ਦਿੱਲੀ ਆਰਡੀਨੈਂਸ ਦਾ ਸਮਰਥਨ ਨਹੀਂ ਕਰੇਗੀ ਕਾਂਗਰਸ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੁਲਾਈ
ਕਾਂਗਰਸ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਉਹ ਦਿੱਲੀ ਵਿੱਚ ਸੇਵਾਵਾਂ ਦੇ ਕੰਟਰੋਲ ਲਈ ਕੇਂਦਰ ਸਰਕਾਰ ਦੇ ਆਰਡੀਨੈਂਸ ਦਾ ਸਮਰਥਨ ਨਹੀਂ ਕਰੇਗੀ ਅਤੇ ਦੇਸ਼ ਵਿੱਚ ਸੰਘੀ ਢਾਂਚੇ ਨੂੰ ਤਹਿਸ-ਨਹਿਸ ਕਰਨ ਵਰਗੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਜਾਵੇਗਾ। ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਦਾ ਰੁਖ਼ ਸਾਫ ਹੈ ਕਿ ਵਿਰੋਧੀ ਦਲਾਂ ਵੱਲੋਂ ਸ਼ਾਸਿਤ ਸੂਬਿਆਂ ਵਿੱਚ ਰਾਜਪਾਲਾਂ ਜ਼ਰੀਏ ਦਖਲਅੰਦਾਜ਼ੀ ਕਰਨ ਦੇ ਕੇਂਦਰ ਸਰਕਾਰ ਦੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਜਦੋਂ ਦਿੱਲੀ ਆਰਡੀਨੈਂਸ ਨੂੰ ਪੇਸ਼ ਕੀਤਾ ਜਾਵੇਗਾ ਤਾਂ ਕਾਂਗਰਸ ਵੱਲੋਂ ਆਰਡੀਨੈਂਸ ਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀ ਸੰਘਵਾਦ ਨੂੰ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਯਤਨਾਂ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਾਂ। ਸਾਡਾ ਰੁਖ਼ ਸਪਸ਼ਟ ਹੈ। ਅਸੀ ਦਿੱਲੀ ਆਰਡੀਨੈਂਸ ਦਾ ਸਮਰਥਨ ਨਹੀਂ ਕਰਾਂਗੇ।’ ਇਸ ਦੇ ਨਾਲ ਹੀ ਸੋਮਵਾਰ ਨੂੰ ਬੰਗਲੂਰੂ ਵਿੱਚ ਸ਼ੁਰੂ ਹੋਣ ਵਾਲੀ ਵਿਰੋਧੀ ਦਲਾਂ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਲਈ ਰਾਹ ਪੱਧਰਾ ਹੋ ਗਿਆ ਹੈ। ‘ਆਪ’ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਦਿੱਲੀ ਆਰਡੀਨੈਂਸ ਬਾਰੇ ਕਾਂਗਰਸ ਪਾਰਟੀ ਆਪਣਾ ਸਟੈਂਡ ਸਪਸ਼ਟ ਕਰੇ ਅਤੇ ਇਸ ਤੋਂ ਬਾਅਦ ਹੀ ਉਹ ਵਿਰੋਧੀ ਦਲਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਬਾਰੇ ਫੈਸਲਾ ਕਰੇਗੀ।
ਬੰਗਲੂਰੂ ਮੀਟਿੰਗ ’ਚ ਸ਼ਾਮਲ ਹੋਵੇਗੀ ‘ਆਪ’
