ਜਾਤੀ ਸਰਵੇਖਣ ਰਾਹੀਂ ਕਾਂਗਰਸ ਦੇਸ਼ ਦਾ ਐਕਸ-ਰੇਅ ਕਰੇਗੀ: ਰਾਹੁਲ
ਨਵੀਂ ਦਿੱਲੀ, 12 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਾਤੀ ਆਧਾਰਿਤ ਜਨਗਣਨਾ ਰਾਹੀਂ ਦੇਸ਼ ਦਾ ਐਕਸ-ਰੇਅ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਉਸ ਨੂੰ ਟੈਂਪੂ ਵਾਲੇ ਅਰਬਪਤੀਆਂ ਤੋਂ ਮਿਲੇ ਨੋਟ ਗਿਣ ਰਹੀ ਹੈ ਤਾਂ ਕਾਂਗਰਸ ਬਰਾਬਰੀ ਯਕੀਨੀ ਬਣਾਉਣ ਲਈ ਜਾਤੀ ਆਧਾਰਿਤ ਜਨਗਣਨਾ ਕਰਾਏਗੀ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀਆਂ ਉਨ੍ਹਾਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਕਾਂਗਰਸ ਨੂੰ ਅਡਾਨੀ ਤੇ ਅੰਬਾਨੀ ਤੋਂ ਟੈਂਪੂਆਂ ’ਚ ਭਰ-ਭਰ ਕੇ ਨਕਦੀ ਹਾਸਲ ਹੋ ਰਹੀ ਹੈ। ਇਸੇ ਦੌਰਾਨ ਕਾਂਗਰਸ ਆਗੂ ਨੇ ਅੱਜ ਮਾਂ ਦਿਵਸ ਮੌਕੇ ਸਾਰੀਆਂ ਮਾਵਾਂ ਨੂੰ ਪ੍ਰਣਾਮ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਰਾਹੁਲ ਨੇ ‘ਐਕਸ’ ’ਤੇ ਇੱਕ ਪੋਸਟ ’ਚ ਕਿਹਾ, ‘ਉਹ ਪਿਛਲੇ 10 ਸਾਲਾਂ ਤੋਂ ਟੈਂਪੂ ਵਾਲੇ ਅਰਬਪਤੀਆਂ ਤੋਂ ਮਿਲੇ ਨੋਟ ਗਿਣ ਰਹੇ ਹਨ। ਅਸੀਂ ਜਾਤੀ ਆਧਾਰਿਤ ਜਨਗਣਨਾ ਰਾਹੀਂ ਦੇਸ਼ ਦਾ ਐਕਸ-ਰੇਅ ਕਰਾਂਗੇ ਅਤੇ ਹਰ ਵਰਗ ਲਈ ਬਰਾਬਰ ਹਿੱਸੇਦਾਰੀ ਯਕੀਨੀ ਬਣਾਵਾਂਗੇ।’ ਉਨ੍ਹਾਂ ਪਾਰਟੀ ਦਾ ਇੱਕ ਇਸ਼ਤਿਹਾਰ ਵੀ ਸਾਂਝਾ ਕੀਤਾ ਜੋ ਜਾਤੀ ਆਧਾਰਿਤ ਜਨਗਣਨਾ ਦੇ ਮੁੱਦੇ ’ਤੇ ਸਰਕਾਰ ’ਤੇ ਹਮਲਾ ਕਰਦਾ ਹੈ। ਇਸੇ ਦੌਰਾਨ ਰਾਹੁਲ ਨੇ ਮਾਂ ਦਿਵਸ ਮੌਕੇ ਸਾਰੀਆਂ ਮਾਵਾਂ ਨੂੰ ਪ੍ਰਣਾਮ ਕੀਤਾ ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। -ਪੀਟੀਆਈ
ਪ੍ਰਧਾਨ ਮੰਤਰੀ ਹੁਣ ਤੱਕ ਬਹਿਸ ਲਈ ਹਿੰਮਤ ਨਾ ਦਿਖਾ ਸਕੇ: ਕਾਂਗਰਸ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੱਕ ਰਾਹੁਲ ਗਾਂਧੀ ਨਾਲ ਬਹਿਸ ਦਾ ਸੱਦਾ ਸਵੀਕਾਰ ਕਰਨ ਦੀ ਹਿੰਮਤ ਨਹੀਂ ਦਿਖਾਈ। ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘ਪ੍ਰਧਾਨ ਮੰਤਰੀ ਨਾਲ ਬਹਿਸ ਦਾ ਸੱਦਾ ਸਵੀਕਾਰ ਕਰਦਿਆਂ ਰਾਹੁਲ ਗਾਂਧੀ ਵੱਲੋਂ ਪੱਤਰ ਲਿਖੇ ਨੂੰ ਇੱਕ ਦਿਨ ਬੀਤ ਚੁੱਕਾ ਹੈ। ਅਖੌਤੀ 56 ਇੰਚ ਦੇ ਸੀਨੇ ਨੇ ਹੁਣ ਤੱਕ ਸੱਦਾ ਸਵੀਕਾਰ ਕਰਨ ਦੀ ਹਿੰਮਤ ਨਹੀਂ ਦਿਖਾਈ।’ ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਜਾ ਰਹੀਆਂ ਇੰਟਰਵਿਊਜ਼ ਨੂੰ ਵੀ ‘ਸਪਾਂਸਰਡ’ ਦੱਸਿਆ। ਮੋਦੀ ਨੂੰ ਅਹੁਦਾ ਛੱਡ ਦੇ ਜਾਣ ਵਾਲਾ ਪ੍ਰਧਾਨ ਮੰਤਰੀ ਦੱਸਦਿਆਂ ਰਮੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਅਖ਼ਬਾਰਾਂ ਤੇ ਟੀਵੀ ਚੈਨਲਾਂ ਨੂੰ ਦਿੱਤੀਆਂ ਜਾ ਰਹੀਆਂ ਇੰਟਰਵਿਊਜ਼ ‘ਪਹਿਲਾਂ ਤੋਂ ਯੋਜਨਾਬੱਧ’ ਹਨ।