For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਸੱਤਾ ’ਚ ਆਈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਂਗੇੇ: ਰਾਹੁਲ

07:15 AM Apr 14, 2024 IST
ਕਾਂਗਰਸ ਸੱਤਾ ’ਚ ਆਈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਂਗੇੇ  ਰਾਹੁਲ
ਮਹਾਰਾਸ਼ਟਰ ਦੇ ਸਕੋਲੀ ’ਚ ਰਾਹੁਲ ਗਾਂਧੀ ਨੂੰ ਸਨਮਾਨਿਤ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਪੀਟੀਆਈ
Advertisement

ਬਸਤਰ/ਸਕੋਲੀ, 13 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਮਗਰੋਂ ਕੇਂਦਰ ਦੀ ਸੱਤਾ ਵਿਚ ਆਈ ਤਾਂ ਉਹ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫੌਰੀ ਜਾਤੀ ਜਨਗਣਨਾ ਵੀ ਕਰਵਾਈ ਜਾਵੇਗੀ। ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਅਤੇ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਸਕੋਲੀ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਮਗਰੋਂ ਕਿਸਾਨਾਂ ਦੇ ਕਰਜ਼ਿਆਂ ’ਤੇ ਲੀਕ ਮਾਰੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਅੱਜ ਬੇਰੁਜ਼ਗਾਰੀ ਤੇ ਮਹਿੰਗਾਈ ਜਿਹੇ ਮੁੱਦੇ ਦਰਪੇਸ਼ ਹਨ, ਪਰ ਮੀਡੀਆ ਵੱਲੋਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰਧਾਨ ਮੰਤਰੀ ਤੇ ਹੋਰ ਸਿਲੈਬਰਿਟੀਜ਼ ਦੇ ਪ੍ਰੋਗਰਾਮਾਂ ਵੱਲ ਧਿਆਨ ਕੇਂਦਰਤ ਕੀਤਾ ਜਾ ਰਿਹੈ। ਗਾਂਧੀ ਨੇ ਕਿਹਾ ਕਿ ਕੇਂਦਰ ਵਿਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਤੋਂ ਕਾਂਗਰਸ ਹਰੀ ਕ੍ਰਾਂਤੀ, ਸਫ਼ੇਦ ਕ੍ਰਾਂਤੀ, ਆਈਟੀ ਕ੍ਰਾਂਤੀ ਤੇ ਬੈਂਕਾਂ ਦੇ ਰਾਸ਼ਟਰੀਕਰਨ ਲਈ ਕੰਮ ਕਰ ਰਹੀ ਹੈ ਤੇ ਸੱਤਾ ਵਿਚ ਆਉਣ ਮਗਰੋਂ ਅਜਿਹੇ ਹੋਰ ਕਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕੇਂਦਰ ਦੀ ਅਗਨੀਪਥ ਸਕੀਮ ਨੂੰ ਵੀ ਭੰਡਿਆ। ਬਸਤਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅਗਾਮੀ ਲੋਕ ਸਭਾ ਚੋਣਾਂ ਨੂੰ ਦੋ ਵਿਚਾਰਧਾਰਾਵਾਂ ਦੀ ਲੜਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਜਮਹੂਰੀਅਤ ਨੂੰ ਬਚਾਉਣ ਵਾਲੇ ਤੇ ਦੂਜੇ ਪਾਸੇ ਇਸ ਨੂੰ ਤਬਾਹ ਕਰਨ ਵਾਲੇ ਹਨ। ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ’ਤੇ ਹਮਲੇ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅਯੁੱਧਿਆ ਵਿਚ ਰਾਮ ਮੰਦਿਰ ’ਚ ਪ੍ਰਾਣ ਪ੍ਰਤਿਸ਼ਠਾ (ਮੂਰਤੀ ਸਥਾਪਨਾ) ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਹ ਆਦਿਵਾਸੀ ਹਨ।

