For the best experience, open
https://m.punjabitribuneonline.com
on your mobile browser.
Advertisement

ਫਰੀਦਕੋਟ ਹਲਕੇ ਵਿੱਚ ਅਮਰਜੀਤ ਕੌਰ ਸਾਹੋਕੇ ’ਤੇ ਦਾਅ ਖੇਡੇਗੀ ਕਾਂਗਰਸ!

09:38 AM Apr 22, 2024 IST
ਫਰੀਦਕੋਟ ਹਲਕੇ ਵਿੱਚ ਅਮਰਜੀਤ ਕੌਰ ਸਾਹੋਕੇ ’ਤੇ ਦਾਅ ਖੇਡੇਗੀ ਕਾਂਗਰਸ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਅਪਰੈਲ
ਲੋਕ ਸਭਾ ਚੋਣਾਂ ਲਈ ਪੰਜਾਬ ’ਚ ਸਿਆਸੀ ਪਾਰਾ ਚੜ੍ਹ ਗਿਆ ਹੈ। ਕਾਂਗਰਸ ਨੇ ਫ਼ਰੀਦਕੋਟ ਰਾਖਵਾਂ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਮੋਗਾ ਨਾਲ ਸਬੰਧਤ ਬੀਬੀ ਅਮਰਜੀਤ ਕੌਰ ਸਾਹੋਕੇ ’ਤੇ ਨਾਮ ’ਤੇ ਮੋਹਰ ਲਾ ਦਿੱਤੀ ਹੈ ਹਾਲਾਂਕਿ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਪਰ ਬੀਬੀ ਸਾਹੋਕੇ ਨੇ ਆਪਣੇ ਜੱਦੀ ਪਿੰਡ (ਜੋ ਕਵੀਸ਼ਰੀ ਦੇ ਮਹਾਂਕਵੀ ਬਾਬੂ ਰਜ਼ਬ ਅਲੀ ਦਾ ਪਿੰਡ ਵੀ ਹੈ) ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ
ਇਹ ਲੋਕ ਸਭਾ ਸੀਟ ਸੂਬੇ ਦੀਆਂ ਚਾਰੇ ਸਿਆਸੀ ਪਾਰਟੀਆਂ ਅਕਾਲੀ, ਭਾਜਪਾ, ‘ਆਪ’ ਤੇ ਕਾਂਗਰਸ ਲਈ ਸਭ ਤੋਂ ਵੱਡੀ ‘ਹੌਟ’ ਸੀਟ ਬਣੀ ਹੋਈ ਹੈ। ਇਸ ਹਲਕੇ ਤੋਂ ‘ਆਪ’ ਵੱਲੋਂ ਅਦਾਕਾਰ ਕਰਮਜੀਤ ਅਨਮੋਲ, ਭਾਜਪਾ ਵੱਲੋਂ ਅਦਾਕਾਰ ਹੰਸ ਰਾਜ ਹੰਸ, ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਧਰਮਕੋਟ ਤੇ ਬਸਪਾ ਵੱਲੋਂ ਐਡਵੋਕੇਟ ਗੁਰਬਖ਼ਸ ਸਿੰਘ ਚੌਹਾਨ ਚੋਣ ਮੈਦਾਨ ਵਿੱਚ ਹਨ। ਇਹ ਲੋਕ ਸਭਾ ਚੋਣਾਂ ਅਕਾਲੀ ਦਲ-ਕਾਂਗਰਸ ਦਾ ਭਵਿੱਖ ਤੈਅ ਕਰਨਗੀਆਂ। ਇਹ ਹਲਕਾ ਬਹੁਤਾਂ ਸਮਾਂ ਅਕਾਲੀ ਦਾ ਗੜ੍ਹ ਰਿਹਾ ਪਰ ਸਾਲ 2009 ਵਿੱਚ ਰਾਖਵਾਂ ਹੋਣ ਤੋਂ ਸਮੀਕਰਨ ਅਤੇ ਹਾਲਾਤ ਇਸ ਕਦਰ ਬਦਲੇ ਹਨ ਕਿ ਹੁਣ ਇਸ ਹਲਕੇ ’ਚ ਉਮੀਦਵਾਰ ਦੀ ਚੋਣ ਅਤੇ ਜਿੱਤ ਹਾਰ ਦਾ ਫੈਸਲਾ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਹੀ ਨਿਰਭਰ ਨਹੀਂ ਕਰਦਾ ਸਗੋਂ ਉਮੀਦਵਾਰ ਦੇ ਬਾਹਰੀ ਹੋਣ ਜਾਂ ਇਸੇ ਹਲਕੇ ਨਾਲ ਹੀ ਸਬੰਧਤ ਹੋਣ ਦਾ ਮੁੱਦਾ ਵੀ ਹਾਵੀ ਹੁੰਦਾ ਰਿਹਾ ਹੈ। ਇਸ ਕਾਰਨ ਅਕਾਲੀ ਦਲ ਨੇ ਇਸ ਹਲਕੇ ’ਚ ਪੈਂਦੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਰਾਜਵਿੰਦਰ ਸਿੰਘ ਤੇ ਕਾਂਗਰਸ ਨੇ ਇਸ ਹਲਕੇ ਦੀ ਵਸਨੀਕ ਬੀਬੀ ਅਮਰਜੀਤ ਕੌਰ ਸਾਹੋਕੇ ਅਤੇ ਬਸਪਾ ਨੇ ਇਸ ਹਲਕੇ ਦੇ ਵਸਨੀਕ ਐਡਵੋਕੇਟ ਗੁਰਬਖਸ਼ ਸਿੰਘ ਚੌਹਾਨ ’ਤੇ ਦਾਅ ਖੇਡਿਆ ਹੈ। ਅਕਾਲੀ ਦਲ ਤੇ ਕਾਂਗਰਸ ਪਾਰਟੀ ਵੱਲੋਂ ਇਸ ਵਾਰ ਕਿਸੇ ਬਾਹਰੀ ਉਮੀਦਵਾਰ ਦੀ ਬਜਾਏ ਸਥਾਨਕ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਕੁਝ ਸੰਭਾਵੀ ਉਮੀਦਵਾਰਾਂ ਦਾ ਸਰਵੇ ਕਰਵਾਇਆ ਗਿਆ ਸੀ ਜਦਕਿ ਇਸ ਹਲਕੇ ਤੋਂ ‘ਆਪ’ ਤੇ ਭਾਜਪਾ ਉਮੀਦਵਾਰ ਦੋਵੇਂ ਹੀ ਹਲਕੇ ਤੋਂ ਬਾਹਰਲੇ ਹਨ। ਦੋਵਾਂ ਪਾਰਟੀਆਂ ਵੱਲੋਂ ਭਾਜਪਾ ਤੇ ‘ਆਪ’ ਇਹ ਸੀਟ ਨਵੇਂ ਪੈਂਤੜੇ ਵਜੋਂ ਲੜੀ ਜਾ ਰਹੀ ਹੈ। ਕਈ ਕਾਂਗਰਸੀ ਤੇ ਅਕਾਲੀ ਆਗੂ ਪਾਰਟੀ ਨੂੰ ਅਲਵਿਦਾ ਆਖ ਕੇ ਇਨ੍ਹਾਂ ਪਾਰਟੀਆਂ ਵਿਚ ਸ਼ਾਮਲ ਹੋਏ ਹਨ। ਬੀਬੀ ਅਮਰਜੀਤ ਕੌਰ ਸਾਹੋਕੇ ਦਾ ਰਾਜਨੀਤਿਕ ਪਿਛੋਕੜ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਸਾਲ 2013 ਵਿੱਚ ਉਨ੍ਹਾਂ ਅਧਿਆਪਕਾ ਵਜੋਂ ਅਸਤੀਫ਼ਾ ਦਿੱਤਾ ਅਤੇ ਪੇਂਡੂ ਚੋਣਾਂ ’ਚ ਅਕਾਲੀ ਦਲ ਦੀ ਟਿਕਟ ’ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਬਣੇ ਅਤੇ ਉਹ ਇਥੇ ਸਾਲ 2013 ਤੋਂ 2018 ਤਕ ਜ਼ਿਲ੍ਹਾ ਪਰਿਸ਼ਦ ਦੇ ਚੇਅਰਪਰਸਨ ਵੀ ਰਹੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਬਣਾਇਆ ਪਰ ਚੋਣ ਹਾਰਨ ਮਗਰੋਂ ਉਨ੍ਹਾਂ ਅਤੇ ਪੰਜਾਬ ਪੁਲੀਸ ਵਿਚੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ ਸਿਆਸਤ ’ਚ ਆਏ ਪਤੀ ਭੂਪਿੰਦਰ ਸਿੰਘ ਸਾਹੋਕੇ ਨੇ ਵਿਧਾਨ ਸਭਾ ਹਲਕਾ ’ਚ ਸਿਆਸੀ ਸਰਗਰਮਰੀਆਂ ਜਾਰੀ ਰੱਖੀਆਂ ਪਰ ਅਕਾਲੀ ਦਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਅਕਾਲੀ ਦਲ ਨੇ ਟਿਕਟ ਤੋਂ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਉਹ ਕਾਂਗਰਸ ਵਿਚ ਚਲੇ ਗਏ। ਇਥੋਂ ਟਿਕਟ ਦੇ ਦਾਅਵੇਦਾਰ ਤੇ ਹਲਕਾ ਇੰਚਾਰਜ ਯੂਥ ਕਾਂਗਰਸ ਆਗੂ ਪਰਮਿੰਦਰ ਸਿੰਘ ਡਿੰਪਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪਾਰਟੀ ’ਤੇ ਤੰਨਜ਼ ਕੱਸਿਆ ਹੈ। ਉਨ੍ਹਾਂ ਆਖਿਆ ਕਿ ਪਿਛਲੇ 25 ਸਾਲ ਤੋਂ ਪਾਰਟੀ ਲਈ ਦਿਲੋਂ ਕੰਮ ਕੀਤਾ ਪਰ ਹੁਣ ਮਨ ਨੂੰ ਬਣਾ ਦੁੱਖ ਲੱਗਾ ਕਿ ਹੁਣ ਕਾਂਗਰਸ ਪਾਰਟੀ ਅਕਾਲੀ ਦਲ ਵਿਚੋਂ ਆਈ ਲੀਡਰਾਂ ਸਹਾਰੇ ਚੱਲੇਗੀ।

Advertisement

Advertisement
Author Image

Advertisement
Advertisement
×