ਹਰਿਆਣਾ ’ਚ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ: ਰਾਜਾ ਵੜਿੰਗ
ਪ੍ਰਭੂ ਦਿਆਲ
ਸਿਰਸਾ, 1 ਅਕਤੂਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਾਰਟੀ ਦੇ ਉਮੀਦਵਾਰਾਂ ਲਈ ਸਿਰਸਾ ਅਤੇ ਰਾਣੀਆਂ ਹਲਕਿਆਂ ’ਚ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਸ੍ਰੀ ਵੜਿੰਗ ਨੇ ਭਾਜਪਾ, ਹਲੋਪਾ, ਇਨੈਲੋ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਰਿਆਣਾ ’ਚ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ ਤੇੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਸ੍ਰੀ ਵੜਿੰਗ ਨੇ ਸਿਰਸਾ ’ਚ ਵੱਖ-ਵੱਖ ਥਾਵਾਂ ’ਤੇ ਗੋਕੁਲ ਸੇਤੀਆ ਦੇ ਹੱਕ ’ਚ ਚੋਣ ਜਲਸੇ ਕਰਨ ਮਗਰੋਂ ਰਾਣੀਆਂ ’ਚ ਕਾਂਗਰਸੀ ਉਮੀਦਵਾਰ ਸਰਵ ਮਿੱਤਰ ਕੰਬੋਜ ਦੇ ਹੱਕ ’ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਨਵੀਨ ਕੇਡੀਆ ਤੋਂ ਇਲਾਵਾ ਕੇਹਰ ਸਿੰਘ ਕੰਬੋਜ ਨੇ ਸਰਵ ਮਿੱਤਰ ਲਈ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ।
ਸ੍ਰੀ ਵੜਿੰਗ ਨੇ ਕਿਹਾ ਕਿ ਪਿਛਲੇ ਦਸ ਸਾਲਾਂ ’ਚ ਭਾਜਪਾ ਦੇ ਰਾਜ ਵਿੱਚ ਹਰਿਆਣਾ ਵਿਕਾਸ ਪੱਖੋਂ ਪਛੜ ਗਿਆ ਹੈ। ਇੱਥੋਂ ਚੋਣਾਂ ਜਿੱਤਦੇ ਹੀ ਗਾਇਬ ਹੋਣ ਵਾਲਿਆਂ ਨੇ ਸਿਰਸਾ ਦਾ ਕੋਈ ਵਿਕਾਸ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਦੌਰਾਨ ਸੜਕਾਂ, ਸੀਵਰੇਜ, ਬਿਜਲੀ ਅਤੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇੱਥੋਂ ਦੇ ਆਗੂ ਆਪਣੇ ਫ਼ਾਇਦੇ ਲਈ ਹੀ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਪੈਸੇ ਦੇ
ਜ਼ੋਰ ’ਤੇ ਹੀ ਚੋਣਾਂ ਜਿੱਤਣਾ ਚਾਹੁੰਦੇ ਹਨ ਪਰ ਸਿਰਸਾ ਦੇ ਲੋਕ ਅਜਿਹੇ ਲੋਕਾਂ ਨੂੰ ਸਬਕ ਸਿਖਾਉਣਗੇ।