Advertisement

ਪਾਰਟੀ ਵਰਕਰਾਂ ਦਾ ਸਵਾਗਤ ਕਬੂਲਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਉਨ੍ਹਾਂ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਗਾਂਧੀ ਨੇ ਕਿਹਾ, ‘‘ਮੋਦੀ ਜੀ ‘ਆਦਿਵਾਸੀ’ ਸ਼ਬਦ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਸੀਂ ਤੁਹਾਨੂੰ (ਕਬਾਇਲੀਆਂ) ਆਦਿਵਾਸੀ ਕਹਿੰਦੇ ਹਾਂ, ਪਰ ਉਹ ਤੁਹਾਡੇ ਲਈ ‘ਵਨਵਾਸੀ’ ਸ਼ਬਦ ਵਰਤਦੇ ਹਨ। ਵਨਵਾਸੀ ਤੇ ਆਦਿਵਾਸੀ ਸ਼ਬਦਾਂ ਵਿਚ ਵੱਡਾ ਫ਼ਰਕ ਹੈ। ‘ਆਦਿਵਾਸੀ’ ਸ਼ਬਦ ਦਾ ਡੂੰਘਾ ਅਰਥ ਹੈ। ਇਹ ਸ਼ਬਦ ਜਲ, ਜੰਗਲ ਤੇ ਜ਼ਮੀਨ ’ਤੇ ਤੁਹਾਡੇ ਅਧਿਕਾਰ ਨੂੰ ਦਰਸਾਉਂਦਾ ਹੈ ਜਦੋਂਕਿ ਵਨਵਾਸੀ ਦਾ ਮਤਲਬ ਹੈ ਜਿਹੜੇ ਲੋਕ ਜੰਗਲ ਵਿਚ ਰਹਿੰਦੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਵੱਲੋਂ ਆਦਿਵਾਸੀਆਂ ਦੇ ਧਰਮ, ਵਿਚਾਰਧਾਰਾ ਤੇ ਇਤਿਹਾਸ ’ਤੇ ਹਮਲੇ ਕੀਤੇ ਜਾ ਰਹੇ ਹਨ। ਗਾਂਧੀ ਨੇ ਕਿਹਾ ਕਿ ਭਾਜਪਾ ਤੁਹਾਡੀਆਂ ਜ਼ਮੀਨਾਂ ਧਨਾਢਾਂ ਨੂੰ ਦੇ ਰਹੀ ਹੈ। ਉਨ੍ਹਾਂ ਕਿਹਾ, ‘‘ਭਾਰਤ ਦੀ ਰਾਸ਼ਟਰਪਤੀ ਨੂੰ ਅਯੁੱਧਿਆ ਵਿਚ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਹ ਆਦਿਵਾਸੀ ਸੀ। ਮੋਦੀ ਜੀ ਨੇ ਦੇਸ਼ ਨੂੰ ਇਹ ਸੁਨੇਹਾ ਦਿੱਤਾ ਤੇ ਉਨ੍ਹਾਂ ਦੀ ਇਹੀ ਸੋਚ ਹੈ।’’
ਕਾਂਗਰਸ ਦੇ ਚੋਣ ਵਾਅਦਿਆਂ ’ਤੇ ਰੌਸ਼ਨੀ ਪਾਉਂਦੇ ਹੋਏ ਗਾਂਧੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਫੌਰੀ ਮਗਰੋਂ ਦੇਸ਼ ਵਿਚ ਜਾਤੀ ਜਨਗਣਨਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ, ‘‘ਅਸੀਂ 30 ਲੱਖ ਖਾਲੀ ਸਰਕਾਰੀ ਨੌਕਰੀਆਂ ਲਈ ਭਰਤੀ ਕਰਾਂਗੇ ਤੇ ਸੱਤਾ ਵਿਚ ਆਉਣ ’ਤੇ ਨੌਜਵਾਨਾਂ ਲਈ ਅਪਰੈਂਟਿਸਸ਼ਿਪ ਸ਼ੁਰੂ ਕੀਤੀ ਜਾਵੇਗੀ।’’ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਵਿਚ 22 ਕਾਰੋਬਾਰੀਆਂ ਨੇ 70 ਕਰੋੜ ਭਾਰਤੀਆਂ ਦੇ ਬਰਾਬਰ ਧਨ ਦੌਲਤ ਇਕੱਤਰ ਕੀਤੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×