ਘੱਗਾ ਨਗਰ ਪੰਚਾਇਤ ’ਤੇ ਕਾਬਜ਼ ਹੋਵੇਗੀ ਕਾਂਗਰਸ: ਰਾਜਾ ਵੜਿੰਗ
ਰਵੇਲ ਸਿੰਘ ਭਿੰਡਰ
ਘੱਗਾ, 16 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਬਦਲਾਅ ਦੇ ਨਾਂ ਹੇਠ ਪੰਜਾਬੀਆਂ ਨੇ ‘ਆਪ’ ਨੂੰ ਸੱਤਾ ਸੌਂਪ ਦਿੱਤੀ ਸੀ, ਜਦੋਂ ਕਿ ਹੁਣ ਲੋਕ ਸਿਆਣਪ ਵਿਖਾਉਣਗੇ ਤੇ ਕਾਂਗਰਸ ਪ੍ਰਤੀ ਮੁੜ ਉਲਾਰ ਹੋਏ ਹਨ| ਇਹ ਪ੍ਰਗਟਾਵਾ ਉਨ੍ਹਾਂ ਘੱਗਾ ਨਗਰ ਪੰਚਾਇਤ ਦੀ ਚੋਣ ਲਈ ਕਾਂਗਰਸ ਦੀ ਤਰਫੋਂ ਚੋਣ ਲੜ ਰਹੇ ਵੱਖ-ਵੱਖ ਉਮੀਦਵਾਰਾਂ ਨਾਲ ਮਿਲਣੀ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ| ਉਨ੍ਹਾਂ ਆਖਿਆ ਕਿ ਮਾੜੇ ਵੇਲੇ ਜਿਹੜੇ ਲੋਕ ਪਾਰਟੀ ਨਾਲ ਖੜ੍ਹੇ ਹਨ, ਪਾਰਟੀ ਹਮੇਸ਼ਾਂ ਉਨ੍ਹਾਂ ਲਈ ਚੱਟਾਨ ਵਾਂਗ ਖੜ੍ਹੀ ਰਹੇਗੀ| ਉਨ੍ਹਾਂ ਸੱਤਾ ਧਿਰ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਘੱਗਾ ਕਮੇਟੀ ’ਤੇ ਕਾਂਗਰਸ ਕਾਬਜ਼ ਹੋਵੇਗੀ ਅਤੇ ਜੇਕਰ ਸੱਤਾ ਧਿਰ ਨੇ ਧੱਕਾ ਕੀਤਾ ਤਾਂ ਕਾਂਗਰਸੀ ਡਟਕੇ ਜਵਾਬ ਦੇਣਗੇ| ਉਨ੍ਹਾਂ ਕਾਂਗਰਸੀ ਖੇਮੇ ਨੂੰ ਚੋਣ ਪਿੜ ’ਚ ਡਟੇ ਰਹਿਣ ਦਾ ਸੱਦਾ ਵੀ ਦਿੱਤਾ| ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਕਾਂਗਰਸੀ ਆਗੂ ਦਰਬਾਰਾ ਸਿੰਘ ਤੇ ਚਮਨ ਲਾਲ ਕਲਵਾਣੂੰ ਸਮੇਤ ਹੋਰ ਸਥਾਨਕ ਆਗੂ ਵੀ ਮੌਜੂਦ ਸਨ| ਕਾਂਗਰਸੀ ਉਮੀਦਵਾਰ ਹਰਪ੍ਰੀਤ ਕੌਰ ਨੇ ਸਾਰੇ ਆਗੂਆਂ ਦਾ ਸਵਾਗਤ ਕੀਤਾ| ਦੱਸਣਯੋਗ ਹੈ ਕਿ ਕਾਂਗਰਸ ਘੱਗਾ ਦੀ ਚੋਣ ਨੂੰ ਅਹਿਮ ਤੌਰ ’ਤੇ ਲੈ ਰਹੀ ਹੈ ਤੇ ਲੰਘੀ ਕੱਲ੍ਹ ਕਾਂਗਰਸ ਦੇ ਚੋਣ ਪ੍ਰਚਾਰ ਲਈ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਸਨ| ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਵੀ ਗੇੜਾ ਮਾਰ ਚੁੱਕੇ ਹਨ|