ਬੰਗਲੂਰੂ ਵਿੱਚ ਸੋਮਵਾਰ ਨੂੰ ਵਿਰੋਧੀ ਧਿਰਾਂ ਦੀ ਸ਼ੁਰੂ ਹੋਣ ਵਾਲੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਹ ਜਾਣਕਾਰੀ ਪਾਰਟੀ ਆਗੂ ਰਾਘਵ ਚੱਢਾ ਵੱਲੋਂ ਦਿੱਤੀ ਗਈ ਹੈ। ਕਾਬਿਲੇਗੌਰ ਹੈ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਅੱਜ ‘ਆਪ’ ਦੇ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਹੋਈ। ਇਸ ਮਗਰੋਂ ਬਿਆਨ ਜਾਰੀ ਕਰਦਿਆਂ ਰਾਘਵ ਚੱਢਾ ਨੇ ਕਾਂਗਰਸ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਇਕ ਸਕਾਰਾਤਮਕ ਕਦਮ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਪਾਰਟੀ ਲੀਡਰਸ਼ਿਪ ਵੱਲੋਂ ਬੰਗਲੂਰੂ ਮੀਟਿੰਗ ’ਚ ਸ਼ਮੂਲੀਅਤ ਕੀਤੀ ਜਾਵੇਗੀ ਜੋ ਕਿ ਸੋਮਵਾਰ ਨੂੰ ਰਾਤ ਦੇ ਭੋਜਨ ਮਗਰੋਂ ਸ਼ੁਰੂ ਹੋਵੇਗੀ। ਕਾਬਿਲੇਗੌਰ ਹੈ ਕਿ ਪਟਨਾ ਵਿੱਚ ਵਿਰੋਧੀ ਦਲਾਂ ਦੀ ਹੋਈ ਪਹਿਲੀ ਮੀਟਿੰਗ ਵਿੱਚ ਅਗਾਮੀਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰਾਂ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਅਹਿਦ ਲਿਆ ਗਿਆ ਸੀ। -ਪੀਟੀਆਈ
ਵਿਰੋਧੀ ਧਿਰਾਂ ਦੀ ਮੀਟਿੰਗ ਅੱਜ; 26 ਪਾਰਟੀਆਂ ਦੇ ਸ਼ਾਮਲ ਹੋਣ ਦੀ ਉਮੀਦ
ਨਵੀਂ ਦਿੱਲੀ: ਬੰਗਲੂਰੂ ਵਿੱਚ 17 ਜੁਲਾਈ ਤੋਂ ਵਿਰੋਧੀ ਪਾਰਟੀਆਂ ਦੀ ਹੋਣ ਵਾਲੀ ਦੋ ਰੋਜ਼ਾ ਮੀਟਿੰਗ ’ਚ 26 ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਮੀਟਿੰਗ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਖ਼ਿਲਾਫ਼ ਲੜਨ ਦੀ ਰਣਨੀਤੀ ਘੜੀ ਜਾਵੇਗੀ। ਇਸ ਤੋਂ ਪਹਿਲਾਂ 23 ਜੂਨ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਮੇਜ਼ਬਾਨੀ ਹੇਠ ਹੋਈ ਮੀਟਿੰਗ ’ਚ 15 ਪਾਰਟੀਆਂ ਸ਼ਾਮਲ ਹੋਈਆਂ ਸਨ। ਵਿਰੋਧੀ ਧਿਰ ਦੇ ਸੂਤਰਾਂ ਨੇ ਦੱਸਿਆ, ‘ਇਸ ਵਾਰ ਸਾਨੂੰ 26 ਪਾਰਟੀਆਂ ਦੇ ਆਗੂਆਂ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।’ ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਵਿਰੋਧੀ ਪਾਰਟੀਆਂ ਦੇਸ਼ ਭਰ ਵਿੱਚ ਭਾਜਪਾ ਦੀਆਂ ਨੀਤੀਆਂ ਖ਼ਿਲਾਫ਼ ਸਾਂਝੇ ਰੋਸ ਮੁਜ਼ਾਹਰੇ ਦੀ ਯੋਜਨਾ ਬਾਰੇ ਚਰਚਾ ਕਰਨਗੀਆਂ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਕਿਹਾ ਕਿ ਇਹ ਫ਼ੈਸਲਾਕੁਨ ਮੀਟਿੰਗ ਹੋਵੇਗੀ ਤੇ ਇਸ ਦੌਰਾਨ ਕਈ ਮਸਲਿਆਂ ’ਤੇ ਚਰਚਾ ਕੀਤੀ ਜਾਵੇਗੀ। -ਪੀਟੀਆਈ