ਚੱਬੇਵਾਲ ਉਪ ਚੋਣ ’ਚ ਕਾਂਗਰਸ ਜਿੱਤੇਗੀ: ਰਾਣਾ ਗੁਰਜੀਤ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 10 ਨਵੰਬਰ
ਚੱਬੇਵਾਲ ਵਿਧਾਨ ਸਭਾ ਦੇ ਇੰਚਾਰਜ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਚੱਬੇਵਾਲ ਉਪ ਚੋਣ ’ਚ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਖੇਤੀ ਪ੍ਰਧਾਨ ਇਲਾਕਾ ਹੁੰਦੇ ਹੋਏ ਵੀ ਇੱਥੇ ਕੋਈ ਵੀ ਐਗਰੋ ਇੰਡਸਟਰੀ ਨਾ ਹੋਣਾ ਦੁਖਦਾਇਕ ਹੈ। ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਦੀ ਨਕਾਰਾ ਕਾਰਗੁਜ਼ਾਰੀ ਦਾ ਆਲਮ ਇਹ ਹੈ ਕਿ ਨਾ ਇੱਥੇ ਢੰਗ ਦੀਆਂ ਸੜਕਾਂ ਹਨ ਨਾ ਕੋਈ ਸਹੀ ਢੰਗ ਦੀਆਂ ਸਿਹਤ ਸੁਵਿਧਾਵਾਂ। ਇਸ ਗੱਲ ਦਾ ਖੁਲਾਸਾ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ਕ ਡਾ. ਰਾਜ ਕਾਂਗਰਸ ਤੋਂ ਦੋ ਵਾਰ ਵਿਧਾਇਕ ਬਣੇ ਪਰ ਨਾ ਉਹ ਕਾਂਗਰਸ ਸਰਕਾਰ ਵੇਲੇ ਚੱਬੇਵਾਲ ਦਾ ਵਿਕਾਸ ਕਰਵਾ ਸਕੇ ਤਾਂ ਨਾ ਭਗਵੰਤ ਮਾਨ ਸਰਕਾਰ ਤੋਂ।
ਰਾਣਾ ਗੁਰਜੀਤ ਨੇ ਕਿਹਾ ਕਿ ਜਿਸ ਹਲਕੇ ਵਿੱਚ ਜ਼ਿਮਨੀ ਚੋਣ ਹੋਣੀ ਹੁੰਦੀ ਹੈ ਉਥੇ ਤਾਂ ਮੌਜੂਦਾ ਸਰਕਾਰ ਅਤੇ ਹਲਕਾ ਇੰਚਾਰਜ ਵਿਕਾਸ ਕਾਰਜਾਂ ਦੀ ਝੜੀ ਲਗਾ ਕੇ ਹਲਕੇ ਦੀ ਨੁਹਾਰ ਬਦਲ ਦਿੰਦਾ ਹੈ ਪਰ ਅਫ਼ਸੋਸ ਡਾ. ਰਾਜ ਕੁਮਾਰ ਹਰ ਮੋਰਚੇ ’ਤੇ ਫੇਲ੍ਹ ਸਾਬਤ ਹੋਏ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਰਿਮੋਟ ਨਾਲ ਚੱਲ ਰਹੇ ਮੁੱਖ ਮੰਤਰੀ ਨੇ ਅਰਬਾਂ ਰੁਪਏ ਦਾ ਪੰਜਾਬ ’ਤੇ ਕਰਜ਼ ਚਾੜ੍ਹ ਦਿੱਤਾ ਅਤੇ ਵਿਸ਼ਵ ਬੈਂਕ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਹੁਣ ਤਾਂ ਸਰਕਾਰੀ ਜ਼ਮੀਨਾਂ ਵੇਚ ਕੇ ਸਰਕਾਰ ਚਲਾਉਣ ਦੀਆਂ ਸਕੀਮਾਂ ਨੇ ਪੰਜਾਬ ਵਾਸੀਆਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਪਛਤਾ ਰਹੇ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਣਜੀਤ ਕੁਮਾਰ, ਸਾਬਕਾ ਸਰਪੰਚ ਸੋਢੀ ਬਡਿਆਲ, ਪੱਪੂ ਅਜੜਾਮ, ਬਲਦੇਵ ਸਿੰਘ ਫੁਗਲਾਮਾ ਮੌਜੂਦ ਸਨ।