ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ 50 ਸੀਟਾਂ ਵੀ ਨਹੀਂ ਜਿੱਤ ਸਕੇਗੀ: ਮੋਦੀ

07:25 AM May 12, 2024 IST
featuredImage featuredImage
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੜੀਸਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਫੂਲਬਨੀ/ਬੋਲਨਗੀਰ/ਬਾਰਗੜ੍ਹ(ਉੜੀਸਾ), 11 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਕਾਂਗਰਸ ਲੋਕ ਸਭਾ ਚੋਣਾਂ ਵਿਚ 50 ਸੀਟਾਂ ਵੀ ਨਹੀਂ ਜਿੱਤ ਸਕੇਗੀ ਤੇ ਚੋਣਾਂ ਮਗਰੋਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਰੁਤਬਾ ਵੀ ਖੁੱਸ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੜੀਸਾ ਦੇ ਭਗਵਾਨ ਜਗਨਨਾਥ ਮੰਦਰ ਦੇ ‘ਰਤਨ ਭੰਡਾਰ’ ਦੀ ਗੁਆਚੀ ਹੋਈ ਸ਼ਾਨ ਬਹਾਲ ਕੀਤੀ ਜਾਵੇਗੀ। ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਨਿਸ਼ਾਨਾ ਬਣਾਉਂਦਿਆ ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਉੜੀਸਾ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਉੜੀਆ ਭਾਸ਼ਾ ਤੇ ਸਭਿਆਚਾਰ ਦੀ ਸਮਝ ਰੱਖਣ ਵਾਲੇ ਇਥੋਂ ਦੇ ਧੀ/ਪੁੱਤ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਸ੍ਰੀ ਮੋਦੀ ਉੜੀਸਾ ਵਿਚ ਕੰਧਮਾਲ, ਬੋਲਨਗੀਰ ਤੇ ਬਾਰਗੜ੍ਹ ਲੋਕ ਸਭਾ ਸੀਟਾਂ ਲਈ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਉੜੀਸਾ ਦਾ ‘ਗੌਰਵ’ ਖ਼ਤਰੇ ਵਿਚ ਹੈ ਤੇ ਭਾਜਪਾ ਇਸ ਦੀ ਰਾਖੀ ਕਰੇਗੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੂਬੇ ਵਿਚ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਬਣੇਗੀ ਅਤੇ ‘ਇਸ ਧਰਤੀ ਦੇ ਧੀ ਜਾਂ ਪੁੱਤ, ਜਿਸ ਨੂੰ ਉੜੀਆ ਭਾਸ਼ਾ ਤੇ ਸੱਭਿਆਚਾਰ ਦੀ ਸਮਝ ਹੋਵੇ, ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਉਨ੍ਹਾਂ ਬੀਜੂ ਜਨਤਾ ਦਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ,‘ਜਿਨ੍ਹਾਂ ਲੋਕਾਂ ਨੇ ਸੂਬੇ ਵਿਚ ਕੁਦਰਤੀ ਸਰੋਤਾਂ ਦਾ ਅੰਬਾਰ ਹੋਣ ਦੇ ਬਾਵਜੂਦ ਲੋਕਾਂ ਨੂੰ ਗਰੀਬ ਰੱਖਿਆ, ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਲੋੜ ਹੈ।’ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ‘‘ਕਾਂਗਰਸ ਨੂੰ ਲੋਕ ਸਭਾ ਵਿਚ ਪ੍ਰਮੁੱਖ ਵਿਰੋਧੀ ਧਿਰ ਬਣਨ ਲਈ ਲੋੜੀਂਦੀਆਂ 10 ਫੀਸਦ ਸੀਟਾਂ ਵੀ ਨਹੀਂ ਮਿਲਣਗੀਆਂ। ਉਹ 50 ਸੀਟਾਂ ਵੀ ਨਹੀਂ ਜਿੱਤਣਗੇ।’’ ਰਾਹੁਲ ਗਾਂਧੀ ’ਤੇ ਤਨਜ਼ ਕਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਦਾ ਸ਼ਹਿਜ਼ਾਦਾ 2014 ਦੀਆਂ ਚੋਣਾਂ ਤੋਂ ਇਕੋ ਰਾਗ ਅਲਾਪ ਰਿਹਾ ਹੈ...ਮੇਰੀ ਗੱਲ ਨੋਟ ਕਰ ਲਵੋ, ਐੱਨਡੀਏ ਸਾਰੇ ਰਿਕਾਰਡ ਤੋੜੇਗਾ ਤੇ ਐਤਕੀਂ 400 ਤੋਂ ਵੱਧ ਸੀਟਾਂ ਨਾਲ ਜਿੱਤੇਗਾ।’’
