂ ਸੁਰਜੀਤ ਸਿੰਘ ਕੰਗ ਬਗੈਰ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਅੱਜ ਵਾਰਡ ਨੰਬਰ 1 ਵਿੱਚ ‘ਆਪ’ ਉਮੀਦਵਾਰ ਸੁਖਵਿੰਦਰ ਕੌਰ ਨੇ ਅਕਾਲੀ ਉਮੀਦਵਾਰ ਦਵਿੰਦਰ ਕੌਰ ਨੂੰ 91 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਵਾਰਡ ਦੋ ਤੋਂ ਜੈਮਲ ਸਿੰਘ (ਆਪ), ਵਾਰਡ ਤਿੰਨ ਤੋਂ ਗੁਰਮੀਤ ਕੌਰ (ਆਪ), ਚਾਰ ਤੋਂ ਅਕਾਲੀ ਉਮੀਦਵਾਰ ਰਮਨਦੀਪ ਕੌਰ ਰੰਧਾਵਾ, ਵਾਰਡ ਛੇ ਤੋਂ ਆਮ ਆਦਮੀ ਪਾਰਟੀ ਦੀ ਗੁਰਮੀਤ ਕੌਰ ਨੇ ਆਜ਼ਾਦ ਉਮੀਦਵਾਰ ਸੁਖਵਿੰਦਰ ਨੂੰ 48 ਦੇ ਫਰਕ ਨਾਲ ਹਰਾਇਆ। 7 ਤੋਂ ਸਰਬਜੀਤ ਕੌਰ ਅਕਾਲੀ ਦਲ ਨੇ ਬਲਜੀਤ ਕੌਰ (ਆਪ), ਅੱਠ ਤੋਂ ਮਨਜਿੰਦਰ ਸਿੰਘ (ਆਪ) ਨੇ ਕਾਗਰਸ ਦੇ ਬਿਕਰਮਜੀਤ ਸਿੰਘ ਨੂੰ ਹਰਾਇਆ। ਵਾਰਡ ਨੌਂ ਤੋ ਆਜ਼ਾਦ ਉਮੀਦਵਾਰ ਬਲਜੀਤ ਕੌਰ, ਵਾਰਡ ਦਸ ਤੋਂ ਰਣਜੀਤ ਕੌਰ ਅਕਾਲੀ ਦਲ, 11 ਤੋਂ ਰਵੀ ਸਿੰਘ (ਆਪ), 13 ਤੋਂ ਸੁਖਜੀਤ ਕੌਰ ਕੰਗ ਆਮ ਆਦਮੀ ਪਾਰਟੀ ਜੇਤੂ ਰਹੇ।