ਸ੍ਰੀ ਮੋਦੀ ਨੇ 2013 ਦੀ ਇਕ ਘਟਨਾ ਦੇ ਹਵਾਲੇ ਨਾਲ ਕਿਹਾ ਕਿ ‘ਸ਼ਹਿਜ਼ਾਦੇ’ ਵੱਲੋਂ ਮਨਮੋਹਨ ਸਿੰਘ ਕੈਬਨਿਟ ਦੇ ਇਕ ਦਸਤਾਵੇਜ਼ ਨੂੰ ਪਾੜਨਾ ਸੰਵਿਧਾਨ ਦਾ ਨਿਰਾਦਰ ਸੀ। ਪ੍ਰਧਾਨ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਿਛਲੀ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਕਿਹਾ ਕਿ 26 ਸਾਲ ਪਹਿਲਾਂ ਅੱਜ ਦੇ ਦਿਨ ਪੋਖਰਣ ਵਿਚ ਪ੍ਰਮਾਣੂ ਤਜਰਬਾ ਕੀਤਾ ਗਿਆ ਸੀ, ਜਿਸ ਨਾਲ ਆਲਮੀ ਪੱਧਰ ’ਤੇ ਭਾਰਤ ਦੀ ਤਸਵੀਰ ਬਦਲੀ।
ਸ੍ਰੀ ਮੋਦੀ ਨੇ ਕਿਹਾ, ‘‘ਕਾਂਗਰਸ ਨੇ ਹਮੇਸ਼ਾ ਭਾਰਤ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ...ਇਸੇ ਪ੍ਰਵਿਰਤੀ ਕਰਕੇ ਜੰਮੂ ਕਸ਼ਮੀਰ ਵਿਚ ਕਈ ਸਾਲਾਂ ਤੱਕ ਅਤਿਵਾਦ ਦੇਖਣ ਨੂੰ ਮਿਲਿਆ। ਦਹਿਸ਼ਤਗਰਦਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਥਾਂ ਕਾਂਗਰਸ ਆਪਣੇ ਵੋਟ ਬੈਂਕ ਨੂੰ ਬਚਾਉਣ ਖਾਤਰ ਉਨ੍ਹਾਂ ਨਾਲ ਗੱਲਬਾਤ ਕਰਦੀ ਰਹੀ। ਦੂਜੇ ਪਾਸੇ ਵਾਜਪਾਈ ਸਰਕਾਰ ਨੇ ਕੁੱਲ ਆਲਮ ਨੂੰ ਦਿਖਾਇਆ ਕਿ ਕਿਵੇਂ ਭਾਰਤ ਨੇ ਆਪਣੀ ਸੁਰੱਖਿਆ ਯਕੀਨੀ ਬਣਾਈ। ਐੱਨਆਰਆਈ ਪੋਖਰਣ ਟੈਸਟ ’ਤੇ ਮਾਣ ਮਹਿਸੂਸ ਕਰਦੇ ਹਨ...ਉਸ ਦਿਨ ਭਾਰਤ ਨੇ ਕੁੱਲ ਆਲਮ ਨੂੰ ਆਪਣੀ ਸਮਰਥਾ ਦਿਖਾਈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਦੀ ਲੋਕਾਂ ਦੀ 500 ਸਾਲਾਂ ਦੀ ਉਡੀਕ ਖ਼ਤਮ ਕੀਤੀ।
ਉਨ੍ਹਾਂ ਕਿਹਾ ਕਿ ਭਾਜਪਾ ਉੜੀਆ ਭਾਸ਼ਾ ਤੇ ਸਭਿਆਚਾਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਭੁਬਨੇਸ਼ਵਰ ਵਿਚ 10 ਜੂਨ ਨੂੰ ਭਾਜਪਾ ਮੁੱਖ ਮੰਤਰੀ ਦੇ ਹਲਫ਼ਦਾਰੀ ਸਮਾਗਮ ਲਈ ਸੱਦਾ ਦੇਣ ਆਇਆ ਹਾਂ। ਇਸ ਧਰਤੀ ਦੇ ਧੀ ਜਾਂ ਪੁੱਤ, ਜਿਸ ਨੂੰ ਸੂਬੇ ਦੇ ਸਭਿਆਚਾਰ, ਭਾਸ਼ਾ ਤੇ ਰਵਾਇਤਾਂ ਦੀ ਸਮਝ ਹੋਵੇਗੀ, ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ।’’ ਸ੍ਰੀ ਮੋਦੀ ਨੇ ਤਾਮਿਲ ਨਾਡੂ ਨਾਲ ਸਬੰਧਤ ਬੀਜੇਡੀ ਆਗੂ ਵੀ.ਕੇ. ਪਾਂਡਿਅਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੂਬਾ ਸਰਕਾਰ ਠੇਕੇ ’ਤੇ ਦੇ ਦਿੱਤੀ ਹੈ ਤੇ ਸੂਬੇ ਨੂੰ ਬਾਹਰੋਂ ਆਏ ਲੋਕ ਚਲਾ ਰਹੇ ਹਨ।
ਉਨ੍ਹਾਂ ਕਿਹਾ, ‘‘ਇਕ ਸੁਪਰ ਸੀਐੱਮ ਹੈ, ਜੋ ਵਿਧਾਇਕਾਂ ਵੱਲੋਂ ਚੁਣੇ ਮੁੱਖ ਮੰਤਰੀ ਨਾਲੋਂ ਵੀ ਵੱਧ ਤਾਕਤ ਰੱਖਦਾ ਹੈ। ਕੀ ਉੜੀਸਾ ਦੇ ਧੀ ਤੇ ਪੁੱਤ ਸਰਕਾਰ ਚਲਾਉਣ ਦੇ ਕਾਬਲ ਨਹੀਂ ਹਨ?’’ -ਪੀਟੀਆਈ

Advertisement

Advertisement